ਬੱਚਿਆਂ ਵਿਰੁੱਧ ਵੱਧਦੇ ਜੁਰਮਾਂ ਤੇ ਕਾਬੂ ਕਰਨਾ ਪੁਲੀਸ ਦੀ ਜਿੰਮੇਵਾਰੀ

ਭਾਰਤ ਅੱਜ ਵੀ ਸ਼ਹਿਰਾਂ ਤੋਂ ਜ਼ਿਆਦਾ ਪਿੰਡਾਂ ਵਿੱਚ ਵਸਦਾ ਹੈ| ਜਾਹਿਰ ਹੈ, ਸਾਡੇ ਇੱਥੇ ਫੋਨ ਕਾਲਾਂ ਰਾਹੀਂ ਕਿਸੇ ਸਮਾਜਿਕ ਰੁਝਾਨ ਨੂੰ ਸਮਝਣਾ ਅਮਰੀਕਾ – ਯੂਰਪ ਜਿੰਨਾ ਆਸਾਨ ਨਹੀਂ ਹੈ| ਇਸ ਦੇ ਬਾਵਜੂਦ ਇਹ ਜਾਣਕਾਰੀ ਹੈਰਾਨ ਕਰਨ ਵਾਲੀ ਹੈ ਕਿ ਪਿਛਲੇ ਤਿੰਨ ਸਾਲਾਂ ਵਿੱਚ ਭਾਰਤੀ ਪੁਲੀਸ ਨੂੰ 1 ਕਰੋੜ 36 ਲੱਖ ‘ਖਾਮੋਸ਼ ਟੈਲੀਫੋਨ ਕਾਲਾਂ’ ਮਿਲੀਆਂ ਹਨ| ਮਤਲਬ ਥਾਣੇ ਵਿੱਚ ਘੰਟੀ ਵੱਜੀ, ਫੋਨ ਚੁੱਕਣ ਤੇ ਦੂਜੇ ਪਾਸਿਉਂ ਪੱਖੇ ਚੱਲਣ ਜਾਂ ਕੱਪੜੇ ਸਰਸਰਾਉਣ ਦੀਆਂ ਆਵਾਜਾਂ ਆਉਂਦੀਆਂ ਰਹੀਆਂ, ਪਰੰਤੂ ਉੱਧਰੋਂ ਕੋਈ ਕੁੱਝ ਬੋਲਣ ਨੂੰ ਤਿਆਰ ਨਹੀਂ ਹੋਇਆ| ਲੋਕ-ਬਾਗ, ਖਾਸ ਕਰਕੇ ਨਟਖਟ ਬੱਚੇ ਕਦੇ ਕਦੇ ਪੁਲੀਸ ਨੂੰ ਤੰਗ ਕਰਨ ਲਈ ਵੀ ਫੋਨ ਕਰਦੇ ਹਨ, ਪਰੰਤੂ ਅਜਿਹੇ ਮਾਮਲੇ ਇਹਨਾਂ ਅੰਕੜਿਆਂ ਤੋਂ ਪਹਿਲਾਂ ਹੀ ਹਟਾਏ ਜਾ ਚੁੱਕੇ ਹਨ| ਇਹ ਸਾਰੀਆਂ ਸਾਇਲੈਂਟ ਕਾਲਾਂ ਬੱਚਿਆਂ ਦੇ ਸੋਸ਼ਣ ਸਬੰਧੀ ਸ਼ਿਕਾਇਤਾਂ ਲਈ ਖੋਲੀਆਂ ਗਈਆਂ 1098 ਨੰਬਰ ਦੀ ਲਾਈਨ ਤੇ ਮਿਲੀਆਂ ਹਨ ਅਤੇ ਅਜਿਹੀਆਂ ਕੁਲ 3 ਕਰੋੜ 40 ਲੱਖ ਕਾਲਾਂ ਦੀ ਇਹ ਲਗਭਗ ਇੱਕ ਤਿਹਾਈ ਹਨ| ਪੁਲੀਸ ਕੰਟਰੋਲ ਰੂਮ ਨੂੰ ਇਹ ਨਿਰਦੇਸ਼ ਹੈ ਕਿ ਅਜਿਹੀ ਕਾਲਾਂ ਰਿਸੀਵ ਕਰਨ ਵਾਲੇ ਪੁਲੀਸਕਰਮੀ ਦੂਜੇ ਪਾਸੇ ਮੌਜੂਦ ਵਿਅਕਤੀ ਨੂੰ ਖੁੱਲ ਕੇ ਆਪਣੀ ਗੱਲ ਕਹਿਣ ਦਾ ਹੌਂਸਲਾ ਦੇਣ, ਜੋ ਬੱਚਾ ਜਾਂ ਬਾਲਗ ਕੋਈ ਵੀ ਹੋ ਸਕਦਾ ਹੈ| ਬੱਚੇ ਕਈ ਵਾਰ ਅਜੀਬ ਹਲਾਤਾਂ ਨਾਲ ਘਿਰੇ ਹੁੰਦੇ ਹਨ, ਜਿਨ੍ਹਾਂ ਦੇ ਬਨਣ ਵਿੱਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੁੰਦੀ| ਉਨ੍ਹਾਂ ਦਾ ਯਤੀਮ ਹੋਣਾ ਜਾਂ ਮਾਂ-ਪਿਤਾ ਦੋਵਾਂ ਵਿੱਚੋਂ ਕਿਸੇ ਇੱਕ ਦਾ ਦੂਜੇ ਵਿਆਹ ਵਿੱਚ ਚਲੇ ਜਾਣਾ ਜਾਂ ਖਾਸ ਤੌਰ ਉਤੇ ਮਾਂ ਦਾ ਆਪਣੇ ਜੀਵਨ – ਗੁਜਾਰਨ ਲਈ ਬੱਚੇ ਨਾਲ ਅਸਬੰਧਿਤ ਕਿਸੇ ਹੋਰ ਵਿਅਕਤੀ ਉਤੇ ਨਿਰਭਰ ਹੋਣਾ ਅਜਿਹੀਆਂ ਸਥਿਤੀਆਂ ਪੈਦਾ ਕਰ ਸਕਦਾ ਹੈ|
ਲੜਕੀਆਂ ਦੀ ਯਾਤਨਾ ਦੀ ਤਾਂ ਕੋਈ ਸੀਮਾ ਹੀ ਨਹੀਂ ਹੈ| ਅਜਿਹੇ – ਅਜਿਹੇ ਰਿਸ਼ਤਿਆਂ ਵਿੱਚ ਜਾਂ ਰਿਸ਼ਤੇਦਾਰਾਂ ਤੋਂ ਉਨ੍ਹਾਂ ਨੂੰ ਸੈਕਸ ਸੋਸ਼ਣ ਦਾ ਸਾਹਮਣਾ ਕਰਦੇ ਪਾਇਆ ਗਿਆ ਹੈ , ਜਿਸਦੀ ਸਾਧਾਰਨ ਨੈਤਿਕਤਾ ਦੇ ਤਹਿਤ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ| ਤਕਲੀਫ ਦੀ ਗੱਲ ਹੈ ਕਿ ਅਜਿਹੇ ਮਾਮਲਿਆਂ ਦੀ ਗਿਣਤੀ ਦਿਨੋ- ਦਿਨ ਵੱਧਦੀ ਹੀ ਜਾ ਰਹੀ ਹੈ| ਬੀਤੇ ਤਿੰਨ ਸਾਲਾਂ ਦੇ ਅੰਕੜੇ ਦੱਸ ਰਹੇ ਹਨ ਕਿ ਜਿਨ੍ਹਾਂ ਮਾਮਲਿਆਂ ਵਿੱਚ ਪੁਲੀਸ ਦੇ ਦਖਲ ਅੰਦਾਜੀ ਦੀ ਜ਼ਰੂਰਤ ਪਈ, ਉਨ੍ਹਾਂ ਦੀ ਗਿਣਤੀ 2015 – 16 ਵਿੱਚ 56,582 ਤੋਂ ਵਧ ਕੇ 2016 -17 ਵਿੱਚ 70,767 ਹੋ ਗਈ| 2017-18 ਵਿੱਚ, ਮਤਲਬ ਬੀਤੇ ਸਾਲ ਅਜਿਹੇ ਕੁਲ 81, 147 ਮਾਮਲੇ ਦਰਜ ਕੀਤੇ ਗਏ ਹਨ| ਕੋਈ ਵੀ ਬੱਚਾ ਜਾਂ ਉਸਦੇ ਦੁੱਖ ਤੋਂ ਦੁਖੀ ਕੋਈ ਬਾਲਗ ਬੜੀ ਹਿੰਮਤ ਕਰਕੇ, ਭਾਰੀ ਜੋਖਮ ਚੁੱਕ ਕੇ ਹੀ ਪੁਲੀਸ ਨਾਲ ਸੰਪਰਕ ਕਰਦਾ ਹੈ| ਪੁਲੀਸ ਨੂੰ ਵੀ ਅਜਿਹੇ ਮਾਮਲਿਆਂ ਨੂੰ ਆਪਣੀ ਯੋਗਤਾ ਦਾ ਇਮਤਿਹਾਨ ਮੰਨਣਾ ਚਾਹੀਦਾ ਹੈ|
ਕਮਲਪ੍ਰੀਤ ਸਿੰਘ

Leave a Reply

Your email address will not be published. Required fields are marked *