ਬ੍ਰਿਟੇਨ ਵਿੱਚ ਭਾਰਤੀ ਮੂਲ ਦੀ ਔਰਤ ਦਾ ਕਤਲ, ਪਹਿਲੇ ਪਤੀ ਤੇ ਲੱਗੇ ਦੋਸ਼

ਲੰਡਨ, 14 ਨਵੰਬਰ (ਸ.ਬ.) ਬ੍ਰਿਟੇਨ ਵਿੱਚ ਭਾਰਤੀ ਮੂਲ ਦੀ ਇਕ ਗਰਭਵਤੀ ਔਰਤ ਦੀ ਤੀਰ ਲੱਗਣ ਕਾਰਨ ਮੌਤ ਹੋ ਗਈ| ਹਾਲਾਂਕਿ ਐਮਰਜੈਂਸੀ ਵਿੱਚ ਕੀਤੇ ਗਏ ਆਪ੍ਰੇਸ਼ਨ ਤੋਂ ਬਾਅਦ ਬੱਚੇ ਨੂੰ ਬਚਾਅ ਲਿਆ ਗਿਆ| ਪੂਰਬੀ ਲੰਡਨ ਦੇ ਇਲਫੋਰਡ ਇਲਾਕੇ ਵਿੱਚ ਹੋਏ ਇਸ ਹਮਲੇ ਵਿੱਚ ਤੀਰ ਔਰਤ ਦੇ ਪੇਟ ਨੂੰ ਚੀਰਦੇ ਹੋਏ ਦਿਲ ਤੱਕ ਪਹੁੰਚ ਗਿਆ ਸੀ| ਮ੍ਰਿਤਕਾ ਦੀ ਪਛਾਣ 35 ਸਾਲਾ ਦੇਵੀ ਉਨਮਥਾਲੇਗਾੜੂ ਵਜੋਂ ਹੋਈ ਹੈ|
ਸਕਾਟਲੈਂਡ ਯਾਰਡ ਦੇ ਅਧਿਕਾਰੀਆਂ ਨੇ 50 ਸਾਲ ਦੇ ਇਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ, ਜਿਸ ਨੂੰ ਔਰਤ ਦਾ ਪਹਿਲਾ ਪਤੀ ਦੱਸਿਆ ਜਾ ਰਿਹਾ ਹੈ| ਦੇਵੀ ਉਸ ਦੇ 3 ਬੱਚਿਆਂ ਦੀ ਮਾਂ ਸੀ| ਦੇਵੀ ਨੇ ਧਰਮ ਬਦਲ ਕੇ ਇਮਤਿਆਜ਼ ਮੁਹੰਮਦ ਨਾਲ 7 ਸਾਲ ਪਹਿਲਾਂ ਦੂਜਾ ਵਿਆਹ ਕਰਵਾ ਲਿਆ ਸੀ ਅਤੇ ਆਪਣਾ ਨਾਂ ਸਨਾ ਮੁਹੰਮਦ ਰੱਖ ਲਿਆ ਸੀ| ਉਸ ਦੇ ਪਹਿਲੇ ਪਤੀ ਤੋਂ 18, 14 ਅਤੇ 12 ਸਾਲ ਦੇ 3 ਬੱਚੇ ਹਨ| ਇਮਤਿਆਜ਼ ਤੋਂ ਉਸ ਦੀਆਂ ਦੋ ਕੁੜੀਆਂ 5 ਅਤੇ 2 ਸਾਲ ਦੀਆਂ ਸਨ| ਤੀਸਰੇ ਬੱਚੇ ਦਾ ਜਨਮ 4 ਹਫਤੇ ਬਾਅਦ ਹੋਣਾ ਸੀ ਪਰ ਆਪ੍ਰੇਸ਼ਨ ਰਾਹੀਂ ਬੱਚੇ ਨੂੰ ਬਚਾ ਲਿਆ ਗਿਆ|
ਜਾਣਕਾਰੀ ਮੁਤਾਬਕ ਜਦ ਦੇਵੀ ਤੇ ਹਮਲਾ ਹੋਇਆ ਤਾਂ ਇਮਤਿਆਜ਼ ਘਰ ਵਿੱਚ ਹੀ ਸੀ| ਦੇਵੀ ਦੇ ਦਿਲ ਵਿੱਚ ਤੀਰ ਵੱਜਣ ਕਾਰਨ ਉਸ ਦੀ ਹਾਲਤ ਗੰਭੀਰ ਸੀ| ਡਾਕਟਰਾਂ ਨੂੰ ਤੀਰ ਕੱਢਣਾ ਵਧੇਰੇ ਖਤਰਨਾਕ ਲੱਗਾ, ਇਸ ਲਈ ਉਨ੍ਹਾਂ ਪਹਿਲਾਂ ਉਸ ਦਾ ਆਪ੍ਰੇਸ਼ਨ ਕਰਕੇ ਬੱਚੇ ਨੂੰ ਬਚਾਇਆ| ਹਿਰਾਸਤ ਵਿੱਚ ਲਏ ਗਏ ਉਨਮਥਾਲੇਗਾੜੂ ਨੂੰ ਵੀਰਵਾਰ ਨੂੰ ਲੰਡਨ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ|

Leave a Reply

Your email address will not be published. Required fields are marked *