ਬ੍ਰਿਟੇਨ ਵਿੱਚ ਭਾਰਤੀ ਔਰਤ ਦੇ ਕਤਲ ਦੀ ਸੁਲਝੀ ਗੁੱਥੀ

ਲੰਡਨ, 5 ਦਸੰਬਰ (ਸ.ਬ.) ਉੱਤਰੀ ਇੰਗਲੈਂਡ ਦੇ ਮਿਡਿਲਸਬੋਰੋ ਵਿੱਚ ਰਹਿ ਰਹੇ ਭਾਰਤੀ ਵਿਅਕਤੀ ਨੇ ਆਪਣੀ ਭਾਰਤੀ ਪਤਨੀ ਜੈਸਿਕਾ ਦਾ ਕਤਲ ਕਰ ਦਿੱਤਾ ਸੀ| ਮਈ 2018 ਨੂੰ ਜੈਸਿਕਾ ਦੀ ਲਾਸ਼ ਉਸ ਦੇ ਘਰ ਵਿੱਚੋਂ ਮਿਲੀ ਸੀ| ਅਦਾਲਤ ਨੇ 34 ਸਾਲਾ ਜੈਸਿਕਾ ਦੇ ਗੇਅ ਪਤੀ ਮਿਤੇਸ਼ ਪਟੇਲ ਨੂੰ ਉਸ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਹੈ| ਪਹਿਲਾਂ ਤਾਂ ਮਿਤੇਸ਼ ਪਟੇਲ (37) ਨੇ ਪਤਨੀ ਜੈਸਿਕਾ ਦਾ ਕਤਲ ਕਰਨ ਦੇ ਦੋਸ਼ ਤੋਂ ਇਨਕਾਰ ਕੀਤਾ ਸੀ ਪਰ ਹੁਣ ਸਬੂਤਾਂ ਕਾਰਨ ਸਾਰਾ ਸੱਚ ਸਾਹਮਣੇ ਆ ਗਿਆ ਹੈ|
ਪਟੇਲ ਗੇਅ ਹੈ ਅਤੇ ਉਸ ਨੇ ਆਪਣੇ ਦੋਸਤ ਨਾਲ ਵਿਆਹ ਕਰਵਾਉਣ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ| ਪਟੇਲ ਉਸ ਨਾਲ ਗੇਅ ਡੇਟਿੰਗ ਐਪ ਵਿੱਚ ਮਿਲਿਆ ਸੀ| ਜਾਣਕਾਰੀ ਮੁਤਾਬਕ ਮਿਤੇਸ਼ ਨੇ ਆਪਣੇ ਪ੍ਰੇਮੀ ਡਾਕਟਰ ਅਮਿਤ ਪਟੇਲ ਨਾਲ ਆਸਟ੍ਰੇਲੀਆ ਸ਼ਿਫਟ ਹੋਣ ਦੀ ਪੂਰੀ ਯੋਜਨਾ ਬਣਾ ਲਈ ਸੀ| ਅਦਾਲਤ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਦਾ ਕਤਲ ਕਰਨ ਲਈ ਇੰਟਰਨੈਟ ਤੇ ਕੁੱਝ ਚੀਜ਼ਾਂ ਸਰਚ ਕੀਤੀਆਂ ਸਨ, ਜਿਵੇਂ ‘ਪਤਨੀ ਨੂੰ ਜਾਨ ਤੋਂ ਕਿਵੇਂ ਮਾਰੀਏ’, ‘ਮੈਂ ਆਪਣੀ ਪਤਨੀ ਨੂੰ ਮਾਰਨਾ ਚਾਹੁੰਦਾ ਹਾਂ’, ਇੰਸੁਲਿਨ ਓਵਰਡੇਜ਼, ‘ਪਲਾਨ ਟੂ ਕਿਲ ਵਾਈਫ’ ਆਦਿ| ਪਟੇਲ ਖਿਲਾਫ ਤੀਸਾਇਡ ਕ੍ਰਾਊਨ ਕੋਰਟ ਵਿੱਚ ਪਿਛਲੇ ਹਫਤੇ ਮੁਕੱਦਮਾ ਸ਼ੁਰੂ ਹੋਇਆ| ਸੁਣਵਾਈ ਦੌਰਾਨ ਵਕੀਲ ਨੇ ਸਬੂਤ ਪੇਸ਼ ਕਰਦਿਆਂ ਦੱਸਿਆ ਕਿ ਮਿਤੇਸ਼ ਨੇ ਆਪਣੀ ਪਤਨੀ ਦੇ ਹੱਥ ਬੰਨ੍ਹ ਕੇ ਉਸ ਨੂੰ ਇੰਸੁਲਿਨ ਦਾ ਟੀਕਾ ਲਗਾਉਣ ਮਗਰੋਂ ਪਲਾਸਟਿਕ ਬੈਗ ਦੀ ਮਦਦ ਨਾਲ ਉਸ ਦਾ ਕਤਲ ਕੀਤਾ| ਜਸਟਿਸ ਜੇਮਜ਼ ਗੋਸ ਨੇ ਦੱਸਿਆ ਕਿ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਹੋਣਾ ਨਿਸ਼ਚਿਤ ਹੈ| ਸਜ਼ਾ ਕਿੰਨੇ ਸਾਲ ਦੀ ਹੋਵੇਗੀ, ਇਸ ਬਾਰੇ ਛੇਤੀ ਹੀ ਫੈਸਲਾ ਆਉਣ ਵਾਲਾ ਹੈ|

Leave a Reply

Your email address will not be published. Required fields are marked *