ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਦਿੱਤੀ ਜਾਵੇ : ਜੇ ਪੀ ਸਿੰਘ

ਐਸ ਏ ਐਸ ਨਗਰ, 10 ਜਨਵਰੀ (ਸ.ਬ.) ਕਲਗੀਧਰ ਸੇਵਕ ਜਥੇ ਦੇ ਪ੍ਰਧਾਨ, ਸ੍ਰ. ਜਤਿੰਦਰਪਾਲ ਸਿੰਘ ਜੇ ਪੀ ਨੇ ਕਿਹਾ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਜਰੂਰ ਦੇਣੀ ਚਾਹੀਦੀ ਹੈ ਤਾਂ ਕਿ ਇਹ ਬੱਚੇ ਵੱਡੇ ਹੋ ਕੇ ਦਸਤਾਰਧਾਰੀ ਬਣ ਸਕਣ| ਸ੍ਰ. ਜੇ ਪੀ ਸਿੰਘ ਨੇ ਕਿਹਾ ਕਿ ਅੱਜ ਅਨੇਕਾਂ ਸਿੱਖ ਨੌਜਵਾਨ ਦਸਤਾਰ ਬੰਨਣ ਦੀ ਥਾਂ ਬਿਨਾ ਦਸਤਾਰ ਤੋਂ ਰਹਿਣਾ ਪਸੰਦ ਕਰ ਰਹੇ ਹਨ, ਇਸਦਾ ਕਾਰਨ ਇਹ ਹੈ ਕਿ ਇਨਾਂ ਨੌਜਵਾਨਾਂ ਨੂੰ ਬਚਪਣ ਵਿੱਚ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਜਿਸ ਕਾਰਨ ਇਹ ਨੌਜਵਾਨ ਦਸਤਾਰਧਾਰੀ ਬਣਨ ਤੋਂ ਗੁਰੇਜ ਕਰਨ ਲੱਗਦੇ ਹਨ|
ਉਹਨਾਂ ਕਿਹਾ ਕਿ ਜੇ ਸਿੱਖ ਬੱਚਿਆਂ ਨੂੰ ਬਚਪਣ ਵਿੱਚ ਦਸਤਾਰ ਦੀ ਮਹਾਨਤਾ ਬਾਰੇ ਜਾਣਕਾਰੀ ਦੇ ਦਿੱਤੀ ਜਾਵੇ ਤਾਂ ਉਹ ਬੱਚੇ ਵੱਡੇ ਹੋ ਕੇ ਦਸਤਾਰ ਧਾਰੀ ਸਿੱਖ ਨੌਜਵਾਨ ਜਰੂਰ ਬਣਨਗੇ|
ਉਹਨਾਂ ਕਿਹਾ ਕਿ ਕਈ ਪੰਜਾਬੀ ਗਾਣਿਆਂ ਵਿੱਚ ਜਦੋਂ ਕਿਸੇ ਗਾਇਕ ਦਾ ਬਚਪਣ ਦਿਖਾਇਆ ਜਾਂਦਾ ਹੈ, ਤਾਂ ਉਸ ਸਮੇਂ ਬਚਪਣ ਵਿੱਚ ਉਸ ਗਾਇਕ ਦੇ ਕੇਸ ਰੱਖੇ ਹੋਏ ਹੁੰਦੇ ਹਨ, ਜਿਹਨਾਂ ਉਪਰ ਉਸਨੇ ਪਟਕਾ ਜਾਂ ਚਿੱਟਾ ਰੁਮਾਲ ਬੰਨਿਆ ਹੁੰਦਾ ਹੈ, ਪਰ ਜਦੋਂ ਇਹ ਬੱਚਾ ਉਸੇ ਗਾਣੇ ਵਿੱਚ ਨੌਜਵਾਨ ਦੇ ਰੂਪ ਵਿੱਚ ਦਿਖਾਇਆ ਜਾਂਦਾ ਹੈ ਤਾਂ ਉਸ ਨੂੰ ਕਲੀਨ ਸ਼ੇਵ ਦਿਖਾਇਆ ਜਾਂਦਾ ਹੈ, ਅਜਿਹੇ ਗਾਣਿਆਂ ਦਾ ਵੀ ਨੌਜਵਾਨਾਂ ਉਪਰ ਗਲਤ ਅਸਰ ਪੈਂਦਾ ਹੈ| ਅਜਿਹੇ ਗਾਣੇ ਦੇਖ ਸੁਣ ਕੇ ਬਚਪਣ ਵਿਚ ਸਿੱਖ ਕੇਸਾਧਾਰੀ ਰਹੇ ਨੌਜਵਾਨ ਜਵਾਨੀ ਵਿੱਚ ਕਲੀਨ ਸ਼ੇਵ ਹੋ ਜਾਂਦੇ ਹਨ| ਇਸ ਲਈ ਗਾਣਿਆਂ ਦਾ ਫਿਲਮਾਂਕਣ ਕਰਨ ਵੇਲੇ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ|

Leave a Reply

Your email address will not be published. Required fields are marked *