ਬ੍ਰਾਜ਼ੀਲ ਵਿੱਚ ਪੁਲੀਸ ਅਤੇ ਬੈਂਕ ਲੁਟੇਰਿਆਂ ਵਿਚਕਾਰ ਗੋਲੀਬਾਰੀ ਦੌਰਾਨ 11 ਵਿਅਕਤੀਆਂ ਦੀ ਮੌਤ

ਰੀਓ ਡੀ ਜਨੇਰੀਓ, 10 ਨਵੰਬਰ (ਸ.ਬ.) ਬ੍ਰਾਜ਼ੀਲ ਦੇ ਪੂਰਬ-ਉੱਤਰੀ ਖੇਤਰ ਵਿੱਚ ਬੈਂਕ ਵਿੱਚ ਡਕੈਤੀ ਕਰਨ ਮਗਰੋਂ ਪੁਲੀਸ ਨਾਲ ਹੋਈ ਝੜਪ ਵਿੱਚ ਘੱਟ ਤੋਂ ਘੱਟ 11 ਵਿਅਕਤੀ ਮਾਰੇ ਗਏ| ਖਬਰ ਏਜੰਸੀ ਮੁਤਾਬਕ ਪੇਨਾਂਬੁਕੋ ਸੂਬੇ ਵਿੱਚ ਅਗੁਆਸ ਬੇਲਸ ਵਿੱਚ ਇਕ ਬੈਂਕ ਲੁੱਟਣ ਮਗਰੋਂ ਲੁਟੇਰੇ ਇਕ ਘਰ ਵਿੱਚ ਲੁਕ ਗਏ|
ਲੋਕਾਂ ਨੇ ਦੱਸਿਆ ਕਿ ਲੁਟੇਰਿਆਂ ਦਾ ਗਰੁੱਪ ਦੋ ਗੱਡੀਆਂ ਵਿੱਚ ਬੈਂਕ ਪੁੱਜਾ ਸੀ ਅਤੇ ਉੱਥੋਂ ਨਿਕਲਣ ਦੌਰਾਨ ਉਨ੍ਹਾਂ ਨੇ ਕਈ ਰਾਊਂਡ ਹਵਾਈ ਫਾਇਰ ਕੀਤੇ| ਪੁਲੀਸ ਨੇ ਉਨ੍ਹਾਂ ਦਾ ਪਤਾ ਕਰਨ ਲਈ ਵੱਡੇ ਪੈਮਾਨੇ ਤੇ ਤਲਾਸ਼ੀ ਮੁਹਿੰਮ ਚਲਾਈ|
ਲੁਟੇਰੇ ਇਕ ਘਰ ਵਿੱਚ ਸਨ ਅਤੇ ਜਦ ਪੁਲੀਸ ਨੇ ਉਨ੍ਹਾਂ ਨੂੰ ਚਾਰੋਂ ਪਾਸਿਓਂ ਘੇਰ ਲਿਆ ਅਤੇ ਉਨ੍ਹਾਂ ਨੂੰ ਆਪਣੇ ਆਪ ਬਾਹਰ ਆਉਣ ਲਈ ਕਿਹਾ ਤਾਂ ਲੁਟੇਰਿਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਪੁਲੀਸ ਨੇ ਵੀ ਜਵਾਬੀ ਹਮਲਾ ਕਰ ਦਿੱਤਾ|
ਸਿਵਲ ਪੁਲੀਸ ਫੈਬਿਓ ਕੋਸਟਾ ਨੇ ਕਿਹਾ ਕਿ ਦੋਹਾਂ ਪੱਖਾਂ ਵਿਚਕਾਰ ਭਾਰੀ ਗੋਲੀਬਾਰੀ ਹੋਈ ਅਤੇ ਦੋਸ਼ੀਆਂ ਦੀ ਮੌਤ ਹੋ ਗਈ| ਇਸ ਦੇ ਇਲਾਵਾ ਪੁਲੀਸ ਨੂੰ ਵੱਡੀ ਗਿਣਤੀ ਵਿੱਚ ਧਮਾਕਾਖੇਜ਼ ਪਦਾਰਥ , ਰਾਈਫਲਾਂ, ਸ਼ਾਟਗਨਜ਼, ਪਿਸਤੌਲ ਅਤੇ ਡਕੈਤੀ ਵਿੱਚ ਲੁੱਟਿਆ ਗਿਆ ਪੈਸਾ ਵੀ ਬਰਾਮਦ ਹੋਇਆ| ਪੁਲੀਸ ਮੁਤਾਬਕ 11 ਲੁਟੇਰਿਆਂ ਨੂੰ ਹੋਰ ਦੋਸ਼ਾਂ ਤਹਿਤ ਜੇਲ ਦੀ ਸਜ਼ਾ ਸੁਣਾਈ ਗਈ ਸੀ| ਉਨ੍ਹਾਂ ਨੇ ਪੂਰਬ-ਉੱਤਰੀ ਖੇਤਰ ਵਿੱਚ ਕਈ ਨਗਰ ਪਾਲਿਕਾਵਾਂ ਵਿੱਚ ਬੈਂਕਾਂ ਅਤੇ ਵਪਾਰਕ ਕੇਂਦਰਾਂ ਤੇ ਹਮਲਾ ਵੀ ਕੀਤਾ ਸੀ|

Leave a Reply

Your email address will not be published. Required fields are marked *