ਬੈਂਕ ਦੀ ਕੰਧ ਕੱਟ ਕੇ ਚੋਰਾਂ ਨੇ ਉਡਾਏ 30 ਹਜ਼ਾਰ

ਸਿਰਸਾ, 13 ਦਸੰਬਰ (ਸ.ਬ.) ਇੱਥੇ ਬੀਤੀ ਰਾਤ ਚੋਰਾਂ ਨੇ ਓਰੀਅੰਟਲ ਬੈਂਕ ਆਫ ਕਾਮਰਸ ਦੀ ਬਰਾਂਚ ਵਿੱਚ 30 ਹਜ਼ਾਰ ਰੁਪਏ ਚੋਰੀ ਕਰ ਲਏ| ਹਾਲਾਂਕਿ ਵੱਡੀ ਵਾਰਦਾਤ ਦੀ ਕੋਸ਼ਿਸ਼ ਉਸ          ਸਮੇਂ ਅਸਫਲ ਹੋ ਗਈ, ਜਦੋਂ ਸਟਰਾਂਗ ਰੂਮ ਦੇ 2 ਤਾਲੇ ਤੋੜ ਦਿੱਤੇ ਪਰ ਤੀਜਾ ਨਾ ਤੋੜ ਸਕਣ ਕਾਰਨ ਚੋਰ 30 ਹਜ਼ਾਰ ਰੁਪਏ ਲੈ ਕੇ ਚੱਲੇ ਗਏ| ਪੁਲੀਸ ਨੇ ਪੁਰਾਣਾ ਡੇਰਾ ਸੱਚਾ ਸੌਦਾ ਸਥਿਤ ਓਰੀਅੰਟਲ ਬੈਂਕ ਆਫ ਕਾਮਰਸ ਦੀ ਬਰਾਂਚ ਦੇ ਮੈਨੇਜਰ ਦੀ ਸ਼ਿਕਾਇਤ ਤੇ ਅਣਪਛਾਤੇ ਚੋਰਾਂ ਦੇ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ| ਇਸ ਸ਼ਿਕਾਇਤ ਅਨੁਸਾਰ ਸਵੇਰੇ ਸਭ ਤੋਂ ਪਹਿਲਾਂ ਚਪੜਾਸੀ ਪ੍ਰੇਮ ਕੁਮਾਰ ਆਇਆ ਤਾਂ ਉਸ ਨੇ ਦੇਖਿਆ ਕਿ ਤਾਲੇ ਟੁੱਟੇ ਹੋਏ ਸਨ| ਪ੍ਰੇਮ ਕੁਮਾਰ ਨੇ ਇਸ ਦੀ ਸੂਚਨਾ ਬੈਂਕ ਮੈਨੇਜਰ                 ਰਾਜੇਂਦਰ ਕੁਮਾਰ ਨੂੰ ਦਿੱਤੀ, ਜਿਸ ਤੋਂ ਬਾਅਦ ਉਹ ਮੌਕੇ ਤੇ ਪੁੱਜੇ ਅਤੇ ਉਨ੍ਹਾਂ ਨੇ ਬੈਂਕ ਬਰਾਂਚ ਦੀ ਹਾਲਤ ਦੇਖੀ| ਬਾਅਦ ਵਿੱਚ ਉਨ੍ਹਾਂ ਨੇ ਪੁਲੀਸ ਨੂੰ ਸੂਚਿਤ ਕੀਤਾ ਤਾਂ ਪੁਲੀਸ ਨੇ ਮੌਕੇ ਤੇ ਪੁੱਜ ਕੇ ਵਾਰਦਾਤ ਦੀ ਜਾਂਚ ਸ਼ੁਰੂ ਕਰ ਦਿੱਤੀ|
ਦੱਸਿਆ ਜਾ ਰਿਹਾ ਹੈ ਕਿ ਬੈਂਕ ਬਰਾਂਚ ਦੇ ਪਿੱਛੇ ਖਾਲੀ ਪਏ ਪਲਾਟ ਵਿੱਚ ਬੈਂਕ ਦੀ ਕੰਧ ਨਾਲ ਇੱਟਾਂ ਲਾ ਕੇ ਬਾਅਦ ਵਿੱਚ ਕਟਰ ਨਾਲ ਬੈਂਕ ਦੀ ਕੰਧ ਨੂੰ ਕੱਟਿਆ ਅਤੇ ਅੰਦਰ ਆ          ਗਏ| ਇਸ ਤੋਂ ਬਾਅਦ ਬੈਂਕ ਦੀ ਸਾਰੀ ਇਲੈਕਟ੍ਰਾਨਿਕ ਵਾਇਰਿੰਗ ਕੱਟ ਦਿੱਤੀ| ਸਟਰਾਂਗ ਰੂਮ ਦੇ 2 ਤਾਲੇ ਵੀ ਤੋੜ ਦਿੱਤੇ ਪਰ ਜਦੋਂ ਤੀਜਾ ਅਤੇ             ਮੇਨ ਤਾਲਾ ਨਹੀਂ ਤੋੜ ਸਕੇ ਤਾਂ ਉਨ੍ਹਾਂ ਨੇ ਬੈਂਕ ਦੇ ਕਈ ਦਰਵਾਜ਼ੇ ਤਲਾਸ਼ਣੇ ਸ਼ੁਰੂ ਕਰ ਦਿੱਤੇ| ਆਖਰ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਚੋਰ ਇੱਥੋਂ 30 ਹਜ਼ਾਰ ਰੁਪਏ ਦੀ ਚਿੱਲਰ ਹੀ ਚੋਰੀ ਕਰਨ ਵਿੱਚ ਕਾਮਯਾਬ ਹੋਏ ਅਤੇ ਦੌੜ              ਗਏ|
ਫਿਲਹਾਲ ਪੁਲੀਸ ਬੈਂਕ ਮੈਨੇਜਰ ਰਾਜੇਂਦਰ ਕੁਮਾਰ ਦੀ ਸ਼ਿਕਾਇਤ ਦੇ ਆਧਾਰ ਤੇ ਕੇਸ ਦਰਜ ਕਰ ਕੇ ਜਾਂਚ ਵਿੱਚ ਜੁਟੀ ਹੈ| ਦਾਅਵਾ ਹੈ ਕਿ ਦੋਸ਼ੀ ਜਲਦੀ ਹੀ ਪੁਲੀਸ ਦੀ ਗ੍ਰਿਫਤ ਵਿੱਚ ਹੋਣਗੇ|

Leave a Reply

Your email address will not be published. Required fields are marked *