ਬ੍ਰਿਟਿਸ਼ ਕੋਲੰਬੀਆ ਦੇ ਇਕ ਪਿੰਡ ਵਿੱਚ ਬੀਤੇ ਪੰਜ ਸਾਲਾਂ ਤੋਂ ਕੋਈ ਤਬਦੀਲੀ ਨਹੀਂ ਆਈ : ਰਿਪੋਰਟ

ਵੈਨਕੂਵਰ, 10 ਫਰਵਰੀ (ਸ.ਬ.) ਸਟੈਟੇਟਿਕਸ ਕੈਨੇਡਾ ਵੱਲੋਂ ਸਾਲ 2016 ਵਿਚ ਦੇਸ਼ ਵਿਚ ਆਈਆਂ ਤਬਦੀਲੀਆਂ ਬਾਰੇ ਰਿਪੋਰਟ ਜਾਰੀ ਕੀਤੀ ਗਈ ਹੈ| ਇਸ ਰਿਪੋਰਟ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦਾ ਇਕ ਪਿੰਡ ਬੀਤੇ ਪੰਜ ਸਾਲਾਂ ਤੋਂ ਉਸੇ ਤਰ੍ਹਾਂ ਦਾ ਹੈ ਅਤੇ ਉਸ ਵਿਚ ਕੋਈ ਤਬਦੀਲੀ ਨਹੀਂ ਆਈ| ਜਨਸੰਖਿਆ, ਕੁਦਰਤੀ ਖੂਬਸੂਰਤੀ ਦੇ ਆਧਾਰ ਤੇ ਇਸ ਪਿੰਡ ਵਿਚ ਕੁਝ ਨਹੀਂ ਬਦਲਿਆ| ਜਿਵੇਂ ਕਿ ਇਸ ਪਿੰਡ ਵਿਚ ਆ ਕੇ ਸਮਾਂ ਵੀ ਇਸ ਦੀ ਖੂਬਸੂਰਤੀ ਦੇਖ ਕੇ ਠਹਿਰ ਗਿਆ ਹੋਵੇ| ਬ੍ਰਿਟਿਸ਼ ਕੋਲੰਬੀਆ ਦਾ ਇਹ ਛੋਟਾ ਜਿਹਾ ਪਿੰਡ ਸਿਲਵਰਟਨ, ਸਲੋਕੈਨ ਝੀਲ ਦੇ ਕੰਢੇ ਤੇ ਸਥਿਤ ਹੈ| ਇਸ ਪਿੰਡ ਵਿਚ ਸਿਰਫ 195 ਲੋਕ ਰਹਿੰਦੇ ਹਨ ਅਤੇ ਬੀਤੇ ਪੰਜ ਸਾਲਾਂ ਤੋਂ ਇਸ ਪਿੰਡ ਦੀ ਆਬਾਦੀ ਇੰਨੀ ਹੀ ਹੈ| ਸਿਲਵਰਟਨ ਦੇ ਮੇਅਰ ਜੈਸਨ ਕਲਾਰਕ ਨੇ ਇਸ ਖ਼ਬਰ ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਉਹ ਇਸ ਤੇ ਮਾਣ ਮਹਿਸੂਸ ਕਰਦੇ ਹਨ| ਹਾਲਾਂਕਿ ਪਿੰਡ ਵਿਚ ਰਹਿਣ ਵਾਲੇ 195 ਲੋਕ ਉਹੀ ਨਹੀਂ ਹਨ| ਇਸ ਪਿੰਡ ਵਿਚ ਕਈ   ਨਵੇਂ ਲੋਕ ਆ ਕੇ ਵਸੇ ਹਨ ਅਤੇ ਕਈ ਪੁਰਾਣੇ ਲੋਕ ਚਲੇ ਗਏ| ਕਲਾਰਕ ਵੀ ਛੇ ਸਾਲ ਪਹਿਲਾਂ ਵੈਨਕੂਵਰ ਤੋਂ ਸਿਲਵਰਟਨ ਵਿਖੇ ਆ ਕੇ ਵੱਸ ਗਿਆ ਸੀ| ਉਨ੍ਹਾਂ ਕਿਹਾ ਕਿ ਇਹ ਥਾਂ ਬਹੁਤ ਸ਼ਾਂਤ ਅਤੇ ਕੁਦਰਤੀ ਨਜ਼ਾਰਿਆਂ ਨਾਲ ਭਰੀ ਹੋਈ ਹੈ| ਸ਼ਹਿਰ ਦੀ ਨੱਠ-ਭੱਜ ਵਾਲੀ ਜ਼ਿੰਦਗੀ ਤੋਂ ਦੂਰ ਕੁਦਰਤ ਦੀ ਗੋਦ ਵਿਚ ਆ ਕੇ ਉਨ੍ਹਾਂ ਨੂੰ ਬਹੁਤ ਵਧੀਆ ਲੱਗ ਰਿਹਾ ਹੈ| ਉਨ੍ਹਾਂ ਦੱਸਿਆ ਕਿ ਜਦੋਂ ਵੀ ਕੋਈ ਨਵਾਂ ਵਿਅਕਤੀ ਜਾਂ ਪਰਿਵਾਰ ਇੱਥੇ ਆਉਂਦਾ ਹੈ ਤਾਂ ਸਾਰੇ ਪਿੰਡ ਨੂੰ ਪਤਾ ਲੱਗ ਜਾਂਦਾ ਹੈ|

Leave a Reply

Your email address will not be published. Required fields are marked *