ਬ੍ਰਿਟੇਨ ਵਲੋਂ ਘੱਟ ਵੀਜੇ ਦੇਣ ਦੇ ਫੈਸਲੇ ਨਾਲ ਸਭ ਤੋਂ ਵਧ ਭਾਰਤੀ ਹੋਣਗੇ ਪ੍ਰਭਾਵਿਤ

ਬ੍ਰਿਟੇਨ, 17 ਮਈ (ਸ.ਬ.) ਭਾਰਤ ਦੇ ਇੰਜੀਨੀਅਰ, ਆਈ.ਟੀ ਪ੍ਰੋਫੈਸ਼ਨਲ, ਡਾਕਟਰ ਅਤੇ ਅਧਿਆਪਕਾਂ ਸਮੇਤ 6080 ਹੁਨਰਮੰਦ ਕਾਮਿਆਂ ਨੂੰ ਦਸੰਬਰ 2017 ਤੋਂ ਬਾਅਦ ਬ੍ਰਿਟੇਨ ਵਿਚ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ| ਇਨ੍ਹਾਂ ਅੰਕੜਿਆਂ ਤੋਂ ਸੰਕੇਤ ਮਿਲਦਾ ਹੈ ਕਿ ਬ੍ਰਿਟੇਨ ਵਿਚ ਸਾਲਾਨਾ ਰੂਪ ਨਾਲ ਵੀਜ਼ੇ ਦੀ ਗਿਣਤੀ ਸੀਮਿਤ ਕੀਤੇ ਜਾਣ ਨਾਲ ਸਭ ਤੋਂ ਜ਼ਿਆਦਾ ਭਾਰਤੀ ਪ੍ਰਭਾਵਿਤ ਹੋਏ ਹਨ| ਕੈਂਪੇਨ ਫੋਰ ਸਾਇੰਸ ਐਂਡ ਇੰਜੀਨੀਅਰਿੰਗ (ਸੀ.ਏ.ਐਸ.ਈ) ਨੂੰ ਸੂਚਨਾ ਦੀ ਆਜ਼ਾਦੀ (ਐਫ.ਓ.ਆਈ) ਜ਼ਰੀਏ ਬ੍ਰਿਟੇਨ ਦੇ ਗ੍ਰਹਿ ਵਿਭਾਗ ਤੋਂ ਇਹ ਅੰਕੜਾ ਮਿਲਿਆ ਹੈ| ਇਸ ਜ਼ਰੀਏ ਬ੍ਰਿਟੇਨ ਦੀਆਂ ਕੰਪਨੀਆਂ ਵਿਚ ਯੂਰਪੀ ਸੰਘ ਦੇ ਬਾਹਰ ਦੇ ਹੁਨਰਮੰਦ ਕਾਮਿਆਂ ਨੂੰ ਲਿਆਏ ਜਾਣ ਤੇ ਸਰਕਾਰ ਵੱਲੋਂ ਲਗਾਈ ਗਈ ਸਾਲਾਨਾ ਇਮੀਗ੍ਰੇਸ਼ਨ ਦੀ ਹੱਦ ਕਾਰਨ ਪੈਦਾ ਹੋਈ ਸਮੱਸਿਆ ਦੇ ਬਾਰੇ ਵਿਚ ਦੱਸਿਆ ਗਿਆ ਹੈ|
ਬ੍ਰਿਟੇਨ ਦੇ ਰਾਸ਼ਟਰੀ ਅੰਕੜੇ ਦਫਤਰ (ਓ.ਐਨ.ਐਸ) ਦੇ ਨਵੇਂ ਅੰਕੜੇ ਮੁਤਾਬਕ ਯੂਰਪੀ ਸੰਘ ਦੇ ਬਾਹਰ ਹੁਨਰਮੰਦ ਕਾਮਿਆਂ ਲਈ ਸਭ ਤੋਂ ਜ਼ਿਆਦਾ (57 ਫੀਸਦੀ) ਵੀਜ਼ਾ ਭਾਰਤੀਆਂ ਨੂੰ ਦਿੱਤਾ ਗਿਆ| ਇਸ ਤੋਂ ਪਤਾ ਲੱਗਦਾ ਹੈ ਕਿ ਸਭ ਤੋਂ ਜ਼ਿਆਦਾ ਪ੍ਰਭਾਵਿਤ ਭਾਰਤੀ ਹੁਨਰਮੰਦ ਕਾਮੇ ਹੋਣਗੇ| ਸੀ.ਏ.ਐਸ.ਈ ਦੀ ਉਪ ਨਿਦੇਸ਼ਕ ਨਓਮੀ ਵੀਰ ਨੇ ਕਿਹਾ, ‘ਵਿਗਿਆਨ, ਇੰਜੀਨੀਅਰਿੰਗ ਅਤੇ ਤਕਨਾਲੋਜੀ ਨੂੰ ਹੁਨਰਮੰਦ ਅਤੇ ਸਰਹੱਦ ਤੇ ਭਾਰਤ-ਬ੍ਰਿਟੇਨ ਦੀ ਭਾਗੀਦਾਰੀ ਤੋਂ ਫਾਇਦਾ ਮਿਲਿਆ ਹੈ ਪਰ ਸਾਨੂੰ ਜੋ ਅੰਕੜਾ ਮਿਲਿਆ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਸਾਡਾ ਇਮੀਗ੍ਰੇਸ਼ਨ ਸਿਸਟਮ ਇਸ ਟੀਚੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ|’ ਉਨ੍ਹਾਂ ਕਿਹਾ ਕਿ, ‘ਅਸੀਂ ਸਰਕਾਰ ਤੋਂ ਇਮੀਗ੍ਰੇਸ਼ਨ ਸਿਸਟਮ ਵਿਚ ਬਦਲਾਅ ਦੀ ਮੰਗ ਕਰਦੇ ਹਾਂ ਤਾਂ ਕਿ ਕੰਪਨੀਆਂ ਆਪਣੀ ਜ਼ਰੂਰਤ ਮੁਤਾਬਕ ਹੁਨਰਮੰਦਾਂ ਤੱਕ ਪਹੁੰਚ ਸਕੇ ਅਤੇ ਇਹ ਯਕੀਨੀ ਹੋ ਸਕੇ ਕਿ ਬ੍ਰਿਟੇਨ ਦਾ ਇਮੀਗ੍ਰੇਸ਼ਨ ਸਿਸਟਮ ਵਿਗਿਆਨ, ਇੰਜੀਨੀਅਰਿੰਗ ਅਤੇ ਤਕਨਾਲੋਜੀ ਦੇ ਹੁਨਰਮੰਦਾਂ ਲਈ ਖੁੱਲ੍ਹਾ ਰਹੇ|’ ਹਾਲਾਂਕਿ ਇਹ ਨਹੀਂ ਪਤਾ ਕਿ ਦਸੰਬਰ 2017 ਅਤੇ ਮਾਰਚ 2018 ਦਰਮਿਆਨ ਵੀਜ਼ਾ ਦੇਣ ਤੋਂ ਮਨ੍ਹਾ ਕੀਤੇ ਗਏ 6080 ਹੁਨਰਮੰਦ ਕਾਮਿਆਂ ਵਿਚ ਕਿੰਨੇ ਕਿਹੜੇ ਦੇਸ਼ ਦੇ ਸਨ| ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਅੱਧੇ ਤੋਂ ਜ਼ਿਆਦਾ (3500) ਇੰਜੀਨੀਅਰਿੰਗ, ਆਈ.ਟੀ, ਤਕਨਾਲੋਜੀ, ਅਧਿਆਪਕ ਅਤੇ ਡਾਕਟਰੀ ਖੇਤਰ ਦੇ ਹੁਨਰਮੰਦ ਸਨ|

Leave a Reply

Your email address will not be published. Required fields are marked *