ਬ੍ਰਿਟਿਸ਼ ਕੋਲੰਬੀਆ ਵਿਚ ਜੰਗਲ ਦੀ ਅੱਗ ਹੋਰ ਭੜਕੀ ਹਜ਼ਾਰਾਂ ਲੋਕ ਘਰ ਛੱਡਣ ਲਈ ਮਜਬੂਰ

ਬ੍ਰਿਟਿਸ਼ ਕੋਲੰਬੀਆ, 10 ਜੁਲਾਈ (ਸ.ਬ.) ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਵਿਚ ਲੱਗੀ ਜੰਗਲ ਦੀ ਅੱਗ ਕਾਰਨ ਲੋਕਾਂ ਲਈ ਵੱਡੀ ਸਿਰਦਰਦੀ ਬਣ ਗਈ ਹੈ| ਸੂਬੇ ਵਿੱਚ ਐਮਰਜੈਂਸੀ ਅਲਰਟ ਜਾਰੀ ਕੀਤਾ ਗਿਆ ਹੈ| ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪੈ ਰਿਹਾ ਹੈ| ਅੱਗ ਕਾਰਨ ਕਈ ਹੈਕਟੇਅਰ ਜ਼ਮੀਨ ਸੜ ਕੇ ਸੁਆਹ ਹੋ ਗਈ ਹੈ| ਸੂਬੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਰਮ ਅਤੇ ਖੁਸ਼ਕ ਮੌਸਮ ਕਾਰਨ ਅਜੇ ਵੀ ਕਈ ਹੋਰ ਲੋਕਾਂ ਨੂੰ ਘਰ ਛੱਡਣ ਲਈ ਮਜਬੂਰ ਹੋਣਾ ਪੈ ਸਕਦਾ ਹੈ| ਇਕ ਅੰਦਾਜ਼ੇ ਮੁਤਾਬਕ ਹੁਣ ਤੱਕ 7000 ਲੋਕ ਆਪਣੇ ਘਰ ਛੱਡ ਕੇ ਜਾ ਚੁੱਕੇ ਹਨ| ਬੀ. ਸੀ. ਵਾਈਲਡਫਾਇਰ ਸਰਵਿਸ ਦੇ ਚੀਫ ਇਨਫਰਮੇਸ਼ਨ ਅਧਿਕਾਰੀ ਕੈਵਿਨ ਸਕਰੈਪਨੈਕ ਨੇ ਦੱਸਿਆ ਕਿ ਘਰ ਖਾਲੀ ਕਰਵਾਉਣ ਸੰਬੰਧੀ ਅਲਰਟ ਅਤੇ ਹੁਕਮਾਂ ਨੂੰ ਲੈ ਕੇ ਸਥਿਤੀ ਕਾਫੀ ਨਾਜ਼ੁਕ ਬਣੀ ਹੋਈ ਹੈ|
ਕਈ ਥਾਵਾਂ ਉਤੇ ਲੱਗੀ ਅੱਗ ਕਾਰਨ ਇਲਾਕੇ ਵਿਚ ਕਈ ਘਰ ਤਬਾਹ ਹੋ ਚੁੱਕੇ ਹਨ| ਬੀ.ਸੀ. ਨੇ ਕਮਿਊਨਿਟੀਜ਼ ਅਤੇ ਸਥਾਨਕ ਵਾਸੀਆਂ ਦੀ ਮਦਦ ਲਈ 100 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ, ਜਦਕਿ ਫੈਡਰਲ ਸਰਕਾਰ ਵਲੋਂ ਜਹਾਜ਼ ਭੇਜੇ ਜਾ ਰਹੇ ਹਨ| ਆਪਣੇ ਘਰ ਛੱਡਣ ਲਈ ਮਜਬੂਰ ਹੋਏ ਲੋਕ ਜਿਹੜੇ ਆਪਣਾ ਨਾਂ ਰਜਿਸਟਰ ਕਰਵਾ ਚੁੱਕੇ ਹਨ, ਕੁਝ ਪੈਸੇ ਰੈਡ ਕਰਾਸ ਰਾਹੀਂ ਤੁਰੰਤ ਹੀ ਉਨ੍ਹਾਂ ਨੂੰ ਮੁਹੱਈਆ ਕਰਵਾ ਦਿੱਤੇ ਜਾਣਗੇ| ਪਬਲਿਕ  ਸੇਫਟੀ ਮੰਤਰੀ ਰਾਲਫ ਗੁਡੇਲ ਨੇ ਆਖਿਆ ਕਿ ਉਨ੍ਹਾਂ ਨੇ ਅਤੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਫੈਡਰਲ ਸਹਿਯੋਗ ਦੀ ਬੀ.ਸੀ. ਦੀ ਬੇਨਤੀ ਸਵੀਕਾਰ ਕਰ ਲਈ ਹੈ| ਅੱਗ ਨੂੰ ਕਾਬੂ ਪਾਉਣ ਲਈ ਜ਼ਮੀਨੀ ਅਤੇ ਹਵਾਈ ਅਮਲਾ ਕਾਫੀ ਯਤਨ  ਕਰ ਰਿਹਾ ਹੈ|
ਦੱਸਣ ਯੋਗ ਹੈ ਕਿ ਬੀਤੇ ਦਿਨੀਂ ਬੀ. ਸੀ. ਦੇ ਕੈਰੀਬੂ ਇਲਾਕੇ ਵਿੱਚ ਜੰਗਲ ਦੀਆਂ ਝਾੜੀਆਂ ਨੂੰ ਅੱਗ ਲੱਗ ਗਈ| ਗਰਮ ਅਤੇ ਖੁਸ਼ਕ ਮੌਸਮ ਕਾਰਨ ਅੱਗ ਨੂੰ ਬੁਝਾਉਣ ਲਈ ਫਾਇਰਫਾਈਟਰਾਂ ਨੂੰ ਕਾਫੀ ਮੁਸ਼ੱਕਤ ਕਰਨੀ ਪੈ ਰਹੀ ਹੈ| ਫਾਇਰਫਾਈਟਰ ਅੱਗ ਬੁਝਾਉਣ ਦੇ ਨਾਲ-ਨਾਲ ਲੋਕਾਂ ਨੂੰ ਸੁਰੱਖਿਅਤ ਰੱਖਣ ਅਤੇ ਉਨ੍ਹਾਂ ਦੀ ਜਾਇਦਾਦ ਦੀ ਰੱਖਿਆ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ|

Leave a Reply

Your email address will not be published. Required fields are marked *