ਬੋਰਡ ਦੇ ਵਿਹੜੇ ਤੀਆਂ ਦੀ ਧਮਾਲ, ਕਰ ਗਈ ਖੂਬ ਕਮਾਲ

ਐਸ. ਏ. ਐਸ. ਨਗਰ (ਪ੍ਰੀਤਮ ਲੁਧਿਆਣਵੀ) 11 ਅਗਸਤ: ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਮਹਿਲਾ ਮੁਲਾਜ਼ਮਾਂ ਦੀ ਭਰਵੀਂ ਹਾਜ਼ਰੀ ਸਹਿਤ ਪੂਰੇ ਉਤਸ਼ਾਹ ਅਤੇ ਉਮਾਹ ਨਾਲ ਬੋਰਡ ਦੇ ਆਡੀਟੋਰੀਅਮ ਵਿਖੇ ‘ਤੀਆਂ ਤੀਜ ਦੀਆਂ’ ਦੇ ਮਨਾਏ ਗਏ ਤਿਉਹਾਰ ਵਿਚ ਪੰਜਾਬੀ ਵਿਰਸੇ ਨਾਲ ਜੁੜੀ ਹਰ ਵੰਨਗੀ ਦੇ ਗਿੱਧੇ, ਬੋਲੀਆਂ, ਗੀਤਾਂ ਅਤੇ ਕਵਿਤਾਵਾਂ ਰਾਹੀਂ ਦਰਸ਼ਨ ਕਰਵਾਏ ਗਏ| ਪ੍ਰੋਗਰਾਮ ਦਾ ਆਗਾਜ਼ ਅਮਰਜੀਤ ਕੌਰ ਅਤੇ ਕਰਮਜੀਤ ਕੌਰ ਦੀ ਲੰਮੀ ਹੇਕ ਦੀ ਗਾਇਕੀ ਨਾਲ ਹੋਇਆ| ਸੈਬੀ ਵਾਲੀਆ ਨੇ ਬੁਲੰਦ ਆਵਾਜ਼ ‘ਚ ‘ਰੱਤੀ ਤੇਰੀ ਢੋਲ ਮੇਰਿਆ ਲੁੰਗੀ’ ਪੇਸ਼ ਕੀਤਾ| ਉਪਰੰਤ, ਅਨੀਤਾ ਨੇ, ‘ਚੰਨ ਕਿੱਥਾਂ ਗੁਜ਼ਾਰੀ ਆ ਰਾਤ ਵੇ’, ਜਸਵਿੰਦਰ ਕੌਰ ਨੇ ‘ਪਾ ਬੋਲੀ ਸੋਹਣਿਆ ਵੇ’, ਰਣਜੀਤ ਤੇ ਰੇਖਾ ਨੇ ‘ਕਾਲੇ ਰੰਗ ਦਾ ਪਰਾਂਦਾ’ ਅਤੇ ਹੇਮਾ ਨੇ ਸੋਲੋ ਡਾਂਸ ਨਾਲ ਰੰਗ ਬੰਨ੍ਹਿਆ|  ਲੁਧਿਆਣਾ ਤੋਂ ਆਏ ਵਿਦਿਆਰਥੀਆਂ ਨੇ ਲੁੱਡੀ ਤੇ ਸੰਮੀ, ਅਮਨ ਨੇ ‘ਤੀਆਂ ਦਾ ਸੰਧਾਰਾ’, ਸੀਮਾ ਨੇ ‘ਕੁੜਤੀ ਮੇਰੀ ਛੀਂਟ ਦੀ’, ਧਰਮਪਾਲ ਨੇ ‘ਭਾਬੀਏ’, ਪਰਮਜੀਤ ਪੰਮਾ ਨੇ, ‘ਦੁਨੀਆਂ ਮੇਲੇ ਜਾਂਦੀ ਏ’ ਅਤੇ ਪਰਵੀਨ ਕੁਮਾਰੀ ਨੇ ‘ਲਾਲ ਰੰਗ ਦਾ ਪਰਾਂਦਾ’ ਨਾਲ ਸਰੋਤਿਆਂ ਅਤੇ ਦਰਸ਼ਕਾਂ ਨੂੰ ਕੀਲਿਆ|  ਗਿੱਧਿਆਂ ਦੀ ਰਾਣੀ, ਸਟੇਜ ਦੀ ਮਲਿਕਾ ਹਰਪ੍ਰੀਤ ਕੌਰ ਪ੍ਰੀਤ ਨੇ ਜਿੱਥੇ ਸਟੇਜ ਤੋਂ ਗਿੱਧੇ ਵਿਚ ਬੋਲੀਆਂ ਨੂੰ ਪੂਰੀ ਬੁਲੰਦ ਅਵਾਜ ਨਾਲ ਚੁੱਕਿਆ,  ਉਥੇ ਉਸ ਨੇ ‘ਗਿੱਧੇ ਵਿਚ ਨੱਚਣੇ ਦਾ ਚਾਅ ਭਾਬੀਏ’ ਗੀਤ ਨਾਲ ਵੀ ਆਪਣੀ ਸੁਰੀਲੀ ਅਵਾਜ ਦਾ ਸਿੱਕਾ ਜਮਾਇਆ: ਜਿਸ ਨਾਲ ਸੰਦੀਪ ਕੌਰ ਨੇ ਡਾਂਸ ਕੀਤਾ| ਮਲਕੀਤ ਮੰਗਾ, ਸੁਖਵਿੰਦਰ ਸਿੰਘ, ਰਣਧੀਰ ਸਿੰਘ ਗੁੱਡੂ ਅਤੇ ਅਨਮੋਲਦੀਪ ਨੇ ਭੰਗੜਾ ਪੇਸ਼ ਕੀਤਾ| ਪ੍ਰੋਗਰਾਮ ਦੇ ਅੰਤ ਵਿੱਚ ਅਮਰਜੀਤ ਕੌਰ ਤੇ ਕਰਮਜੀਤ ਕੌਰ ਦਾ ਤਿਆਰ ਕਰਵਾਇਆ ਬੋਰਡ ਮਹਿਲਾ ਕਰਮਚਾਰੀਆਂ ਵੱਲੋਂ ਡਾ. ਤੇਜਿੰਦਰ ਕੌਰ ਧਾਲੀਵਾਲ ਅਤੇ ਆਏ ਹੋਏ ਮਹਿਲਾ ਮਹਿਮਾਨਾਂ ਨਾਲ ਮਿਲ ਕੇ ਰਿਵਾਇਤੀ ਗਿੱਧਾ ਪੇਸ਼ ਕੀਤਾ ਗਿਆ|
ਬੋਰਡ ਦੀ ਚੇਅਰਪਰਸਨ ਡਾ. ਤਜਿੰਦਰ ਕੌਰ ਧਾਲੀਵਾਲ ਨੇ ਤੀਆਂ ਦੇ ਤਿਉਹਾਰ ਦੀ ਮਹੱਤਤਾ ਦੱਸਦਿਆਂ ਪੰਜਾਬੀ ਸੱਭਿਆਚਾਰ ਦੀ ਅਮੀਰੀ ਨੂੰ ਸੰਭਾਲਣ ਤੇ ਜ਼ੋਰ ਦਿੱਤਾ| ਅੰਤ ਵਿਚ ਧੰਨਵਾਦੀ ਸ਼ਬਦ ਬੋਲਦਿਆਂ ਸਕੱਤਰ ਜੇ. ਆਰ. ਮਹਿਰੋਕ ਨੇ ਸਿੱਖਿਆ ਵਿੱਚ ਪੰਜਾਬੀ ਵਿਰਸੇ ਨੂੰ ਹੋਰ ਜੋੜਨ ਤੇ ਜ਼ੋਰ ਦਿੱਤਾ| ਸਟੇਜ ਸਕੱਤਰ ਦੀ ਭੂਮਿਕਾ ਵਿਸ਼ਾ ਮਾਹਿਰ ਰਾਜਿੰਦਰ ਕੌਰ ਚੌਹਾਨ ਵੱਲੋਂ ਬਾਖੂਬੀ ਨਿਭਾਈ ਗਈ|
ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵੱਜੋ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਪਰਮਜੀਤ ਕੌਰ ਲਾਂਡਰਾਂ ਨੇ ਹਾਜ਼ਰੀ ਭਰੀ| ਜਦ ਕਿ ਪ੍ਰੋਗਰਾਮ ਵਿੱਚ ਵਾਇਸ ਚੇਅਰਮੈਨ ਡਾ. ਸੁਰੇਸ਼ ਕੁਮਾਰ ਟੰਡਨ, ਮਨਜੀਤ ਕੌਰ ਡਾਇਰੈਕਟਰ ਅਕਾਦਮਿਕ, ਮਨਜੀਤ ਕੌਰ ਢੋਲ, ਕੁਲਦੀਪ ਕੌਰ ਕੰਗ, ਮੈਡਮ ਸਹੋਤਾ, ਗੁਰਪ੍ਰੀਤ ਕੌਰ, ਸ਼ਰੂਤੀ ਸ਼ੁਕਲਾ, ਗੁਰਦੀਪ ਸਿੰਘ ਢਿੱਲੋਂ ਅਤੇ ਰਣਜੀਤ ਸਿੰਘ ਮਾਨ ਵੀ ਅਖੀਰ ਤੱਕ ਹਾਜ਼ਰ ਰਹੇ|
ਢਾਈ ਘੰਟੇ ਲਗਾਤਾਰ ਪੂਰੇ ਧੂਮ-ਧੜੱਕੇ ਨਾਲ ਚੱਲੇ ਇਸ ਪ੍ਰੋਗਰਾਮ ਵਿੱਚ ਮਨੋਰੰਜਨ ਦੇ ਨਾਲ-ਨਾਲ ਸੁਚੇਤ ਹੋ ਕੇ ਵਿਰਸੇ ਦੀ ਸਾਂਭ ਸੰਭਾਲ ਕਰਨ ਅਤੇ ਇਸ ਦੀ ਪਹਿਰੇਦਾਰੀ ਕਰਨ ਵੱਲ ਵੀ ਵਿਸ਼ੇਸ਼ ਧਿਆਨ ਦਿਵਾਇਆ ਗਿਆ| ਜਿਸ ਦਾ ਕਿ ਬੋਰਡ ਦੇ ਮੁਲਾਜ਼ਮਾਂ ਅਤੇ ਉੱਚ ਅਧਿਕਾਰੀਆਂ ਨੇ ਹਾਜ਼ਰੀਆਂ ਭਰਦਿਆਂ ਖੂਬ ਅਨੰਦ ਮਾਣਿਆ| ਕੁੱਲ ਮਿਲਾਕੇ, ਦੇਰ ਤਕ ਚੇਤੇ ਰਹਿਣ ਵਾਲੀਆਂ, ਬੋਰਡ ਦੇ ਵਿਹੜੇ ਵਿਚ ਪਈਆਂ ਤੀਆਂ ਦੀਆਂ ਧਮਾਲਾਂ, ਕਰ ਗਈਆਂ ਖੂਬ ਕਮਾਲਾਂ|

Leave a Reply

Your email address will not be published. Required fields are marked *