ਬੱਚਿਆਂ ਵਿਰੁੱਧ ਹੁੰਦੇ ਅਪਰਾਧਾਂ ਉੱਤੇ ਕਾਬੂ ਕਰਨ ਲਈ ਕਦਮ ਚੁੱਕਣ ਦੀ ਲੋੜ

ਸਾਡੇ ਦੇਸ਼ ਵਿੱਚ ਛੋਟੇ ਬੱਚਿਆਂ ਖਿਲਾਫ ਅੰਜਾਮ ਦਿੱਤੀਆਂ ਜਾਂਦੀਆਂ ਅਪਰਾਧਿਕ ਵਾਰਦਾਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਆਏ ਦਿਨ ਛੋਟੇ ਬੱਚਿਆਂ ਨਾਲ ਕੁੱਟਮਾਰ, ਬਦਫੈਲੀਆਂ ਅਤੇ ਬਲਾਤਕਾਰ ਦੀਆਂ ਘਟਨਾਵਾਂ ਵੱਧ ਰਹੀਆਂ ਹਨ| ਪਹਿਲਾਂ ਤਾਂ ਬੱਚਿਆਂ ਨੂੰ ਬੇਗਾਨੇ ਲੋਕਾਂ ਤੋਂ ਹੀ ਖਤਰਾ ਹੁੰਦਾ ਸੀ ਪਰ ਹੁਣ ਤਾਂ ਉਹਨਾਂ ਦੇ ਦੁਸ਼ਮਣ ਘਰਾਂ ਵਿੱਚ ਹੀ ਮੌਜੂਦ ਹਨ| ਹੁਣ ਤਾਂ ਅਜਿਹੀਆਂ ਵੀ ਖਬਰਾਂ ਆ ਰਹੀਆਂ ਹਨ ਕਿ ਸਕੇ ਚਾਚੇ, ਪਿਓ, ਮਾਮੇ, ਫੁੱਫੜ ਵਲੋਂ ਹੀ ਆਪਣੀਆਂ ਧੀਆਂ, ਭਤੀਜੀਆਂ ਦਾ ਯੌਨ ਸ਼ੋਸ਼ਣ ਕੀਤਾ ਗਿਆ|
ਇਸਦੇ ਨਾਲ ਹੀ ਛੋਟੇ ਬੱਚਿਆਂ ਨਾਲ ਕੁੱਟਮਾਰ ਦੀਆਂ ਘਟਨਾਵਾਂ ਵੀ ਬਹੁਤ ਵੱਧ ਗਈਆਂ ਹਨ| ਕਈ ਸਕੂਲਾਂ ਵਿੱਚ ਵੀ ਅਧਿਆਪਕ ਮਾਮੂਲੀ ਜਿਹੀ ਗੱਲ ਤੇ ਸਕੂਲ ਪੜਦੇ ਬੱਚਿਆਂ ਦੀ ਕੁੱਟਮਾਰ ਕਰ ਦਿੰਦੇ ਹਨ| ਇਸ ਤੋਂ ਇਲਾਵਾ ਕਈ ਸਕੂਲਾਂ ਵਿੱਚ ਬੱਚਿਆਂ ਤੋਂ ਸਕੂਲ ਦੀ ਸਫਾਈ ਆਦਿ ਵੀ ਕਰਵਾਈ ਜਾਂਦੀ ਹੈ ਜੋ ਕਿ ਇਕ ਤਰ੍ਹਾਂ ਦਾ ਅਪਰਾਧ ਹੀ ਹੈ| ਸਾਡੇ ਸਮਾਜ ਵਿੱਚ ਅਜਿਹੇ ਲੋਕ ਵੀ ਹਨ ਜਿਹੜੇ ਆਪਣੇ ਹੀ ਬੱਚਿਆਂ ਤੋਂ ਜਬਰਦਸਤੀ ਭੀਖ ਮੰਗਵਾਉਂਦੇ ਹਨ ਅਤੇ ਭੀਖ ਨਾ ਮੰਗਣ ਤੇ ਬੱਚਿਆਂ ਦੀ ਕੁੱਟਮਾਰ ਕਰਦੇ ਹਨ| ਝੁੱਗੀ ਝੋਪੜੀਆਂ ਵਿੱਚ ਅਜਿਹੇ ਗਿਰੋਹ ਮੌਜੂਦ ਹੁੰਦੇ ਹਨ ਜਿਹੜੇ ਛੋਟੇ ਬੱਚਿਆਂ ਨੂੰ ਅਗਵਾ ਕਰਕੇ ਉਹਨਾਂ ਤੋਂ ਜਬਰੀ ਭੀਖ ਮੰਗਵਾਉਂਦੇ ਹਨ| ਇਹਨਾਂ ਬੱਚਿਆਂ ਦਾ ਜਿਨਸੀ ਸੋਸ਼ਣ ਵੀ ਕੀਤਾ ਜਾਦਾ ਹੈ ਅਤੇ ਸਿਰਫ ਕੁੜੀਆਂ ਹੀ ਨਹੀਂ ਬਲਕਿ ਛੋਟੇ ਮੁੰਡਿਆਂ ਨਾਲ ਵੀ ਬਦਫੈਲੀ ਕੀਤੇ ਜਾਣ ਦੀਆਂ ਵਾਰਦਾਤਾਂ ਦੀਆਂ ਖਬਰਾਂ ਆਮ ਸਾਮ੍ਹਣੇ ਆਉਂਦੀਆਂ ਹਨ|
ਅਜਿਹੇ ਮਾਮਲੇ ਵੀ ਸਾਮ੍ਹਣੇ ਆਉਂਦੇ ਹਨ ਜਿਹਨਾਂ ਵਿੱਚ ਲੋਕ ਆਪਣੀ ਦੁਸ਼ਮਣੀ ਕੱਢਣ ਲਈ ਆਪਣੇ ਦੁਸ਼ਮਨ ਦੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ| ਅਜਿਹੇ ਮਾਮਲਿਆਂ ਵਿੱਚ ਦੁਸ਼ਮਣੀ ਤਾਂ ਵੱਡਿਆਂ ਦੀ ਹੁੰਦੀ ਹੈ ਪਰ ਇਸ ਦਾ ਬਦਲਾ ਲੈਣ ਲਈ ਛੋਟੇ ਬੱਚਿਆਂ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ| ਛੋਟੇ ਬੱਚਿਆਂ ਨੂੰ ਅਗਵਾ ਕਰਕੇ ਫਿਰੌਤੀ ਵਸੂਲਣ ਦੀਆਂ ਵਾਰਦਾਤਾਂ ਵੀ ਆਮ ਹਨ ਅਤੇ ਫਿਰੌਤੀ ਨਾ ਮਿਲਣ ਤੇ ਅਗਵਾਕਾਰਾਂ ਵਲੋਂ ਮਾਸੂਮ ਬੱਚਿਆਂ ਨੂੰ ਮੌਤ ਦੇ ਘਾਟ ਤਕ ਉਤਾਰ ਦਿੱਤਾ ਜਾਂਦਾ ਹੈ| ਅਜਿਹੇ ਜਿਆਦਾਤਰ ਮਾਮਲਿਆਂ ਵਿੱਚ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਬੱਚਿਆਂ ਦੇ ਪਰਿਵਾਰਾਂ ਦੇ ਜਾਣਕਾਰ ਹੀ ਹੁੰਦੇ ਹਨ ਜਿਹੜੇ ਲਾਲਚ ਵਿੱਚ ਆ ਕੇ ਇਸ ਜੁਰਮ ਨੂੰ ਅੰਜਾਮ ਦਿੰਦੇ ਹਨ ਅਤੇ ਫੜੇ ਵੀ ਜਾਂਦੇ ਹਨ ਪਰੰਤੂ ਇਹ ਵੀ ਅਸਲੀਅਤ ਹੈ ਕਿ ਅਜਿਹੀਆਂ ਵੱਡੀ ਗਿਣਤੀ ਵਾਰਦਾਤਾਂ ਦੇ ਦੋਸ਼ੀ ਫੜੇ ਹੀ ਨਹੀਂ ਜਾਂਦੇ ਅਤੇ ਇਹ ਮੁਜਰਮ ਲਗਾਤਾਰ ਅਜਿਹੇ ਅਪਰਾਧਾਂ ਨੂੰਅੰਜਾਮ ਦਿੰਦੇ ਰਹਿੰਦੇ ਹਨ|
ਬੱਚਿਆਂ ਉੱਪਰ ਢਾਹੇ ਜਾਣ ਵਾਲੇ ਜੁਲਮਾਂ ਦੀ ਸੂਚੀ ਬਹੁਤ ਲੰਬੀ ਹੈ ਅਤੇ ਇਹਨਾਂ ਅਪਰਾਧਾਂ ਦਾ ਸ਼ਿਕਾਰ ਹੋਣ ਵਾਲੇ ਬੱਚਿਆਂ ਦਾ ਕੋਈ ਕਸੂਰ ਵੀ ਨਹੀਂ ਹੁੰਦਾ ਪਰੰਤੂ ਉਹਨਾਂ ਨੂੰ ਵੱਖ ਵੱਖ ਅਪਰਾਧਾਂ ਦੌਰਾਨ ਮਿਲਣ ਵਾਲੀ ਯਾਤਨਾ ਬਰਦਾਸ਼ਤ ਕਰਨੀ ਪੈਂਦੀ ਹੈ| ਇਸ ਸਾਰੇ ਕੁੱਝ ਲਈ ਸਾਡੇ ਸਮਾਜ ਨੂੰ ਵੀ ਕਾਫੀ ਹੱਦ ਤਕ ਜਿੰਮੇਵਾਰ ਠਹਿਰਾਇਆ ਜਾ ਸਕਦਾ ਹੈ ਜਿਹੜਾ ਆਪਣੀਆਂ ਅੱਖਾਂ ਦੇ ਸਾਮ੍ਹਣੇ ਵਾਪਰਨ ਵਾਲੀਆਂ ਅਜਿਹੀਆਂ ਜਿਆਦਾਤਰ ਵਾਰਦਾਤਾਂ ਨੂੰ ਅਣਦੇਖਿਆ ਕਰ ਦਿੰਦਾ ਹੈ|
ਸਰਕਾਰ ਵਲੋਂ ਭਾਵੇਂ ਬੱਚਿਆਂ ਵਿਰੁੱਧ ਅੰਜਾਮ ਦਿੱਤੇ ਜਾਂਦੇ ਵੱਖ ਵੱਖ ਅਪਰਾਧਾਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਏ ਹੋਏ ਹਨ ਪਰ ਨਾ ਤਾਂ ਕੋਈ ਇਹਨਾਂ ਕਾਨੂੰਨਾਂ ਦੀ ਪਰਵਾਹ ਕਰਦਾ ਹੈ ਅਤੇ ਨਾ ਹੀ ਸਰਕਾਰ ਵਲੋਂ ਇਹਨਾਂ ਕਾਨੂੰਨਾਂ ਦੀ ਪਾਲਣਾ ਕਰਵਾਉਣ ਲਈ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ| ਸਰਕਾਰ ਅਤੇ ਪ੍ਰਸ਼ਾਸ਼ਨ ਦੀ ਢਿੱਲ ਦਾ ਹੀ ਨਤੀਜਾ ਹੈ ਕਿ ਬੱਚਿਆਂ ਵਿਰੁੱਧ ਕੀਤੇ ਜਾਣ ਵਾਲੇ ਅਪਰਾਧਾਂ ਦੇ ਜਿਆਦਾਤਰ ਮਾਮਲਿਆਂ ਵਿੱਚ ਅਕਸਰ ਕੋਈ ਕਾਰਵਾਈ ਨਹੀਂ ਹੁੰਦੀ| ਹੋਰ ਤਾਂ ਹੋਰ ਬੱਚਿਆਂ ਨਾਲ ਬਲਾਤਕਾਰ ਤੇ ਬਦਫੈਲੀ ਕਰਨ ਦੇ ਦੋਸ਼ੀ ਤਕ ਕਾਨੂੰਨ ਦੀਆਂ ਚੋਰ ਮੋਰੀਆਂ ਕਾਰਨ ਬਚ ਨਿਕਲਦੇ ਹਨ| ਭਾਵੇਂ ਕਿ ਹੁਣ ਬੱਚੀਆਂ ਨਾਲ ਬਲਾਤਕਾਰ ਕਰਨ ਵਾਲੇ ਮੁਜਰਿਮਾਂ ਨੂੰ ਫਾਂਸੀ ਦੀ ਸਜਾ ਦੇਣ ਦੀ ਤਜਵੀਜ ਹੈ ਪਰ ਫਿਰ ਵੀ ਬੱਚਿਆਂ ਵਿਰੁੱਧ ਵੱਧ ਰਹੇ ਅਪਰਾਧ ਚਿੰਤਾ ਦਾ ਵਿਸ਼ਾ ਹਨ|
ਬੱਚਿਆਂ ਉੱਪਰ ਹੋਣ ਵਾਲੇ ਇਸ ਜੁਲਮ ਅਤੇ ਉਹਨਾਂ ਵਿਰੁੱਧ ਲਗਾਤਾਰ ਵਾਪਰਦੇ ਅਪਰਾਧਾਂ ਵਿੱਚ ਹੋਣ ਵਾਲੇ ਇਸ ਵਾਧੇ ਤੇ ਰੋਕ ਲਗਾਉਣ ਲਈ ਜਰੂਰੀ ਹੈ ਕਿ ਅਸੀਂ ਸਾਰੇ ਚੇਤੰਨ ਰਹੀਏ ਅਤੇ ਆਪਣੇ ਆਸਪਾਸ ਵਾਪਰਨ ਵਾਲੇ ਅਜਿਹੇ ਅਪਰਾਧਾਂ ਵਿਰੁੱਧ ਆਵਾਜ ਬੁਲੰਦ ਕਰੀਏ ਤਾਂ ਜੋ ਸਰਕਾਰ ਅਤੇ ਪ੍ਰਸ਼ਾਸ਼ਨ ਇਨ੍ਹਾਂ ਵਾਰਦਾਤਾਂ ਨੂੰ ਅਣਦੇਖਿਆ ਨਾ ਕਰ ਸਕੇ ਅਤੇ ਉਸਨੂੰ ਅਜਿਹੇ ਅਪਰਾਧਾਂ ਤੇ ਕਾਬੂ ਕਰਨ ਲਈ ਸਖਤ ਕਾਰਵਾਈ ਕਰਨ ਲਈ ਮਜਬੂਰ ਕੀਤਾ ਜਾ ਸਕੇ|

Leave a Reply

Your email address will not be published. Required fields are marked *