ਬੱਚੀਆਂ ਨੂੰ ‘ਕੈਦ’ ਕਰਨ ਵਾਲੇ ਸਕੂਲ ਦੀ ਜਾਂਚ ਕਰਨ ਲੱਗੀ ਦਿੱਲੀ ਸਰਕਾਰ

ਨਵੀਂ ਦਿੱਲੀ, 11 ਜੁਲਾਈ (ਸ.ਬ.) ਫੀਸ ਦੇ ਨਾਮ ਤੇ ਚਾਂਦਨੀ ਚੌਕ ਦੇ ‘ਰਾਬੀਆ ਗਰਲਜ਼ ਪਬਲਿਕ ਸਕੂਲ’ ਵਿੱਚ 59 ਬੱਚੀਆਂ ਨੂੰ ਬੰਦੀ ਬਣਾਉਣ ਦਾ ਮਾਮਲਾ ਕਾਫੀ ਗਰਮ ਹੋ ਰਿਹਾ ਹੈ| ਸਕੂਲ ਦੇ ਬਾਹਰ ਖੂਬ ਹੰਗਾਮਾ ਹੋ ਰਿਹਾ ਹੈ ਅਤੇ ਸਿੱਖਿਆ ਵਿਭਾਗ ਦੀ ਟੀਮ ਜਾਂਚ ਲਈ ਉਥੇ ਪਹੁੰਚ ਗਈ ਹੈ| ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆਂ ਨੇ ਵੀ ਇਸ ਘਟਨਾ ਨੂੰ ਹੈਰਾਨ ਕਰਨ ਵਾਲਾ ਦੱਸਿਆ ਹੈ ਅਤੇ ਤੁਰੰਤ ਐਕਸ਼ਨ ਲੈਣ ਦੀ ਗੱਲ ਕੀਤੀ ਹੈ| ਇਸ ਨਾਲ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਮਾਮਲੇ ਵਿੱਚ ਸਕੱਤਰ ਅਤੇ ਐਜੂਕੇਸ਼ਨ ਡਾਇਰੈਕਟਰ ਨੂੰ ਸਾਰੇ ਤੱਥਾਂ ਨਾਲ ਤਲਬ ਕੀਤਾ ਹੈ|
ਇਸ ਮਾਮਲੇ ਵਿੱਚ ਦਿੱਲੀ ਦੇ ਖੁਰਾਕ ਮੰਤਰੀ ਇਮਰਾਨ ਹੁਸੈਨ ਨੇ ਰਾਬੀਆ ਸਕੂਲ ਦੀ ਪ੍ਰਿੰਸੀਪਲ ਤੋਂ ਸਖ਼ਤ ਸਵਾਲ ਪੁੱਛੇ| ਉਨ੍ਹਾਂ ਨੇ ਪੁੱਛਿਆ ਕਿ ਸਕੂਲ ਨੇ ਸਰਕਾਰੀ ਨਿਯਮਾਂ ਦਾ ਪਾਲਣ ਕਿਉਂ ਨਹੀਂ ਕੀਤਾ, ਸਕੂਲ ਨੇ ਇਸ ਤੇ ਚੁੱਪੀ ਧਾਰਨ ਕੀਤੀ ਹੋਈ ਹੈ| ਖੁਰਾਕ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਨਿਯਮਾਂ ਮੁਤਾਬਕ, ਫੀਸ ਨਾ ਦੇਣ ਤੇ ਕਿਸੇ ਵੀ ਬੱਚੇ ਨੂੰ ਸਕੂਲ ਵਿੱਚ ਜਾਂ ਕਲਾਸ ਵਿੱਚ ਬੈਠਣ ਤੋਂ ਰੋਕਿਆ ਨਹੀਂ ਜਾ ਸਕਦਾ| ਮੰਤਰੀ ਨੇ ਸਕੂਲ ਦੀ ਪ੍ਰਿੰਸੀਪਲ ਨੂੰ ਫਟਕਾਰ ਲਗਾਉਂਦੇ ਹੋਏ ਮਾਮਲੇ ਨੂੰ ਗੰਭੀਰ ਅਤੇ ਸ਼ਰਮਨਾਕ ਦੱਸਿਆ ਹੈ|
ਇਮਰਾਨ ਹੁਸੈਨ ਨੇ ਮਾਮਲੇ ਨੂੰ ਬੇਹੱਦ ਦਿਲ-ਦਹਿਲਾਉਣ ਵਾਲਾ ਦੱਸਦੇ ਹੋਏ ਕਿਹਾ ਕਿ ਜੋ ਦੋਸ਼ੀ ਹੋਵੇਗਾ, ਉਸ ਦੇ ਖਿਲਾਫ ਕਾਰਵਾਈ ਹੋਵੇਗੀ| ਫੀਸ ਨਾ ਜਮਾ ਕਰਵਾਉਣ ਤੇ ਦਿੱਲੀ ਸਰਕਾਰ ਦਾ ਆਰਡਰ ਹੈ ਕਿ ਕਲਾਸ ਵਿੱਚ ਬੈਠਣ ਤੋਂ ਨਹੀਂ ਰੋਕ ਸਕਦੇ, ਕੋਈ ਵੀ ਹਾਦਸਾ ਹੁੰਦਾ ਤਾਂ ਕੌਣ ਜਿੰਮੇਵਾਰ ਹੁੰਦਾ| ਬੱਚਿਆਂ ਤੇ ਜ਼ੁਲਮ ਬਰਦਾਸ਼ਤ ਨਹੀਂ ਕਰਨਗੇ, ਕੋਈ ਵੀ ਹੋਵੇ ਸਖ਼ਤ ਕਾਰਵਾਈ ਕੀਤੀ ਜਾਵੇ| ਸਕੂਲ ਤੇ ਐਫ.ਆਈ.ਆਰ. ਦਰਜ ਕੀਤੀ ਜਾ ਚੁੱਕੀ ਹੈ|
ਸਕੂਲ ਦਾ ਕਹਿਣਾ ਹੈ ਕਿ ਜੂਨ ਮਹੀਨੇ ਦੀ ਫੀਸ ਨਾ ਜਮਾ ਕੀਤੇ ਜਾਣ ਕਾਰਨ ਬੱਚੀਆਂ ਨੂੰ ਸਜ਼ਾ ਦਿੱਤੀ ਗਈ ਪਰ ਮਾਪੇ ਕਹਿ ਰਹੇ ਹਨ ਕਿ ਫੀਸ ਜਮਾ ਕੀਤੀ ਜਾ ਚੁੱਕੀ ਹੈ| ਸਕੂਲ ਵਿੱਚ 2000 ਤੋਂ ਵਧ ਵਿਦਿਆਰਥਣਾਂ ਪੜਦੀਆਂ ਹਨ ਅਤੇ ਮਹੀਨੇ ਦੀ ਫੀਸ 3000 ਰੁਪਏ ਹੈ| ਦਿੱਲੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਇਸ ਘਟਨਾ ਤੇ ਦੋ ਮੈਂਬਰਾਂ ਦੀ ਜਾਂਚ ਕਮੇਟੀ ਬਣਾ ਦਿੱਤੀ ਹੈ, ਜੋ ਸਕੂਲ ਦੀ ਜਾਂਚ ਕਰੇਗੀ|

Leave a Reply

Your email address will not be published. Required fields are marked *