ਬੋਲਣ ਲਈ ਸਮਾਂ ਨਾ ਮਿਲਣ ਕਾਰਨ ਭਾਈ ਹਰਦੀਪ ਸਿੰਘ ਨੇ ਵੋਟਿੰਗ ਦਾ ਬਾਈਕਾਟ ਕੀਤਾ

ਬੋਲਣ ਲਈ ਸਮਾਂ ਨਾ ਮਿਲਣ ਕਾਰਨ ਭਾਈ ਹਰਦੀਪ ਸਿੰਘ ਨੇ ਵੋਟਿੰਗ ਦਾ ਬਾਈਕਾਟ ਕੀਤਾ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਚੋਣ ਸਰਵਸੰਮਤੀ ਨਾਲ ਕਰੇ ਸਿੱਖ ਪੰਥ : ਹਰਦੀਪ ਸਿੰਘ
ਅੰਮ੍ਰਿਤਸਰ , 29 ਨਵੰਬਰ (ਸ.ਬ.) ਇਥੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਅੱਜ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਸਬੰਧੀ ਵੋਟਿੰਗ ਪ੍ਰਕਿਰਿਆ ਸ਼ੁਰੂ ਹੋਣ ਵੇਲੇ ਸ਼੍ਰੋਮਣੀ ਕਮੇਟੀ ਦੇ ਮੁਹਾਲੀ ਹਲਕੇ ਤੋਂ ਆਜਾਦ ਮੈਂਬਰ ਭਾਈ ਹਰਦੀਪ ਸਿੰਘ ਨੇ ਇੱਕ ਪੱਤਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਦੇ ਕੇ ਮੰਗ ਕੀਤੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਚੋਣ ਸਬੰਧੀ ਸ਼੍ਰੋਮਣੀ ਕਮੇਟੀ ਦਾ ਏਕਾਧਿਕਾਰ ਖਤਮ ਕੀਤਾ ਜਾਵੇ ਅਤੇ ਇਸ ਕੰਮ ਲਈ ਪੂਰੇ ਸਿੱਖ ਪੰਥ ਵਲੋਂ ਸਰਵ ਸੰਮਤੀ ਨਾਲ ਚੋਣ ਕੀਤੀ ਜਾਵੇ|
ਇਸ ਪੱਤਰ ਵਿਚ ਉਹਨਾਂ ਨੇ ਇਹ ਮੰਗ ਵੀ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਨਾਨਕਸਾਹੀ ਕੈਲੰਡਰ ਅਨੁਸਾਰ 5 ਜਨਵਰੀ ਨੂੰ ਮਨਾਉਣ ਦਾ ਫੈਸਲਾ ਕੀਤਾ ਜਾਵੇ ਤਾਂ ਕਿ ਸਿੱਖ ਪੰਥ ਦੀ ਦੁਬਿਧਾ ਦੂਰ ਹੋਵੇ|
ਇਹ ਪੱਤਰ ਦੇਣ ਦੇ ਨਾਲ ਹੀ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੋਂ ਇਹ ਮੁੱਦੇ ਉਠਾਉਣ ਲਈ ਬੋਲਣ ਦਾ ਸਮਾਂ ਵੀ ਮੰਗਿਆ ਉਹਨਾਂ ਨੂੰ ਬੋਲਣ ਦਾ ਸਮਾਂ ਨਹੀਂ ਦਿਤਾ ਗਿਆ ਜਿਸ ਕਰਕੇ ਰੋਸ ਵਜੋਂ ਉਹਨਾਂ ਨੇ ਪ੍ਰਧਾਨਗੀ ਦੀ ਚੋਣ ਵੇਲੇ ਆਪਣੀ ਵੋਟ ਹੀ ਨਹੀਂ ਪਾਈ ਅਤੇ ਵੋਟਿੰਗ ਦਾ ਬਾਈਕਾਟ ਕੀਤਾ|
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਹਰਦੀਪ ਸਿੰਘ ਨੇ ਕਿਹਾ ਕਿ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਹੋਈ ਚੋਣ ਵਿੱਚ ਉਹਨਾਂ ਨੇ ਆਪਣੀ ਵੋਟ ਹੀ ਨਹੀਂ ਪਾਈ| ਉਹਨਾਂ ਕਿਹਾ ਕਿ ਮੌਜੂਦਾ ਚੋਣ ਕੌਮ ਲਈ ਕੋਈ ਨਿਰਣਾਤਮਕ ਹੱਲ ਨਹੀਂ ਕੱਢ ਸਕੀ| ਉਹਨਾਂ ਕਿਹਾ ਕਿ ਪਹਿਲਾਂ 5 ਜਨਵਰੀ ਨੂੰ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ ਪੁਰਬ ਮਨਾਉਣ ਸਬੰਧੀ ਨਾਨਕਸ਼ਾਹੀ ਕੈਲੰਡਰ ਨੁੰ ਸ੍ਰੋਮਣੀ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਮੰਨਿਆ ਸੀ| ਹੁਣ ਵੀ ਕੌਮ ਨੁੰ ਦੁਧਿਵਾ ਵਿਚੋਂ ਕੱਢਣ ਲਈ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ ਨੂੰ ਹੀ ਮਨਾਇਆ ਜਾਵੇ|
ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਚੋਣ ਲਈ ਸ੍ਰੋਮਣੀ ਕਮੇਟੀ ਦਾ ਏਕਾਧਿਕਾਰ ਖਤਮ ਕੀਤਾ ਜਾਵੇ| ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਚੋਣ ਸ੍ਰੋਮਣੀ ਕਮੇਟੀ ਦੀ ਥਾਂ ਸਾਰੇ ਸਿੱਖ ਜਗਤ ਦੇ ਸਰਬ ਸਾਂਝੇ ਨੁਮਾਇੰਦਾ ਜਥੇਦਾਰ ਨੂੰ ਥਾਪਣ ਲਈ ਸੰਸਾਰ ਭਰ ਦੇ ਸਿੱਖਾਂ ਦੀ ਰਾਏ ਬਨਾਉਣ ਦੀ ਜੁਗਤ ਘੜੀ ਜਾਵੇ ਤਾਂ ਜੋ ਸਰਬ ਪ੍ਰਵਾਨਤ ਜਥੇਦਾਰਾਂ ਰਾਹੀਂ ਕੌਮ ਦੀ ਇਕਮੁਠਤਾ ਹੋ ਸਕੇ| ਉਹਨਾਂ ਕਿਹਾ ਕਿ ਮੌਜੂਦਾ ਜਥੇਦਾਰਾਂ ਦੇ ਫੈਸਲੇ ਸਿੱਖ ਸੰਗਤ ਵਲੋਂ ਪ੍ਰਵਾਨ ਨਾ ਹੋਣ ਨਾਲ ਕੌਮ ਨੂੰ ਢਾਹ ਲੱਗ ਰਹੀ ਹੈ ਕਿਉਂਕਿ ਅਜਿਹੇ ਫੈਸਲੇ ਰਾਜਸੀ ਅਤੇ ਇਕ ਧਿਰ ਦੇ ਪ੍ਰਭਾਵ ਹੇਠ ਲਏ ਜਾ ਰਹੇ ਹਨ| ਉਹਨਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਇਕ ਧਿਰ ਦੇ ਪ੍ਰਭਾਵ ਹੇਠ ਜਥੇਦਾਰ ਸਾਹਿਬ ਵਲੋਂ ਕਈ ਵਿਵਾਦਮਈ ਫੈਸਲੇ ਲਏ ਗਏ ਹਨ, ਜਿਸ ਕਾਰਨ ਸਿੱਖਾਂ ਵਲੋਂ ਜਥੇਦਾਰ ਸਾਹਿਬ ਦੇ ਆਦੇਸ਼ਾਂ ਨੂੰ ਅਣਗੋਲਿਆਂ ਕੀਤਾ ਜਾ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ|

Leave a Reply

Your email address will not be published. Required fields are marked *