ਬੋਰਡ ਪ੍ਰੀਖਿਆਵਾਂ ਪੁਰਾਣੀ ਵਿਧੀ ਅਨੁਸਾਰ ਹੀ ਹੋਣਗੀਆਂ : ਸੁਰੇਸ਼ ਕੁਮਾਰ

ਐਸ ਏ ਐਸ ਨਗਰ, 28 ਦਸੰਬਰ (ਭਗਵੰਤ ਸਿੰਘ ਬੇਦੀ) ਪੰਜਾਬ ਸਕੂਲ ਸਿਖਿਆ ਬੋਰਡ ਮੁਹਾਲੀ ਵਲੋਂ ਲਈਆਂ ਜਾਣ ਵਾਲੀਆਂ ਮਾਰਚ 2018 ਦੀਆਂ ਪ੍ਰੀਖਿਆਵਾਂ ਪਹਿਲਾਂ ਦੀ ਤਰ੍ਹਾਂ ਨਿਰਧਾਰਿਤ ਕੇਂਦਰਾਂ ਉਪਰ ਹੀ ਪਹਿਲੀ ਚਲ ਰਹੀ ਪਾਲਿਸੀ ਅਨੁਸਾਰ ਹੀ ਹੋਣਗੀਆਂ| ਇਹ ਭਰੋਸਾ ਪ੍ਰਿੰਸੀਪਲ ਸਕੱਤਰ ਟੂ ਮੁੱਖ ਮੰਤਰੀ ਪੰਜਾਬ ਸ੍ਰੀ ਸੁਰੇਸ਼ ਕੁਮਾਰ ਵਲੋਂ ਐਫੀਲੀਏਟਿਡ ਸਕੂਲਾਂ ਦੇ ਮੁਖੀਆਂ ਦੇ ਇਕ ਵਫਦ ਨੂੰ ਦਿੱਤਾ ਗਿਆ| ਅੱਜ ਸਵੇਰੇ ਐਫੀਲੀਏਟਿੰਡ ਸਕੂਲਾਂ ਦੇ ਵਫਦ ਨੇ ਸ੍ਰੀ ਜਗਦੀਸ਼ ਸ਼ਰਮਾ ਦੀ ਅਗਵਾਈ ਵਿੱਚ ਪ੍ਰਿੰਸੀਪਲ ਸਕੱਤਰ ਟੂ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕੀਤੀ| ਵਫਦ ਵਿੱਚ ਹੋਰਨਾਂ ਤੋਂ ਇਲਾਵਾ ਜਨਰਲ ਸਕੱਤਰ ਰਾਜ ਕੁਮਾਰ, ਸਕੱਤਰ ਦਲਵਿੰਦਰ ਸਿੰਘ ਬੇਦੀ, ਜਤਿੰਦਰ ਕੁਮਾਰ ਵੀ ਸਾਮਲ ਸਨ|
ਇਹ ਜਾਣਕਾਰੀ ਦਿੰਦਿਆਂ ਐਫੀਲੀਏਟਿਡ ਸਕੂਲਾਂ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਾਲ ਪੰਜਾਬ ਸਕੂਲ ਸਿਖਿਆ ਬੋਰਡ ਨੇ ਪੰਜਾਬ ਦੇ ਸਮੁੱਚੇ ਪ੍ਰੀਖਿਆ ਕੇਂਦਰਾਂ ਨੂੰ ਦੂਸਰੇ ਕੇਂਦਰਾਂ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਸੀ| ਜਿਸ ਨਾਲ ਪ੍ਰੀਖਿਆ ਲੈਣ ਦੇ ਪ੍ਰਬੰਧਾਂ ਵਿੱਚ ਭਾਰੀ ਮੁਸ਼ਕਿਲਾਂ ਆਉਣੀਆਂ ਸਨ| ਜਿਹਨਾਂ ਨੂੰ ਮੁੱਖ ਰਖਦਿਆਂ ਅੱਜ ਪ੍ਰਿੰਸੀਪਲ ਸਕੱਤਰ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਸਕੂਲਾਂ ਨੂੰ ਬੋਰਡ ਦੇ ਇਸ ਫੈਸਲੇ ਨਾਲ ਆਉਣ ਵਾਲੀਆਂ ਪ੍ਰੇਸਾਨੀਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿਤੀ ਸੀ| ਇਸਦੇ ਨਾਲ ਹੀ ਵਫਦ ਨੇ ਲਿਖਤੀ ਰੂਪ ਇਕ ਮੰਗ ਪੱਤਰ ਪ੍ਰਿੰਸੀਪਲ ਸਕੱਤਰ ਨੂੰ ਦਿੱਤਾ| ਯਾਦ ਰਹੇ ਬੀਤੇ ਦਿਨੀਂ ਐਫੀਲੀਏਟਿਡ ਸਕੂਲਾਂ ਦਾ ਇਕ ਵਫਦ ਬੋਰਡ ਦੇ ਉਚ ਅਧਿਕਾਰੀਆਂ ਨੂੰ ਪ੍ਰੀਖਿਆ ਦੇ ਪ੍ਰਬੰਧਾਂ ਨੂੰ ਲੈ ਕੇ ਆਉਣ ਵਾਲੀਆਂ ਮੁਸਕਿਲਾਂ ਬਾਰੇ ਮਿਲਿਆ ਸੀ ਪਰ ਬੋਰਡ ਦੇ ਅਧਿਕਾਰੀਆਂ ਵਲੋਂ ਕੋਈ ਹਾਂਪੱਖੀ ਹੁੰਗਾਰਾ ਨਹੀਂ ਸੀ ਭਰਿਆ ਗਿਆ, ਜਿਸ ਕਰਕੇ ਐਫੀਲੀਏਟਿਡ ਸਕੂਲਾਂ ਦੀ ਜਥੇਬੰਦੀ ਨੇ ਇਹ ਮਾਮਲਾ ਮੁੱਖ ਮੰਤਰੀ ਪੰਜਾਬ ਦੇ ਧਿਆਨ ਵਿੱਚ ਲਿਆਉਣ ਦਾ ਫੈਸਲਾ ਕੀਤਾ ਸੀ| ਪਿੰ੍ਰਸੀਪਲ ਸਕੱਤਰ ਟੂ ਮੁੱਖ ਮੰਤਰੀ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਮਾਰਚ 2018 ਦੀਆਂ ਪ੍ਰੀਖਿਆ ਸੁਚਾਰੂ ਢੰਗ ਨਾਲ ਕਰਨ ਲਈ ਪੁਰਾਣੀ ਵਿਧੀ ਅਨੁਸਾਰ ਹੀ ਪ੍ਰੀਖਿਆਵਾਂ ਲਈਆਂ ਜਾਣਗੀਆਂ| ਇਕ ਦੂਜੇ ਕੇਂਦਰਾਂ ਵਿਚ ਬਦਲੀ ਦਾ ਫੈਸਲਾ ਬੋਰਡ ਦੇ ਚੇਅਰਮੈਨ ਵਲੋਂ ਲਿਆ ਗਿਆ ਸੀ ਅਤੇ ਹੁਣ ਪ੍ਰਿੰਸੀਪਲ ਸਕੱਤਰ ਦੇ ਭਰੋਸੇ ਬਾਰੇ ਵੀ ਅੰਤਿਮ ਫੈਸਲਾ ਵਿਸ਼ੇਸ ਸਕੱਤਰ ਸ੍ਰੀ ਕ੍ਰਿਸਨ ਕੁਮਾਰ ਨੇ ਹੀ ਲੈਣਾ ਹੈ|

Leave a Reply

Your email address will not be published. Required fields are marked *