ਬੰਗਲਾ ਦੇਸ਼ ਦੇ 20 ਡਿਪਟੀ ਕਮਿਸ਼ਨਰਾਂ ਨੇ ਸਪੈਸ਼ਲ ਟ੍ਰੇਨਿੰਗ ਪ੍ਰੋਗਰਾਮ ਵਿਚ ਲਿਆ ਹਿੱਸਾ

ਐਸ.ਏ.ਐਸ.ਨਗਰ, 21 ਨਵੰਬਰ (ਸ.ਬ.) ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਸ ਮੰਸੂਰੀ ਨਾਲ ਜੁੜੇ ਪ੍ਰੋਜੈਕਟ ਤਹਿਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਥਿਤ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬੰਗਲਾ ਦੇਸ਼ ਦੇ 20 ਡਿਪਟੀ ਕਮਿਸ਼ਨਰਾਂ ਨੇ ਸੱਤਵੇਂ ਸਪੈਸ਼ਲ ਟ੍ਰੇਨਿੰਗ ਪ੍ਰੋਗਰਾਮ ਵਿਚ ਹਿੱਸਾ ਲਿਆ|
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਬੰਗਲਾ ਦੇਸ਼ ਦੇ ਡਿਪਟੀ ਕਮਿਸ਼ਨਰਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿਚ ਪੁੱਜਣ ਤੇ ਉਨ੍ਹਾਂ ਨੂੰ ਜੀ ਆਇਆਂ ਆਖਿਆ| ਸ੍ਰੀਮਤੀ ਸਪਰਾ ਨੇ ਆਪਣੇ ਵੱਲੋਂ ਦਿੱਤੀ ਪਰਜੈਂਟੇਸ਼ਨ ਵਿਚ ਜ਼ਿਲ੍ਹੇ ਦੇ ਪਿਛੋਕੜ, ਇਤਿਹਾਸਕ ਮਹੱਤਤਾ ਅਤੇ ਜ਼ਿਲ੍ਹੇ ਵਿੱਚ ਸਥਿਤ ਨਾਮਵਰ ਸੰਸਥਾਵਾਂ ਬਾਰੇ ਜਾਣਕਾਰੀ ਦਿੱਤੀ| ਉਨ੍ਹਾਂ ਇਸ ਮੌਕੇ ਡਿਪਟੀ ਕਮਿਸ਼ਨਰ ਦੇ ਦਫਤਰ ਅਤੇ ਇੱਥੇ ਮੌਜੂਦ ਹੋਰਨਾਂ ਅਧਿਕਾਰੀਆਂ ਦੇ ਦਫਤਰਾਂ ਦੇ ਕੰਮਕਾਜ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ| ਸ੍ਰੀਮਤੀ ਸਪਰਾ ਨੇ ਦੱਸਿਆ ਕਿ ਇਸ ਟ੍ਰੇਨਿੰਗ ਪ੍ਰੋਗਰਾਮ ਦਾ ਜਿੱਥੇ ਬੰਗਲਾ ਦੇਸ ਦੇ ਡਿਪਟੀ ਕਮਿਸ਼ਨਰਾਂ ਨੂੰ ਵੱਡਾ ਫਾਇਦਾ ਹੋਵੇਗਾ ਉੱਥੇ ਐਸ.ਏ.ਐਸ. ਨਗਰ ਦੇ ਜਿਲ਼੍ਹਾ ਅਧਿਕਾਰੀਆਂ ਦੀ ਜਾਣਕਾਰੀ ਵਿਚ ਵੀ ਵਾਧਾ ਹੋਵੇਗਾ| ਇਸ ਮੌਕੇ ਪੁਲੀਸ ਪ੍ਰਸਾਸ਼ਨ ਵੱਲੋਂ ਡੀ.ਐਸ.ਪੀ. ਸੰਦੀਪ ਕੌਰ ਨੇ ਜ਼ਿਲ੍ਹੇ ਵਿਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ, ਸਿਵਲ ਅਤੇ ਪੁਲੀਸ ਪ੍ਰਸਾਸ਼ਨ ਦੇ ਤਾਲਮੇਲ ਅਤੇ ਪੁਲੀਸ ਵੱਲੋਂ ਸ਼ੁਰੂ ਕੀਤੀਆਂ ਹੈਲਪ ਲਾਈਨਾਂ ਬਾਰੇ ਵੀ ਜਾਣਕਾਰੀ ਦਿੱਤੀ|
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਜੀਵ ਕੁਮਾਰ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਚਰਨਦੇਵ ਸਿੰਘ ਮਾਨ ਅਤੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ: ਪਾਲਿਕਾ ਅਰੋੜਾ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਐਸ.ਡੀ.ਐਮ. ਮੁਹਾਲੀ ਆਰ.ਪੀ. ਸਿੰਘ, ਐਸ.ਡੀ. ਐਮ.ਖਰੜ, ਅਮਨਿੰਦਰ ਕੌਰ ਬਰਾੜ, ਐਸ਼.ਡੀ.ਐਮ. ਡੇਰਾਬਸੀ ਪਰਮਦੀਪ ਸਿੰਘ, ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ| ਇਸ ਤੋਂ ਉਪਰੰਤ ਡਿਪਟੀ ਕਮਿਸ਼ਨਰਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਫਰਦ ਕੇਂਦਰ ਅਤੇ ਸੁਵਿਧਾ ਕੇਂਦਰ ਵਿੱਚ ਜਾ ਕੇ ਕੰਮਕਾਜ ਦਾ ਜਾਇਜਾ ਵੀ ਲਿਆ|
ਬਾਅਦ ਵਿਚ ਡਾ: ਮੁਹੰਮਦ ਮਾਸੂਮਰ ਰਹਿਮਾਨ ਡਿਪਟੀ ਕਮਿਸ਼ਨਰ ਪਟੂਆਖਲੀ (ਬੰਗਲਾ ਦੇਸ਼) ਅਤੇ ਤਪਨ ਕੁਮਾਰ ਵਿਸ਼ਵਾਸ ਡਿਪਟੀ ਕਮਿਸ਼ਨਰ ਬੇਜਰਹੱਤ (ਬੰਗਲਾ ਦੇਸ਼) ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਬੰਗਲਾ ਦੇਸ਼ ਵਿਚ ਵੀ ਈ-ਗਵਰਨੈਸ ਦੇ ਪ੍ਰੋਗਰਾਮ ਚਲ ਰਹੇ ਹਨ ਅਤੇ ਡਿਪਟੀ ਕਮਿਸ਼ਨਰਾਂ ਦੇ ਕੰਮਕਾਜ਼ ਵੀ ਇੱਕ ਦੂਜੇ ਨਾਲ ਕਾਫੀ ਮੇਲ ਖਾਂਦੇ ਹਨ| ਪ੍ਰੰਤੁ ਉਹ ਫਰਦ ਕੇਂਦਰਾਂ ਅਤੇ ਸੇਵਾ ਕੇਂਦਰਾਂ ਦੇ ਕੰਮਕਾਜ਼ ਤੋਂ ਬੇਹੱਦ ਪ੍ਰਭਾਵਿਤ ਹੋਏ ਹਨ| ਇਸ ਮੌਕੇ ਸਹਾਇਕ ਪ੍ਰੋਫੈਸਰ ਨੈਸ਼ਨਲ ਸੈਂਟਰ ਫਾਰ ਗੁੱਡ ਗਵਰਨੈਸ ਮੰਸੂਰੀ ਡਾ:ਏ.ਪੀ.ਸਿੰਘ ਨੇ ਦੱਸਿਆ ਕਿ ਸੈਂਟਰ ਵੱਲੋਂ ਹੁਣ ਤੱਕ 110 ਡਿਪਟੀ ਕਮਿਸ਼ਨਰਾਂ ਸਮੇਤ 1382 ਬੰਗਲਾਦੇਸ਼ੀ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ ਹੈ ਅਤੇ ਦੋਵੇ ਦੇਸ਼ਾਂ ਦੇ ਸਮਝੋਤੇ ਤਹਿਤ ਬੰਗਲਾ ਦੇਸ਼ ਦੇ ਕੁੱਲ 1500 ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ|

Leave a Reply

Your email address will not be published. Required fields are marked *