ਬੈਤੂਲ ਜ਼ਿਲਾ ਹਸਪਤਾਲ ਦੇ ਐਸ.ਐਨ.ਸੀ.ਯੂ. ਵਿੱਚ 2 ਦਿਨਾਂ ਵਿੱਚ 5 ਨਵਜੰਮੇ ਬੱਚਿਆਂ ਦੀ ਮੌਤ

ਬੈਤੂਲ, 16 ਦਸੰਬਰ (ਸ.ਬ.) ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲਾ ਹਸਪਤਾਲ ਦੇ ਨਵ ਜੰਮੇ ਇੰਟੈਨਸਿਵ ਕੇਅਰ ਯੂਨੀਟ (ਐਸ.ਐਨ.ਸੀ.ਯੂ.) ਵਾਰਡ ਵਿੱਚ ਪਿਛਲੇ 2 ਦਿਨਾਂ ਵਿੱਚ 5 ਨਵਜੰਮੇ ਬੱਚਿਆਂ ਦੀ ਮੌਤ ਕਾਰਨ ਇਥੇ ਦਾਖਲ ਬੱਚਿਆਂ ਦੇ ਪਰਿਵਾਰ ਵਾਲੇ ਦਹਿਸ਼ਤ ਵਿੱਚ ਹਨ| ਇਸ ਦੇ ਨਾਲ ਹੀ ਇਥੇ ਪਿਛਲੇ 45 ਦਿਨਾਂ ਦੇ ਅੰਦਰ ਦਾਖਲ ਕੀਤੇ ਗਏ ਬੱਚਿਆਂ ਵਿੱਚੋਂ ਮਰਨ ਵਾਲਿਆਂ ਦੀ ਗਿਣਤੀ 23 ਤੱਕ ਪਹੁੰਚ ਗਈ ਹੈ| ਮੌਤਾਂ ਨੂੰ ਰੋਕਣ ਵਿੱਚ ਨਾਕਾਮ ਹਸਪਤਾਲ ਪ੍ਰਸ਼ਾਸਨ ਹੁਣ ਇਨ੍ਹਾਂ ਬੱਚਿਆਂ ਨੂੰ ਕਮਜ਼ੋਰ ਦੱਸ ਕੇ ਆਪਣਾ ਪੱਲਾ ਝਾੜਨ ਦੀ ਕੋਸ਼ਿਸ਼ ਵਿੱਚ ਹੈ| ਐਸ.ਐਨ.ਸੀ.ਯੂ. ਵਿੱਚ ਇਸ ਸਾਲ ਅਪ੍ਰੈਲ ਤੋਂ ਨਵੰਬਰ ਵਿਚਾਲੇ ਕੁਝ 1138 ਨਵਜੰਮੇ ਬੱਚਿਆਂ ਨੂੰ ਸਿਹਤ ਖਰਾਬ ਹੋਣ ਕਾਰਨ ਦਾਖਲ ਕਰਵਾਇਆ ਗਿਆ ਹੈ| ਇਨ੍ਹਾਂ ਵਿੱਚ 172 ਨੇ ਇਲਾਜ ਦੌਰਾਨ ਦਮ ਤੋੜ ਦਿੱਤਾ| ਸਭ ਤੋਂ ਜ਼ਿਆਦਾ 31 ਮੌਤਾਂ ਜੁਲਾਈ ਵਿੱਚ ਹੋਈਆਂ ਹਨ| ਬੱਚਿਆਂ ਨੂੰ ਬਿਹਤਰ ਇਲਾਜ ਦੇਣ ਲਈ ਇਥੇ 4 ਬੱਚਿਆਂ ਦੇ ਮਾਹਰ ਡਾਕਟਰਾਂ ਨੂੰ ਤਾਇਨਾਤ ਕੀਤਾ ਗਿਆ ਹੈ| ਇਸ ਤੋਂ ਬਾਅਦ ਵੀ ਮੌਤਾਂ ਦਾ ਸਿਲਸਿਲਾ ਨਹੀਂ ਰੁਕ ਰਿਹਾ| ਸੂਤਰਾਂ ਮੁਤਾਬਕ ਵੈਂਟੀਲੇਟਰ ਦੀ ਵਿਵਸਥਾ ਨਾ ਹੋਣ ਕਾਰਨ ਵੀ ਕਈ ਬੱਚਿਆਂ ਦੀ ਜਾਨ ਨਹੀਂ ਬਚ ਸਕੀ| ਇਸ ਸੰਬੰਧ ਵਿਚ ਪੁੱਛੇ ਜਾਣ ਤੇ ਸਿਵਲ ਸਰਜਨ ਡਾ. ਅਸ਼ੋਕ ਬਾਰੰਗਾ ਨੇ ਕਿਹਾ ਕਿ 2 ਦਿਨਾਂ ਅੰਦਰ 5 ਬੱਚਿਆਂ ਦੀ ਮੌਤ ਦੇ ਪਿੱਛੇ ਇਲਾਜ ਨਾ ਮਿਲਣ ਦਾ ਕਾਰਨ ਨਹੀਂ ਹੈ| ਬੱਚਿਆਂ ਦੇ ਬਹੁਤ ਕਮਜ਼ੋਰ ਹੋਣ ਕਾਰਨ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ|

Leave a Reply

Your email address will not be published. Required fields are marked *