ਬੱਚਿਆਂ ਨਾਲ ਵਾਪਰਦੇ ਅਪਰਾਧਾਂ ਉੱਤੇ ਕਾਬੂ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣੇ ਜਰੂਰੀ

ਛੋਟੇ ਛੋਟੇ ਬੱਚਿਆਂ ਨਾਲ ਕੁੱਟਮਾਰ, ਬਦਫੈਲੀ, ਬਲਾਤਕਾਰ ਅਤੇ ਉਹਨਾਂ ਤੋਂ ਜਬਰੀ ਭੀਖ ਮੰਗਵਾਉਣ ਵਾਲੇ ਅਪਰਾਧ ਅਜਿਹੇ ਹਨ ਜਿਹੜੇ ਸਾਡੇ ਦੇਸ਼ ਵਿੱਚ ਵੱਡੇ ਪੱਧਰ ਤੇ ਅੰਜਾਮ ਦਿੱਤੇ ਜਾਂਦੇ ਹਨ ਅਤੇ ਬੱਚਿਆਂ ਖਿਲਾਫ ਅੰਜਾਮ ਦਿੱਤੀਆਂ ਜਾਂਦੀਆਂ ਅਪਰਾਧਿਕ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ| ਛੋਟੇ ਬੱਚਿਆਂ ਨਾਲ ਕੁੱਟਮਾਰ ਦੀ ਗੱਲ ਤਾਂ ਬਹੁਤ ਜਿਆਦਾ ਆਮ ਹੈ ਅਤੇ ਕਈ ਸਕੂਲਾਂ ਵਿੱਚ ਤਾਂ ਅਧਿਆਪਕ ਵੀ ਮਾਮੂਲੀ ਜਿਹੀ ਗੱਲ ਤੇ ਸਕੂਲ ਪੜਦੇ ਬੱਚਿਆਂ ਦੀ ਕੁੱਟਮਾਰ ਕਰ ਦਿੰਦੇ ਹਨ| 
ਪਹਿਲਾਂ ਬੱਚਿਆਂ ਨੂੰ ਬੇਗਾਨੇ ਲੋਕਾਂ ਤੋਂ ਹੀ ਖਤਰਾ ਹੁੰਦਾ ਸੀ ਪਰ ਹੁਣ ਉਹਨਾਂ ਦੇ ਦੁਸ਼ਮਣ ਘਰਾਂ ਵਿੱਚ ਹੀ ਮੌਜੂਦ ਹਨ| ਹੁਣ ਅਜਿਹੀਆਂ ਖਬਰਾਂ ਆਮ ਸਾਮ੍ਹਣੇ ਆਉਂਦੀਆਂ ਹਨ ਕਿ ਸਕੇ              ਚਾਚੇ, ਮਾਮੇ, ਫੁੱਫੜ ਵਲੋਂ ਹੀ ਆਪਣੀਆਂ ਧੀਆਂ, ਭਤੀਜੀਆਂ ਦਾ ਯੌਨ ਸ਼ੋਸ਼ਣ ਕੀਤਾ ਗਿਆ| ਸਾਡੇ ਸਮਾਜ ਵਿੱਚ ਅਜਿਹੇ ਲੋਕ ਵੀ ਹਨ ਜਿਹੜੇ ਆਪਣੇ ਹੀ ਬੱਚਿਆ ਤੋਂ ਜਬਰਦਸਤੀ ਭੀਖ ਮੰਗਵਾਉਂਦੇ ਹਨ ਅਤੇ ਭੀਖ ਨਾ ਮੰਗਣ ਤੇ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ| ਝੁੱਗੀ ਝੋਪੜੀਆਂ ਵਿੱਚ ਅਜਿਹੇ ਗਿਰੋਹ ਆਮ ਮੌਜੂਦ ਹੁੰਦੇ ਹਨ ਜਿਹੜੇ ਛੋਟੇ ਬੱਚਿਆਂ ਤੋਂ ਜਬਰੀ ਭੀਖ ਮੰਗਵਾਉਂਦੇ ਹਨ ਅਤੇ ਇਹਨਾਂ ਵਿੱਚੋਂ ਕੁੱਝ ਤਾਂ ਬੱਚਿਆਂ ਨੂੰ ਅਗਵਾ ਕਰਕੇ ਉਹਨਾਂ ਤੋਂ ਇਹ ਕੰਮ ਕਰਵਾਉਂਦੇ ਹਨ| ਇਹਨਾਂ ਬੱਚਿਆਂ ਦਾ ਜਿਨਸੀ ਸੋਸ਼ਣ ਵੀ ਕੀਤਾ ਜਾਂਦਾ ਹੈ ਅਤੇ ਸਿਰਫ ਕੁੜੀਆਂ ਹੀ ਨਹੀਂ ਬਲਕਿ ਛੋਟੇ ਮੁੰਡਿਆਂ ਨਾਲ ਵੀ ਬਦਫੈਲੀ ਕੀਤੇ ਜਾਣ ਦੀਆਂ ਵਾਰਦਾਤਾਂ ਦੀਆਂ ਖਬਰਾਂ ਆਮ ਸਾਮ੍ਹਣੇ ਆਉਂਦੀਆਂ ਹਨ|
ਸਾਡੇ ਦੇਸ਼ ਵਿੱਚ ਕਿਸੇ ਅਮੀਰ ਪਰਿਵਾਰ ਦੇ ਛੋਟੇ ਬੱਚੇ ਨੂੰ ਅਗਵਾ ਕਰਕੇ ਪਰਿਵਾਰ ਤੋਂ ਫਿਰੌਤੀ ਵਸੂਲਣ ਦੀਆਂ ਵਾਰਦਾਤਾਂ ਵੀ            ਸਮੇਂ ਸਮੇਂ ਤੇ ਸਾਮ੍ਹਣੇ ਆਉਂਦੀਆਂ ਹਨ ਅਤੇ ਯੂ ਪੀ ਬਿਹਾਰ ਦੇ ਕੁੱਝ ਖੇਤਰਾਂ ਵਿੱਚ ਤਾਂ ਅਗਵਾ ਨੂੰ ਬਾਕਾਇਦਾ ਇੱਕ ਕਾਰੋਬਾਰ ਦਾ ਦਰਜਾ ਹਾਸਿਲ ਹੈ| ਫਿਰੌਤੀ ਨਾ ਮਿਲਣ ਤੇ ਅਗਵਾਕਾਰਾਂ ਵਲੋਂ ਮਾਸੂਮ ਬੱਚਿਆਂ ਨੂੰ ਮੌਤ ਦੇ ਘਾਟ ਤੱਕ ਉਤਾਰ ਦਿੱਤਾ ਜਾਂਦਾ ਹੈ|  ਅਜਿਹੇ ਜਿਆਦਾਤਰ ਮਾਮਲਿਆਂ ਵਿੱਚ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਉਹਨਾਂ ਬੱਚਿਆਂ ਦੇ ਪਰਿਵਾਰਾਂ ਦੇ ਜਾਣਕਾਰ ਹੀ ਹੁੰਦੇ ਹਨ ਜਿਹੜੇ ਲਾਲਚ ਵਿੱਚ ਆ ਕੇ ਇਸ ਜੁਰਮ ਨੂੰ ਅੰਜਾਮ ਦਿੰਦੇ ਹਨ ਅਤੇ ਫਿਰ ਫੜੇ ਵੀ ਜਾਂਦੇ ਹਨ| ਹਾਲਾਂਕਿ ਇਹ ਵੀ ਅਸਲੀਅਤ ਹੈ ਕਿ ਅਜਿਹੀਆਂ ਵੱਡੀ ਗਿਣਤੀ ਵਾਰਦਾਤਾਂ ਦੇ ਦੋਸ਼ੀ ਫੜੇ ਹੀ ਨਹੀਂ ਜਾਂਦੇ ਅਤੇ ਇਹ ਮੁਜਰਿਮ ਲਗਾਤਾਰ ਅਜਿਹੇ ਅਪਰਾਧਾਂ ਨੂੰਅੰਜਾਮ ਦਿੰਦੇ ਰਹਿੰਦੇ ਹਨ| ਕਈ ਵਾਰ ਅਜਿਹੇ ਮਾਮਲੇ ਵੀ ਸਾਮ੍ਹਣੇ ਆਉਂਦੇ ਹਨ ਜਿਹਨਾਂ ਵਿੱਚ ਲੋਕ ਆਪਣੀ ਦੁਸ਼ਮਣੀ ਕੱਢਣ ਲਈ ਆਪਣੇ ਦੁਸ਼ਮਨ ਦੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ| ਅਜਿਹੇ ਮਾਮਲਿਆਂ ਵਿੱਚ ਦੁਸ਼ਮਣੀ ਤਾਂ ਵੱਡਿਆਂ ਦੀ ਹੁੰਦੀ ਹੈ ਪਰ ਇਸ ਦਾ ਬਦਲਾ ਲੈਣ ਲਈ ਛੋਟੇ ਬਚਿਆਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ| ਮਾਸੂਮ ਬੱਚਿਆਂ ਉੱਪਰ ਢਾਹੇ ਜਾਣ ਵਾਲੇ ਇਹਨਾਂ ਜੁਲਮਾਂ ਦੀ ਸੂਚੀ ਬਹੁਤ ਲੰਬੀ ਹੈ ਅਤੇ ਇਹਨਾਂ ਅਪਰਾਧਾਂ ਦਾ ਸ਼ਿਕਾਰ ਹੋਣ ਵਾਲੇ ਬੱਚਿਆਂ ਦਾ ਕੋਈ ਕਸੂਰ ਵੀ ਨਹੀਂ ਹੁੰਦਾ ਪਰੰਤੂ ਉਹਨਾਂ ਨੂੰ ਵੱਖ ਵੱਖ ਅਪਰਾਧਾਂ ਦੌਰਾਨ ਮਿਲਣ ਵਾਲੀ ਯਾਤਨਾ ਬਰਦਾਸ਼ਤ ਕਰਨੀ ਪੈਂਦੀ ਹੈ| 
ਇਸ ਸਾਰੇ ਕੁੱਝ ਲਈ ਕਾਫੀ ਹੱਦ ਤੱਕ ਸਾਡੇ ਸਮਾਜ ਨੂੰ ਹੀ              ਜਿੰਮੇਵਾਰ ਠਹਿਰਾਇਆ ਜਾ ਸਕਦਾ ਹੈ ਜਿਹੜਾ ਆਪਣੀਆਂ ਅੱਖਾਂ ਦੇ ਸਾਮ੍ਹਣੇ ਵਾਪਰਨ ਵਾਲੀਆਂ ਅਜਿਹੀਆਂ ਜਿਆਦਾਤਰ ਵਾਰਦਾਤਾਂ ਨੂੰ ਅਣਦੇਖਿਆ ਕਰ ਦਿੰਦਾ ਹੈ| ਸਰਕਾਰ ਵਲੋਂ ਭਾਵੇਂ ਬਚਿਆਂ ਵਿਰੁੱਧ ਅੰਜਾਮ ਦਿੱਤੇ ਜਾਂਦੇ ਵੱਖ ਵੱਖ ਅਪਰਾਧਾਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਏ ਹੋਏ ਹਨ ਪਰ ਨਾ ਤਾਂ ਕੋਈ ਇਹਨਾਂ ਕਾਨੂੰਨਾਂ ਦੀ ਪਰਵਾਹ ਕਰਦਾ ਹੈ ਅਤੇ ਨਾ ਹੀ ਸਰਕਾਰ ਵਲੋਂ ਇਹਨਾਂ ਕਾਨੂੰਨਾਂ ਦੀ ਪਾਲਣਾ ਕਰਵਾਉਣ ਲਈ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ| ਸਰਕਾਰ ਅਤੇ ਪ੍ਰਸ਼ਾਸ਼ਨ ਦੀ ਢਿੱਲ ਦਾ ਹੀ ਨਤੀਜਾ ਹੈ  ਕਿ ਬੱਚਿਆਂ ਵਿਰੁੱਧ ਕੀਤੇ ਜਾਣ ਵਾਲੇ ਅਪਰਾਧਾਂ ਦੇ ਜਿਆਦਾਤਰ ਮਾਮਲਿਆਂ ਵਿੱਚ ਅਕਸਰ ਕੋਈ ਕਾਰਵਾਈ ਨਹੀਂ ਹੁੰਦੀ| ਹੋਰ ਤਾਂ ਹੋਰ ਬੱਚਿਆਂ ਨਾਲ ਬਲਾਤਕਾਰ ਤੇ ਬਦਫੈਲੀ ਕਰਨ ਦੇ ਦੋਸ਼ੀ ਤੱਕ ਕਾਨੂੰਨ ਦੀਆਂ ਚੋਰ ਮੋਰੀਆਂ ਕਾਰਨ ਬਚ ਨਿਕਲਦੇ ਹਨ| ਭਾਵੇਂ ਕਿ ਹੁਣ ਬੱਚੀਆਂ ਨਾਲ ਬਲਾਤਕਾਰ ਕਰਨ ਵਾਲੇ ਮੁਜਰਿਮਾਂ ਨੂੰ ਫਾਂਸੀ ਦੀ ਸਜਾ ਦੇਣ ਦਾ ਕਾਨੂੰਨ ਹੈ ਪਰ ਫਿਰ ਵੀ ਬੱਚਿਆ ਵਿਰੁੱਧ ਵੱਧ ਰਹੇ ਅਪਰਾਧ ਚਿੰਤਾ ਦਾ ਵਿਸ਼ਾ ਹਨ|
ਛੋਟੇ ਬੱਚਿਆਂ ਦੀ ਮਜਬੂਰੀ ਦਾ ਫਾਇਦਾ ਚੁੱਕ ਕੇ ਉਹਨਾਂ ਨਾਲ ਕੀਤੇ ਜਾਂਦੇ ਅਪਰਾਧਾਂ ਵਿੱਚ ਹੋਣ ਵਾਲੇ ਇਸ ਵਾਧੇ ਤੇ ਰੋਕ ਲਗਾਉਣ ਲਈ ਜਰੂਰੀ ਹੈ ਕਿ ਅਸੀਂ ਸਾਰੇ ਚੇਤੰਨ ਰਹੀਏ ਅਤੇ ਆਪਣੇ ਆਸਪਾਸ ਵਾਪਰਨ ਵਾਲੇ ਅਜਿਹੇ ਅਪਰਾਧਾਂ ਵਿਰੁੱਧ ਆਵਾਜ ਬੁਲੰਦ ਕਰੀਏ ਤਾਂ ਜੋ ਸਰਕਾਰ ਅਤੇ ਪ੍ਰਸ਼ਾਸ਼ਨ ਇਨ੍ਹਾਂ ਵਾਰਦਾਤਾਂ ਨੂੰ ਅਣਦੇਖਿਆ ਨਾ ਕਰ ਸਕੇ ਅਤੇ ਉਸਨੂੰ ਅਜਿਹੇ ਅਪਰਾਧਾਂ ਤੇ ਕਾਬੂ ਕਰਨ ਲਈ ਸਖਤ ਕਾਰਵਾਈ ਕਰਨ ਲਈ ਮਜਬੂਰ ਕੀਤਾ ਜਾ              ਸਕੇ|

Leave a Reply

Your email address will not be published. Required fields are marked *