ਬੰਗਲਾ ਵਿਵਾਦ : ਹਾਈ ਕੋਰਟ ਨੇ ਤੇਜਸਵੀ ਯਾਦਵ ਦੀ ਪਟੀਸ਼ਨ ਕੀਤੀ ਖਾਰਜ

ਪਟਨਾ, 7 ਜਨਵਰੀ (ਸ.ਬ.) ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਪਟਨਾ ਹਾਈ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ| ਸਰਕਾਰੀ ਬੰਗਲਾ ਖਾਲੀ ਕਰਨ ਦੇ ਬਿਹਾਰ ਸਰਕਾਰ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਤੇਜਸਵੀ ਯਾਦਵ ਦੀ ਪਟੀਸ਼ਨ ਨੂੰ ਹਾਈ ਕੋਰਟ ਨੇ ਅੱਜ ਖਾਰਜ ਕਰ ਦਿੱਤਾ| ਅਦਾਲਤ ਦੇ ਇਸ ਫੈਸਲੇ ਤੋਂ ਸਾਫ ਹੋ ਗਿਆ ਹੈ ਕਿ ਤੇਜਸਵੀ ਨੂੰ ਸਰਕਾਰੀ ਬੰਗਲਾ ਖਾਲੀ ਕਰਨਾ ਹੀ ਹੋਵੇਗਾ| ਹਾਲਾਂਕਿ ਉਨ੍ਹਾਂ ਕੋਲ ਅਜੇ ਸੁਪਰੀਮ ਕੋਰਟ ਜਾਣ ਦਾ ਮੌਕਾ ਹੈ| ਦਰਅਸਲ ਕਾਂਗਰਸ ਅਤੇ ਜਨਤਾ ਦਲ (ਯੂ) ਦੀ ਗਠਜੋੜ ਸਰਕਾਰ ਵਿੱਚ ਉੱਪ ਮੁੱਖ ਮੰਤਰੀ ਬਣਨ ਤੋਂ ਬਾਅਦ ਤੇਜਸਵੀ ਯਾਦਵ ਨੂੰ ਸਰਕਾਰੀ ਘਰ ਅਲਾਟ ਕੀਤਾ ਗਿਆ ਸੀ| ਮਹਾਗਠਜੋੜ ਦੀ ਸਰਕਾਰ ਦੌਰਾਨ ਤੇਜਸਵੀ ਨੂੰ ਪਟਨਾ ਦੇ 5 ਦੇਸ਼ਰਤਨ ਮਾਰਗ ਸਥਿਤ ਇਹ ਸਰਕਾਰੀ ਬੰਗਲਾ ਮਿਲਿਆ ਸੀ ਪਰ ਆਰ.ਜੇ.ਡੀ. ਤੋਂ ਵੱਖ ਹੋ ਕੇ ਜੇ.ਡੀ.ਯੂ. ਨੇ ਭਾਜਪਾ ਨਾਲ ਸਰਕਾਰ ਬਣਾ ਲਈ|
ਭਾਜਪਾ ਨਾਲ ਆਉਣ ਤੋਂ ਬਾਅਦ ਸੁਸ਼ੀਲ ਕੁਮਾਰ ਮੋਦੀ ਉੱਪ ਮੁੱਖ ਮੰਤਰੀ ਬਣੇ| ਇਸ ਤੋਂ ਬਾਅਦ ਬਿਹਾਰ ਸਰਕਾਰ ਨੇ ਤੇਜਸਵੀ ਨੂੰ ਸਰਕਾਰੀ ਘਰ ਖਾਲੀ ਕਰਨ ਲਈ ਕਿਹਾ ਸੀ| ਸਰਕਾਰ ਦੇ ਫੈਸਲੇ ਨੂੰ ਤੇਜਸਵੀ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ| ਹੁਣ ਤੇਜਸਵੀ ਦੀ ਪਟੀਸ਼ਨ ਨੂੰ ਹਾਈ ਕੋਰਟ ਨੇ ਖਾਰਜ ਕਰ ਦਿੱਤਾ ਹੈ| ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੰਗਲਾ ਖਾਲੀ ਕਰਨ ਨੂੰ ਲੈ ਕੇ ਆਰ.ਜੇ.ਡੀ. ਅਤੇ ਜੇ.ਡੀ. (ਯੂ) ਦਰਮਿਆਨ ਬਹੁਤ ਤਕਰਾਰ ਵੀ ਰਹੀ| ਪਿਛਲੇ ਮਹੀਨੇ ਬੰਗਲਾ ਖਾਲੀ ਕਰਵਾਉਣ ਪੁੱਜੀ ਪੁਲੀਸ ਟੀਮ ਨੂੰ ਖਾਲੀ ਹੱਥ ਵਾਪਸ ਆਉਣਾ ਪਿਆ ਸੀ| ਬੰਗਲੇ ਦੇ ਗੇਟ ਤੇ ਇਕ ਨੋਟਿਸ ਲੱਗਾ ਸੀ ਜਿਸ ਤੇ ਲਿਖਿਆ ਹੈ- ਮਾਮਲਾ ਕੋਰਟ ਵਿੱਚ ਹੈ, ਇਸ ਲਈ ਬੰਗਲਾ ਖਾਲੀ ਕਰਵਾਉਣ ਦਾ ਦਬਾਅ ਨਾ ਬਣਾਏ|

Leave a Reply

Your email address will not be published. Required fields are marked *