ਬੈਂਕ ਦੀ ਨੌਕਰੀ ਛੱਡ ਕੇ ਡੇਅਰੀ ਫਾਰਮਿੰਗ ਕਰਨ ਵਾਲਾ ਅਮਿਤ ਠਾਕੁਰ ਨੌਜਵਾਨਾਂ ਲਈ ਬਣਿਆ ਮਿਸਾਲ

ਐਸ.ਏ.ਐਸ ਨਗਰ, 12 ਜੁਲਾਈ (ਸ.ਬ.) ਪੜ੍ਹਾਈ-ਲਿਖਾਈ ਕਰ ਕੇ ਬੇਰੁਜ਼ਗਾਰੀ ਕਾਰਨ ਨਿਰਾਸ਼ ਹੋ ਕੇ ਨਸ਼ਿਆਂ ਜਾਂ ਹੋਰ ਮਾੜੇ ਰਾਹ ਤੇ ਪੈਣ ਵਾਲੇ ਨੌਜਵਾਨਾਂ ਲਈ ਜ਼ਿਲ੍ਹੇ ਦੇ ਪਿੰਡ ਗਿੱਦੜਪੁਰ ਵਿੱਚ ਡੇਅਰੀ ਫਾਰਮਿੰਗ ਕਰ ਰਿਹਾ ਨੌਜਵਾਨ ਅਮਿਤ ਠਾਕੁਰ ਰਾਹ ਦਸੇਰਾ ਬਣ ਕੇ ਉਭਰਿਆ ਹੈ| ਅਮਿਤ ਨੇ ਐਮ.ਬੀ.ਏ ਫਾਇਨਾਂਸ/ ਮਾਰਕਿਟਿੰਗ ਕਰਨ ਉਪਰੰਤ ਕਰੀਬ 10 ਸਾਲ ਉਸ ਨੇ ਬੈਕਿੰਗ ਖੇਤਰ ਵਿੱਚ ਨੌਕਰੀ ਕੀਤੀ ਪਰ ਬਾਅਦ ਵਿੱਚ ਉਸ ਨੇ ਪਸ਼ੂ ਪਾਲਣ ਦੇ ਆਪਣੇ ਸ਼ੌਂਕ ਨੂੰ ਆਪਣਾ ਕਾਰੋਬਾਰ ਬਣਾਉਣ ਦਾ ਫੈਸਲਾ ਕੀਤਾ|
ਚੰਡੀਗੜ੍ਹ ਵਿੱਚ ਰਹਿੰਦੇ ਇਸ 38 ਸਾਲਾ ਨੌਜਵਾਨ ਨੇ ਡੇਅਰੀ ਖੇਤਰ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਤੋਂ ਸਰਕਾਰ ਦੀਆਂ ਸਕੀਮਾਂ ਅਤੇ ਇਹਨਾਂ ਧੰਦਿਆਂ ਵਿਚਲੀਆਂ ਸੰਭਾਵਨਾਵਾਂ ਦੀ ਜਾਣਕਾਰੀ ਹਾਸਲ ਕੀਤੀ| 2014 ਵਿੱਚ ਅਮਿਤ ਨੇ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਪਿੰਡ ਟੋਡਰ ਮਾਜਰਾ ਵਿੱਚ ਜ਼ਮੀਨ ਠੇਕੇ ਉਤੇ ਲੈ ਕੇ 30 ਗਾਵਾਂ ਨਾਲ ਡੇਅਰੀ ਫਾਰਮਿੰਗ ਦੀ ਸ਼ੁਰੂਆਤ ਕੀਤੀ| ਉਹ ਆਪਣੇ ਫਾਰਮ ਦਾ ਸਾਰਾ ਦੁੱਧ ਵੇਰਕਾ ਨੂੰ ਹੀ ਸਪਲਾਈ ਕਰਦਾ ਰਿਹਾ ਤੇ ਉਸ ਦਾ ਕਾਰੋਬਾਰ ਵੱਧਦਾ ਰਿਹਾ| ਅਮਿਤ ਠਾਕੁਰ ਦਾ ਕਹਿਣਾ ਹੈ ਕਿ ਡੇਅਰੀ ਫਾਰਮਿੰਗ ਦਾ ਧੰਦਾ ਅਜਿਹਾ ਹੈ, ਜਿਸ ਨੂੰ ਹੋਰਨਾਂ ਦੇ ਸਿਰ ਤੇ ਨਹੀਂ ਛੱਡਿਆ ਜਾ ਸਕਦਾ| ਡੇਅਰੀ ਫਾਰਮਰਾਂ ਦਾ ਇਸ ਵਿੱਚ ਸ਼ਾਮਲ ਹੋ ਕੇ ਖੁਦ ਕੰਮ ਕਰਨਾ ਲਾਜ਼ਮੀ ਹੈ ਨਹੀਂ ਤਾਂ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਧੰਦਾ ਫੇਲ ਹੋਣ ਦੀ ਵੀ ਨੌਬਤ ਆ ਜਾਂਦੀ ਹੈ| ਉਸ ਨੇ ਪਿੰਡ ਗਿੱਦੜਪੁਰ ਵਿਚਲੀ ਆਪਣੀ 1 ਏਕੜ ਜ਼ਮੀਨ ਤੇ 80 ਗਾਵਾਂ ਦਾ ਡੇਅਰੀ ਫਾਰਮ ਬਣਾ ਲਿਆ ਹੈ ਤੇ ਔਸਤਨ 1600 ਲੀਟਰ ਦੁੱਧ ਦੀ ਪੈਦਾਵਾਰ ਰੋਜ਼ਾਨਾ ਦੀ ਹੈ ਤੇ ਵੇਰਕਾ ਨੂੰ ਉਹ 27-28 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਦੁੱਧ ਪਾ ਰਿਹਾ ਹੈ| ਆਮਦਨ ਵਿੱਚ ਵਾਧੇ ਦੇ ਮਨਸ਼ੇ ਨਾਲ ਹੁਣ ਉਸ ਨੇ ਪ੍ਰਚੂਨ ਖੇਤਰ ਵਿੱਚ ਪੈਰ ਧਰਨ ਦਾ ਵੀ ਫੈਸਲਾ ਕੀਤਾ ਹੈ| ਇਸ ਤਹਿਤ ਉਹ ਸ਼ੁਰੂਆਤੀ ਤੌਰ ਤੇ ਆਪਣੇ ਜਾਣਕਾਰਾਂ ਨੂੰ ਘਰ-ਘਰ ਜਾ ਕੇ ਦੁੱਧ ਸਪਲਾਈ ਕਰੇਗਾ, ਜਿਸ ਨਾਲ ਉਸ ਨੂੰ 45 ਤੋਂ 50 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਆਮਦਨ ਹੋਵੇਗੀ|

Leave a Reply

Your email address will not be published. Required fields are marked *