ਬੱਚਿਆਂ ਦੇ ਬੌਧਿਕ ਵਿਕਾਸ ਕਰਨ ਦੇ ਨਾਲ ਨਾਲ ਸਮਾਜਿਕ ਕਦਰਾਂ ਕੀਮਤਾਂ ਤੋਂ ਜਾਣੂ ਕਰਾਉਣਾ ਜਰੂਰੀ: ਅਲਕਾ ਬਦਨੌਰ

ਐਸ.ਏ.ਐਸ. ਨਗਰ, 16 ਜੂਨ (ਸ.ਬ.) ਬੱਚਿਆਂ ਦੇ ਬੌਧਿਕ ਵਿਕਾਸ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਸਮਾਜਿਕ ਕਦਰਾਂ ਕੀਮਤਾਂ ਤੋ ਜਾਣੂ ਕਰਾਊਣਾ ਜਰੂਰੀ ਹੈ ਤਾਂ ਜੋ ਨਵੇਂ ਅਤੇ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਾਲ ਭਵਨ ਮੁਹਾਲੀ ਵਿਖੇ ਚਾਇਲਡ ਵੈਲਫੇਅਰ ਕੌਂਸਲ ਪੰਜਾਬ ਵੱਲੋਂ ਆਯੋਜਿਤ 15 ਰੋਜਾ ਸਮਰ ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਰਾਜਪਾਲ ਪੰਜਾਬ ਦੀ ਪਤਨੀ ਅਤੇ ਉਪ ਪ੍ਰਧਾਨ ਚਾਇਲਡ   ਵੈਲਫੇਅਰ ਕੌਂਸਲ ਸ੍ਰੀਮਤੀ ਅਲਕਾ ਬਦਨੌਰ ਨੇ ਆਪਣੇ ਸੰਬੋਧਨ ਵਿੱਚ ਕੀਤਾ| ਇਸ ਤੋਂ ਪਹਿਲਾਂ ਉਨ੍ਹਾਂ ਸਮਰ ਕੈਂਪ ਦੌਰਾਨ ਬੱਚਿਆਂ ਵੱਲੋਂ ਤਿਆਰ ਕੀਤੀਆਂ ਵਸਤਾਂ ਦੀ ਨੁਮਾਇੰਸ ਦਾ ਉਦਘਾਟਨ ਕੀਤਾ ਅਤੇ ਨੁਮਾਇੰਸ ਦੇ ਨਿਰੀਖਣ ਮੌਕੇ ਬੱਚਿਆਂ ਵੱਲੋਂ ਤਿਆਰ ਕੀਤੀਆਂ ਵਸਤਾਂ ਦੀ ਭਰਪੂਰ ਸਲਾਘਾ ਕੀਤੀ|
ਸ੍ਰੀ ਅਲਕਾ ਬਦਨੌਰ ਵੱਲੋਂ ਚਾਈਲਡ ਵੈਲਫੇਅਰ ਕੌਂਸਲ ਵੱਲੋਂ ਬੱਚਿਆਂ ਲਈ ਲਗਾਏ ਗਏ ਸਮਰ ਕੈਂਪ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੇ ਸਮਰ ਕੈਂਪ ਬੱਚਿਆਂ ਦੇ ਮਾਨਸਿਕ ਅਤੇ ਬੌਧਿਕ ਵਿਕਾਸ ਵਿੱਚ ਬੇਹੱਦ ਸਹਾਈ ਹੁੰਦੇ ਹਨ ਅਤੇ ਬੱਚਿਆਂ ਵਿੱਚ ਮੁਕਾਬਲੇ ਦੀ ਭਾਵਨਾਂ ਵੀ ਪੈਦਾ ਹੁੰਦੀ ਹੈ| ਸ੍ਰੀਮਤੀ ਅਲਕਾ ਬਦਨੌਰ ਨੇ ਇਸ ਮੌਕੇ ਸਮਰ ਕੈਂਪ ਵਿੱਚ ਸ਼ਾਮਿਲ ਬੱਚਿਆਂ ਵੱਲੋਂ ਪੇਸ਼ ਕੀਤੇ ਸੱਭਿਆਚਾਰਕ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬੱਚੇ ਹੋਰਨਾਂ ਬੱਚਿਆਂ ਲਈ ਵੀ ਚਾਨਣ ਮੁਨਾਰਾ ਸਾਬਿਤ ਹੋਣਗੇ| ਉਨ੍ਹਾਂ ਇਸ ਮੌਕੇ ਸਮਰ ਕੈਂਪ ਦੌਰਾਨ ਕਰਵਾਏ ਗਏ ਵੱਖ ਵੱਖ ਮੁਕਾਬਲਿਆਂ ਵਿੱਚ ਜੈਤੂ ਰਹੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਵੀ ਵੰਡੀਆਂ| ਸ੍ਰੀਮਤੀ ਬਦਨੌਰ ਨੂੰ ਸਮਰ ਕੈਂਪ ਦੇ ਸਮਾਪਤੀ ਸਮਾਰੋਹ ਵਿੱਚ ਪੁੱਜਣ ਤੇ ਫੁਲਕਾਰੀ ਅਤੇ ਪੱਖੀ ਦੇ ਕੇ ਸਨਮਾਨਿਤ ਵੀ ਕੀਤਾ|
ਚਾਈਲਡ ਵੈਲਫੇਅਰ ਕੌਂਸਲ ਪੰਜਾਬ ਦੇ ਚੇਅਰਮੈਨ ਡਾ: ਬੀ.ਐਨ.ਐਸ.ਵਾਲੀਆ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਮੁਹਾਲੀ ਸਥਿਤ ਬਾਲ ਭਵਨ ਵਿਖੇ ਬੱਚਿਆਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਵਿੱਚ ਹਰੇਕ ਜ਼ਿਲ੍ਹੇ ਵਿੱਚ ਬਾਲ ਭਵਨ ਹੋਣੇ ਚਾਹੀਦੇ ਹਨ,  ਜਿੱਥੇ ਕਿ ਬੱਚਿਆਂ  ਦਾ ਬੌਧਿਕ ਅਤੇ ਮਾਨਸਿਕ ਵਿਕਾਸ ਹੋ ਸਕੇ|  ਸਮਾਗਮ ਨੂੰ ਸੰਬੋਧਨ ਕਰਦਿਆਂ  ਚਾਇਲਡ ਵੈਲਫੇਅਰ ਕੌਂਸਲ ਪੰਜਾਬ ਦੀ ਸਕੱਤਰ ਡਾ: ਪ੍ਰੀਤਮ ਸੰਧੂ ਨੇ ਦੱਸਿਆ ਕਿ ਬਾਲ ਭਲਾਈ ਕੌਂਸਲ ਵੱਲੋਂ ਲਗਾਏ ਗਏ 15 ਰੋਜਾ ਸਮਰ ਕੈਂਪ ਵਿੱਚ ਮੁਹਾਲੀ ਦੇ ਕਰੀਬ 5 ਤੋਂ 16 ਸਾਲ ਦੀ ਉਮਰ  23 ਬੱਚਿਆਂ ਨੇ ਹਿੱਸਾ ਲਿਆ| ਇਸ ਮੌਕੇ ਬੱਚਿਆਂ ਵੱਲੋਂ ਸ਼ਾਨਦਾਰ ਸੱਭਿਆਚਰਕ ਪ੍ਰੋਗਰਾਮ ਪੇਸ਼ ਕੀਤਾ ਗਿਆ| ਸਮਾਗਮ ਵਿੱਚ ਚਾਈਲਡ ਵੈਲਫੇਅਰ ਕੌਂਸਲ ਦੀ ਲਾਈਫ ਮੈਂਬਰ ਸ੍ਰੀਮਤੀ ਰਣਬੀਰ ਰਾਏ, ਕਾਰਜਕਾਰੀ ਮੈਂਬਰ  ਐਸ.ਐਮ. ਜਿੰਦਲ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਪਾਲਿਕਾ ਅਰੋੜਾ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸੁਖਦੀਪ ਸਿੰਘ ਸਮੇਤ ਹੋਰ ਅਧਿਕਾਰੀ ਅਤੇ ਬੱਚਿਆਂ ਦੇ ਮਾਪੇ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ|

Leave a Reply

Your email address will not be published. Required fields are marked *