ਬ੍ਰਾਜ਼ੀਲ ਵਿਚ ਹਿਜ਼ਬੁੱਲਾ ਦਾ ਸਾਬਕਾ ਮੈਂਬਰ ਗ੍ਰਿਫਤਾਰ

ਬ੍ਰਾਸੀਲੀਆ, 30 ਜੁਲਾਈ (ਸ.ਬ.) ਬ੍ਰਾਜ਼ੀਲ ਵਿਚ ਅਗਲੇ ਹਫਤੇ ਸ਼ੁਰੂ ਹੋਣ ਵਾਲੀਆਂ ਰੀਓ ਓਲੰਪਿਕ ਖੇਡਾਂ ਦੌਰਾਨ ਅੱਤਵਾਦੀ ਗਤੀਵਿਧੀਆਂ ਦੇ ਨਿਪਟਾਰੇ ਲਈ ਚਲਾਈ ਜਾ ਰਹੀ ਮੁਹਿੰਮ ਅਧੀਨ ਪੁਲੀਸ ਨੇ ਅੱਤਵਾਦੀ ਸੰਗਠਨ ਹਿਜ਼ਬੁੱਲਾ ਦੇ ਸਾਬਕਾ ਮੈਂਬਰ ਨੂੰ ਗ੍ਰਿਫਤਾਰ ਕਰ ਲਿਆ ਹੈ|
ਜਾਣਕਾਰੀ ਮੁਤਾਬਕ ਪੁਲੀਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਦੀ ਪਛਾਣ ਲੇਬਨਾਨ ਦੇ 42 ਸਾਲਾਂ ਫਾਦੀ ਨਾਸਨ ਨਾਭਾ ਦੇ ਰੂਪ ਵਿਚ ਹੋਈ ਹੈ, ਜੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਲੋੜੀਂਦਾ ਸੀ|
ਜਿਕਰਯੋਗ ਹੈ ਕਿ ਕਾਨੂੰਨ ਮੰਤਰਾਲੇ ਦੇ ਹੁਕਮ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਮੰਤਰਾਲੇ ਨੇ ਉਸ ਨੂੰ ਦੇਸ਼ ਵਿਚੋਂ ਬਾਹਰ ਕੱਢਣ ਦਾ ਹੁਕਮ ਵੀ ਦਿੱਤਾ ਸੀ| ਪੁਲੀਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸਾਨੂੰ ਉਸ ਦੀ ਤਲਾਸ਼ ਸੀ ਕਿਉਂਕਿ ਉਹ ਡਰੱਗ ਤਸਕਰੀ ਦੇ ਮਾਮਲੇ ਵਿਚ ਲੋੜੀਂਦਾ ਸੀ, ਅੱਤਵਾਦ ਦੇ ਮਾਮਲੇ ਵਿਚ ਨਹੀਂ| ਉਨ੍ਹਾਂ ਨੇ ਕਿਹਾ ਕਿ ਡਰੱਗ ਤਸਕਰੀ ਨਾਲ ਜੁੜਿਆ ਹੋਣ ਕਾਰਨ ਉਹ 2013 ਤੋਂ ਇੰਟਰਪੋਲ ਦੇ ਲੋੜੀਂਦੇ ਮੁਜਰਮਾਂ ਦੀ ਸੂਚੀ ਵਿਚ ਹੈ| ਦੋ ਸਾਲਾਂ ਤੱਕ ਉਸ ਨੇ ਹਿਜ਼ਬੁੱਲਾ ਵਿਚ ਹਥਿਆਰ ਅਤੇ ਵਿਸਫੋਟਕ ਚਲਾਉਣ ਦੀ ਸਿਖਲਾਈ ਲਈ ਸੀ| ਬ੍ਰਾਜ਼ੀਲ, ਹਿਜ਼ਬੁੱਲਾ ਨੂੰ ਅੱਤਵਾਦੀ ਨਹੀਂ ਮੰਨਦਾ ਹੈ| ਬੁਲਾਰੇ ਨੇ ਦੱਸਿਆ ਕਿ ਨਾਭਾ ਨੂੰ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਪਰ ਉਸ ਕੋਲੋਂ ਕੋਈ ਹਥਿਆਰ ਬਰਾਮਦ ਨਹੀਂ ਕੀਤਾ ਗਿਆ, ਸਿਰਫ ਫਰਜ਼ੀ ਪਛਾਣ ਪੱਤਰ ਨਾਲ ਜੁੜੇ ਕਾਗਜ਼ ਹੀ ਮਿਲੇ ਹਨ| ਜ਼ਿਕਰਯੋਗ ਹੈ ਕਿ ਰੀਓ ਵਿਚ ਪੰਜ ਅਗਸਤ ਤੋਂ ਸ਼ੁਰੂ ਹੋ ਰਹੀਆਂ ਓਲੰਪਿਕ ਖੇਡਾਂ ਦੌਰਾਨ ਪੰਜ ਲੱਖ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ| ਫਰਾਂਸ ਅਤੇ ਜਰਮਨੀ ਵਿਚ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਅਧਿਕਾਰੀਆਂ ਨੇ ਇੱਥੇ ਹਾਈ ਅਲਰਟ ਜਾਰੀ ਕਰ ਦਿੱਤਾ ਹੈ|

Leave a Reply

Your email address will not be published. Required fields are marked *