ਬੈਂਕ, ਬੇਰੁਜਗਾਰਾਂ ਨੂੰ ਸਵੈ-ਰੋਜ਼ਗਾਰ ਧੰਦੇ ਸ਼ੁਰੂ ਕਰਨ ਲਈ ਕਰਜੇ ਬਿਨ੍ਹਾਂ ਕਿਸੇ ਦੇਰੀ ਤੋਂ ਮੁਹੱਈਆ ਕਰਾਉਣ : ਮਾਂਗਟ

ਐਸ.ਏ.ਐਸ. ਨਗਰ, 18 ਅਪ੍ਰੈਲ (ਸ.ਬ.) ਬੈਂਕ, ਜ਼ਿਲ੍ਹੇ ਦੇ ਬੇਰੁਜਗਾਰਾਂ ਨੂੰ ਸਵੈ-ਰੋਜ਼ਗਾਰ ਧੰਦੇ ਸ਼ੁਰੂ ਕਰਨ ਲਈ ਘੱਟ ਵਿਆਜ ਦੀ ਦਰ ਤੇ ਮਿਲਣ ਵਾਲੇ ਕਰਜਿਆਂ ਨੂੰ ਬਿਨ੍ਹਾਂ ਕਿਸੇ ਦੇਰੀ ਤੋਂ ਮੁਹੱਈਆ ਕਰਵਾਏ ਜਾਣ ਤਾਂ ਜੋ ਖਾਸ ਕਰਕੇ ਨੌਜਵਾਨਾਂ ਲਈ ਵੱਧ ਤੋਂ ਵੱਧ ਰੋਜਗਾਰ ਦੇ ਮੌਕੇ ਪੈਦਾ ਹੋ ਸਕਣ ਅਤੇ ਉਹ ਆਤਮ ਨਿਰਭਰ ਬਣ ਸਕਣ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਡੀ.ਐਸ ਮਾਂਗਟ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹੇ ਦੀ ਸਾਲ 2016-17 ਲਈ 6440 ਕਰੋੜ 94 ਲੱਖ ਰੁਪਏ ਦੀ ਸਲਾਨਾ ਯੋਜਨਾ ਜਾਰੀ ਕਰਨ ਉਪਰੰਤ ਦਿੱਤੀ|
ਸ੍ਰੀ ਮਾਂਗਟ ਨੇ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹੇ ਦੀ ਸਲਾਨਾ ਕਰਜਾ ਯੋਜਨਾ 5419 ਕਰੋੜ 54 ਲੱਖ ਰੁਪਏ ਦੀ ਸੀ ਜਦਕਿ ਇਸ ਸਾਲ ਚਾਲੂ ਮਾਲੀ ਸਾਲ ਦੌਰਾਨ ਜ਼ਿਲ੍ਹੇ ਦੀ ਸਲਾਨਾ ਕਰਜਾ ਯੋਜਨਾ 6440 ਕਰੋੜ 94 ਲੱਖ ਰੁਪਏ ਦੀ ਹੈ ਜੋ ਕਿ ਪਿਛਲੇ ਸਾਲ ਨਾਲੋ 1021 ਕਰੋੜ 40 ਲੱਖ ਰੁਪਏ ਵੱਧ ਹੈ| ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ‘ਚ ਸਲਾਨਾ ਕਰਜਾ ਯੋਜਨਾ ਅਧੀਨ ਕੁੱਲ ਤਰਜੀਹ ਖੇਤਰਾਂ ਲਈ 5260.73 ਕਰੋੜ ਦੇ ਕਰਜੇ ਦਿੱਤੇ ਜਾਣਗੇ ਅਤੇ ਖੇਤੀਬਾੜੀ  ਸੈਕਟਰ ਅਤੇ ਇਸ ਨਾਲ ਸਬੰਧਤ ਖੇਤਰਾਂ ਲਈ 2478 ਕਰੋੜ 22 ਲੱਖ  ਰੁਪਏ ਦੇ ਕਰਜੇ ਮੁੱਹਈਆ ਕਰਵਾਏ ਜਾਣਗੇ| ਜ਼ਿਲ੍ਹੇ ‘ਚ ਲਘੁ ਅਤੇ ਸੁਖਮ ਉਦਯੋਗਾਂ ਲਈ 1498 ਕਰੋੜ 03 ਲੱਖ ਰੁਪਏ ਦੇ ਕਰਜੇ ਮੁਹੱਈਆ ਕਰਵਾਏ ਜਾਣਗੇ ਅਤੇ ਹੋਰ ਤਰਜੀਹ ਖੇਤਰਾਂ ਲਈ 1284 ਕਰੋੜ 48 ਲੱਖ ਰੁਪਏ ਦੇ ਕਰਜੇ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੂੰ ਹੁਲਾਰਾ ਮਿਲ ਸਕੇ| ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ‘ਚ ਸਿੱਖਿਆ ਕਰਜਾ ਸਕੀਮ ਅਧੀਨ 235 ਕਰੋੜ 10 ਲੱਖ ਰੁਪਏ ਦੇ ਕਰਜੇ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਲੋੜਵੰਦ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਹਾਸਲ ਕਰਨ ਲਈ ਕਿਸੇ ਕਿਸਮ ਦੀ ਦਿੱਕਤ ਪੇਸ ਨਾ ਆਵੇ|
ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਦੇ ਜ਼ਿਲ੍ਹਾ ਮੈਨੇਜਰ ਸ੍ਰੀ ਆਰ.ਕੇ. ਸੈਣੀ ਨੇ ਦੱਸਿਆ ਕਿ ਚਾਲੂ ਮਾਲੀ ਸਾਲ ਦੌਰਾਨ ਸਲਾਨਾ ਕਰਜਾ ਯੋਜਨਾ ਦੇਣ ਦਾ 100ਫੀਸਦੀ ਟੀਚਾ ਮੁਕੰਮਲ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਪਿੰਡ ਪੱਧਰ ਤੇ ਖੇਤੀਬਾੜੀ ਵਿਭਿੰਨਤਾ ਲਈ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਕਿਸਾਨ ਰਿਵਾਇਤੀ ਫਸਲਾਂ ਦੇ ਚੱਕਰ ਵਿੱਚੋ ਨਿਕਲ ਕੇ ਲਾਹੇਵੰਦ ਫੱਲ ਫੁੱਲ ਅਤੇ ਸਬਜੀਆਂ ਦੀ ਕਾਸਤ ਕਰਨ ਅਤੇ ਉਨ੍ਹਾਂ ਦੀ ਆਰਥਿਕਤਾ ਮਜਬੂਤ ਹੋ ਸਕੇ| ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਭੁਪਿੰਦਰ ਸਿੰਘ, ਡੀ.ਡੀ.ਐਮ (ਨਬਾਰਡ) ਸ੍ਰੀ ਸੰਜੀਵ ਕੁਮਾਰ, ਡਾਇਰੈਕਟਰ ਆਰਸੇਟੀ ਸ੍ਰੀ ਜਸਵਿੰਦਰ ਸਿੰਘ ਅਤੇ ਅਰਸਪ੍ਰੀਤ ਕੌਰ ਲੀਡ ਜ਼ਿਲ੍ਹਾ ਬੈਂਕ ਅਧਿਕਾਰੀ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *