ਬੈਂਕ ਕਰਮਚਾਰੀਆਂ ਤੇ ਛੋਟੇ ਨੋਟ ਨਾ ਦੇਣ ਦਾ ਇਲਜਾਮ ਲਗਾਇਆ, ਆਰ ਬੀ ਆਈ ਨੂੰ ਕੀਤੀ ਸ਼ਿਕਾਇਤ

ਐਸ ਏ ਐਸ ਨਗਰ, 25 ਸਤੰਬਰ (ਸ.ਬ.) ਸਥਾਨਕ ਫੇਜ਼-3ਬੀ2 ਵਿਖੇ ਸਥਿਤ ਕਰਨਾਟਕਾ ਬੈਂਕ ਦੇ ਅਧਿਕਾਰੀਆਂ ਵਲੋਂ ਆਪਣੇ ਇਕ ਪੁਰਾਣੇ ਗ੍ਰਾਹਕ ਨੂੰ ਛੋਟੀ ਕਰੰਸੀ ਦੇਣ ਦੇ ਨਾਂ ਤੇ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਜਨ ਟੈਲੀਮੈਟਿਕਸ ਦੇ ਐਮ. ਡੀ. ਅਮਰੀਕ ਸਿੰਘ ਸਾਜਨ ਨੇ ਦੱਸਿਆ ਕਿ ਉਨ੍ਹਾਂ ਦੀ ਫਰਮ ਕਰਨਾਟਕਾ ਬੈਂਕ ਦੀ ਕਾਫੀ ਲੰਬੇ ਸਮੇਂ ਤੋਂ ਗ੍ਰਾਹਕ ਚਲੀ ਆ ਰਹੀ ਹੈ| ਉਨ੍ਹਾਂ ਦੋਸ਼ ਲਾਇਆ ਸੀ ਕਿ ਕਰਨਾਟਕਾ ਬੈਂਕ ਦੇ ਅਧਿਕਾਰੀ ਉਸ ਨੂੰ ਲੋੜ ਪੈਣ ਤੇ ਛੋਟੀ ਕਰੰਸੀ ਨਹੀਂ ਦਿੰਦੇ| ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਇਸ ਬੈਂਕ ਵਿੱਚ ਦੁਕਾਨ ਦੀ ਸਾਰੀ ਆਮਦਨ ਜਮ੍ਹਾ ਕਰਵਾਉਂਦੇ ਆ ਰਹੇ ਹਨ ਪਰ ਜਦੋਂ ਉਨ੍ਹਾਂ ਨੂੰ 10, 20 ਜਾਂ 50 ਰੁਪਏ ਵਾਲੀ ਕਰੰਸੀ ਦੀ ਜ਼ਰੂਰਤ ਹੁੰਦੀ ਹੈ ਤਾਂ ਬੈਂਕ ਵਾਲੇ ਉਨ੍ਹਾਂ ਨੂੰ ਇਹ ਕਰੰਸੀ ਨਹੀਂ ਦਿੰਦੇ|
ਉਹਨਾਂ ਕਿਹਾ ਕਿ ਅੱਜ ਵੀ ਉਹ ਬੈਂਕ ਵਿੱਚ ਛੋਟੀ ਕਰੰਸੀ ਲੈਣ ਗਹੇ ਸੀ ਅਤੇ ਮੌਕੇ ਤੇ ਮੌਜੂਦ ਬੈਂਕ ਕਰਮਚਾਰੀ ਨੇ ਪਹਿਲਾਂ ਉਹਨਾਂ ਨੂੰ ਲੋੜ ਅਨੁਸਾਰ ਛੋਟੀ ਕਰੰਸੀ ਦੇਣ ਦਾ ਵਾਅਦਾ ਕੀਤਾ| ਜਦੋਂ ਉਹਨਾਂ ਨੇ ਬੈਂਕ ਅਧਿਕਾਰੀ ਨੂੰ 10 ਹਜ਼ਾਰ ਰੁਪਏ ਦੀ ਨਕਦੀ ਫੜ੍ਹਾ ਕੇ ਛੋਟੀ ਕਰੰਸੀ ਮੰਗੀ ਤਾਂ ਉਕਤ ਅਧਿਕਾਰੀ ਨੇ ਕਿਹਾ ਕਿ ਉੁਹ ਨਕਦੀ ਦੇ ਬਦਲੇ ਛੋਟੀ ਕਰੰਸੀ ਨਹੀਂ ਦੇ ਸਕਦੇ ਬਲਕਿ ਲੋੜੀਂਦੀ ਕਰੰਸੀ ਆਪਣੇ ਅਕਾਊਂਟ ਵਿਚੋਂ ਕਢਵਾਉਣੀ ਪਵੇਗੀ| ਉਹਨਾਂ ਕਿਹਾ ਕਿ ਉਹਨਾਂ ਨੇ ਉਸੇ ਵੇਲੇ ਆਪਣੀ ਦੁਕਾਨ ਵਿਚੋਂ ਆਪਣੀ ਚੈਕ ਬੁੱਕ ਮੰਗਵਾ ਕੇ ਉਕਤ ਅਧਿਕਾਰੀ ਨੂੰ ਹੀ ਚੈਕ ਭਰਨ ਲਈ ਕਿਹਾ| ਬੈਂਕ ਅਧਿਕਾਰੀ ਨੇ 10 ਹਜ਼ਾਰ ਰੁਪਏ ਦਾ ਚੈਕ ਭਰ ਕੇ ਅਮਰੀਕ ਸਿੰਘ ਤੋਂ ਹਸਤਾਖਰ ਕਰਵਾ ਲਏ ਅਤੇ ਕੈਸ਼ੀਅਰ ਨੂੰ ਲੋੜੀਂਦੀ ਛੋਟੀ ਕਰੰਸੀ ਦੇਣ ਲਈ ਕਿਹਾ| ਕੈਸ਼ੀਅਰ ਨੇ ਕਿਹਾ ਕਿ ਉਸ ਕੋਲ ਛੋਟੇ ਨੋਟ ਘੱਟ ਹਨ ਇਸ ਲਈ ਬੈਂਕ ਦੀ ਚੈਸਟ ਵਿਚੋਂ ਇਹ ਪੈਸੇ ਲਿਆਉਂਣੇ ਪੈਣਗੇ| ਬੈਂਕ ਅਧਿਕਾਰੀ ਕੁੱਝ ਸਮੇਂ ਬਾਅਦ 3 ਹਜ਼ਾਰ ਰੁਪਏ ਲੈ ਕੇ ਬਾਹਰ ਆਇਆ ਜਿਨ੍ਹਾਂ ਵਿੱਚ 20-20 ਅਤੇ 10-10 ਰੁਪਏ ਦੀ ਇਕ-ਇਕ ਗੱਟੀ ਸ਼ਾਮਲ ਸੀ|
ਉਹਨਾਂ ਦੱਸਿਆ ਕਿ ਇਸ ਮੌਕੇ ਪੱਤਰਕਾਰਾਂ ਦੀ ਮੌਜੂਦਗੀ ਵਿੱਚ ਕਰਨਾਟਕਾ ਬੈਂਕ ਦੇ ਅਧਿਕਾਰੀਆਂ ਨੇ ਕਿਹਾ ਕਿ 3 ਹਜ਼ਾਰ ਤੋਂ ਬਿਨਾਂ ਬਾਕੀ ਪੈਸੇ ਵੱਡੀ ਕਰੰਸੀ ਵਿੱਚ ਹੀ ਮਿਲਣਗੇ| ਜਦੋਂ ਉਹਨਾਂ ਨੇ ਇਸ ਤੇ ਇਤਰਾਜ ਜਤਾਇਆ ਤਾਂ ਬੈਂਕ ਅਧਿਕਾਰੀ ਨੇ ਕਿਹਾ ਕਿ ਉਸ ਨੂੰ ਬੈਂਕ ਮੈਨੇਜਰ ਦਾ ਸਖਤ ਆਦੇਸ਼ ਹੈ ਕਿ ਇੰਨੇ ਹੀ ਖੁੱਲ੍ਹੇ ਪੈਸੇ ਦੇਣੇ ਹਨ| ਉਸਨੇ ਕਿਹਾ ਕਿ ਜਿੰਨੇ ਖੁੱਲ੍ਹੇ ਪੈਸੇ ਲੈਣੇ ਹੋਣਗੇ ਉਨ੍ਹਾਂ ਦੀ ਰਸੀਵਿੰਗ ਵੀ ਬੈਂਕ ਕੋਲ ਜਮ੍ਹਾਂ ਕਰਵਾਉਂਣੀ ਪਵੇਗੀ| ਜਦੋਂ ਪੱਤਰਕਾਰਾਂ ਨੇ ਇਸ ਦਾ ਕਾਰਨ ਜਾਨਣਾ ਚਾਹਿਆ ਤਾਂ ਬੈਂਕ ਅਧਿਕਾਰੀ ਨੇ ਦੱਸਿਆ ਕਿ ਸ੍ਰੀ ਸਾਜਨ ਨੇ ਬੈਂਕ ਦੀ ਸ਼ਿਕਾਇਤ ਰਿਜ਼ਰਵ ਬੈਂਕ ਆਫ ਇੰਡੀਆ ਕੋਲ ਕੀਤੀ ਸੀ ਜਿਸ ਕਰਕੇ ਹੁਣ ਬੈਂਕ ਪ੍ਰਬੰਧਕਾਂ ਨੇ ਫੈਸਲਾ ਕੀਤਾ ਹੈ ਕਿ ਸ੍ਰੀ ਸਾਜਨ ਨੂੰ ਜਿੰਨੀ ਵੀ ਛੋਟੀ ਕਰੰਸੀ ਦਿੱਤੀ ਜਾਵੇਗੀ ਉਸ ਦੀ ਰਸੀਵਿੰਗ ਜ਼ਰੂਰ ਲਈ ਜਾਵੇਗੀ| ਬੈਂਕ ਅਧਿਕਾਰੀਆਂ ਦੇ ਵਤੀਰੇ ਤੋਂ ੋਸਾਫ ਜਾਹਿਰ ਹੋ ਰਿਹਾ ਸੀ ਕਿ ਉਹ ਸ੍ਰ. ਅਮਰੀਕ ਸਿੰਘ ਸਾਜਨ ਵਲੋਂ ਉਹਨਾਂ ਦੀ ਕੀਤੀ ਸ਼ਿਕਾਇਤ ਤੋਂ ਖਫਾ ਹਨ ਅਤੇ ਸ੍ਰ. ਸਾਜਨ ਨੂੰ ਜਾਣ ਬੁੱਝ ਕੇ ਪ੍ਰੇਸ਼ਾਨ ਕਰਨਾ ਚਾਹੁੰਦੇ ਹਨ|
ਸ੍ਰ. ਅਮਰੀਕ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਉਹਨਾਂ ਨੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਅਤੇ ਵਿੱਤ ਮੰਤਰੀ ਨੂੰ ਪੱਤਰ ਲਿਖ ਕੇ ਕਰਨਾਟਕਾ ਬੈਂਕ ਦੇ ਮੁਹਾਲੀ ਸਥਿਤ ਅਧਿਕਾਰੀਆਂ ਦੇ ਇਸ ਵਤੀਰੇ ਦੀ ਨਿੰਦਾ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਉਸ ਨੂੰ ਨਿਆਂ ਦਿਵਾਇਆ ਜਾਵੇ|
ਇਸ ਸਬੰਧੀ ਸੰਪਰਕ ਕਰਨ ਤੇ ਕਰਨਾਟਕਾ ਬਂੈਕ ਦੀ ਫੇਜ਼ 3 ਬੀ 2 ਦੀ ਬ੍ਰਾਂਚ ਦੇ ਮੈਨੇਜਰ ਸ੍ਰੀ ਰਾਮੇਸ਼ਵਰ ਰਾਓ ਨੇ ਕਿਹਾ ਕਿ ਬੈਂਕ ਕੋਲ ਪਿੱਛੋ ਜਿੰਨੀ ਛੋਟੀ ਕਰੰਸੀ ਦੀ ਸਪਲਾਈ ਆਉਂਦੀ ਹੈ ਉਹ ਉਸਨੂੰ ਥੋੜ੍ਹਾ ਥੋੜ੍ਹਾ ਕਰਕੇ ਗ੍ਰਾਹਕਾਂ ਵਿੱਚ ਵੰਡ ਦਿੰਦੇ ਹਨ| ਉਹਨਾਂ ਕਿਹਾ ਕਿ ਸਾਜਨ ਟੈਲੀਮੈਟਿਕਸ ਵਲੋਂ ਕਿਉਂਕਿ ਕੈਸ਼ ਦੇ ਕੇ ਛੋਟੀ ਕਰੰਸੀ ਲਈ ਜਾਂਦੀ ਹੈ ਇਸ ਲਈ ਉਹਨਾਂ ਤੋਂ ਰਿਸੀਵਿੰਗ ਮੰਗੀ ਗਈ ਸੀ ਅਤੇ ਬੈਂਕ ਆਪਣੇ ਸਾਰੇ ਗ੍ਰਾਹਕਾਂ ਦਾ ਸਤਿਕਾਰ ਕਰਦਾ ਹੈ|

Leave a Reply

Your email address will not be published. Required fields are marked *