ਬੱਲੇਬਾਜ਼ ਪਾਰਥਿਵ ਪਟੇਲ ਨੇ ਕ੍ਰਿਕਟ ਤੋਂ ਲਿਆ ਸੰਨਿਆਸ


ਨਵੀਂ ਦਿੱਲੀ, 9 ਦਸੰਬਰ (ਸ.ਬ.) ਭਾਰਤ ਲਈ 17 ਸਾਲ ਦੀ ਉਮਰ ਵਿਚ ਅੰਤਰਰਾਸ਼ਟਰੀ ਕ੍ਰਿਕਟ ਵਿਚ ਸ਼ੁਰੂਆਤ ਕਰਣ ਵਾਲੇ ਪਾਰਥਿਵ             ਪਟੇਲ ਨੇ ਅੱਜ ਖੇਡ ਦੇ ਸਾਰੇ ਫਾਰਮੈਟਸ ਨੂੰ ਅਲਵਿਦਾ ਕਹਿ ਦਿੱਤਾ ਹੈ| ਤਿੰਨ ਮਹੀਨੇ ਬਾਅਦ ਆਪਣਾ 36ਵਾਂ ਜਨਮਦਿਨ ਮਨਾਉਣ ਜਾ ਰਹੇ ਪਾਰਥਿਵ ਨੇ ਟਵਿਟਰ ਅਤੇ ਇੰਸਟਾਗਰਾਮ ਤੇ ਲਿਖਿਆ ਕਿ ‘ਮੈਂ ਅੱਜ ਕ੍ਰਿਕਟ ਦੇ ਸਾਰੇ ਫਾਰਮੈਟਸ ਤੋਂ ਵਿਦਾ ਲੈ ਰਿਹਾ ਹਾਂ| ਭਰੇ ਮਨ ਨਾਲ ਆਪਣੇ 18 ਸਾਲ ਦੇ ਕ੍ਰਿਕਟ ਦੇ ਸਫਰ ਨੂੰ ਸਮਾਪਤ ਕਰ ਰਿਹਾ ਹਾਂ|’ ਸੌਰਵ ਗਾਂਗੁਲੀ ਦੀ ਕਪਤਾਨੀ ਵਿੱਚ 17 ਸਾਲ 153 ਦਿਨ ਦੀ ਉਮਰ ਵਿਚ ਟੈਸਟ ਕ੍ਰਿਕਟ ਵਿੱਚ ਸ਼ੁਰੂਆਤ ਕਰਣ ਵਾਲੇ ਪਾਰਥਿਵ ਨੇ 65 ਅੰਤਰਰਾਸ਼ਟਰੀ ਮੈਚ ਖੇਡੇ, ਜਿਨ੍ਹਾਂ ਵਿਚ 25 ਟੈਸਟ, 38 ਵਨਡੇ ਅਤੇ 2 ਟੀ20 ਮੈਚ ਸ਼ਾਮਿਲ ਹਨ| ਉਨ੍ਹਾਂ ਨੇ 1696 ਦੌੜਾਂ ਬਣਾਈਆਂ, ਜਿਸ ਵਿਚ ਟੈਸਟ ਕ੍ਰਿਕਟ ਵਿਚ 934 ਦੌੜਾਂ ਸ਼ਾਮਿਲ ਹਨ| ਵਨਡੇ ਕ੍ਰਿਕਟ ਵਿਚ ਉਨ੍ਹਾਂ ਨੇ 4 ਅਰਧ ਸੈਂਕੜਿਆਂ ਸਮੇਤ 736 ਦੌੜਾਂ ਬਣਾਈਆਂ| ਇਸਤੋਂ ਇਲਾਵਾ ਬਤੌਰ ਵਿਕਟਕੀਪਰ ਟੈਸਟ ਵਿਚ 62 ਕੈਚ ਫੜੇ ਅਤੇ 10 ਸਟਪਿੰਗ ਕੀਤੀ| ਉਨ੍ਹਾਂ ਨੂੰ 2002 ਵਿਚ ਇੰਗਲੈਂਡ ਦੌਰੇ ਤੇ ਭੇਜਿਆ ਗਿਆ, ਜਦੋਂ ਉਨ੍ਹਾਂ ਨੇ ਰਣਜੀ ਟਰਾਫੀ ਕ੍ਰਿਕਟ ਵਿਚ ਸ਼ੁਰੂਆਤ ਵੀ ਨਹੀਂ ਕੀਤੀ ਸੀ|
ਪਾਰਥਿਵ ਨੇ ਕਿਹਾ ਕਿ ਬੀ.ਸੀ.ਸੀ.ਆਈ. ਨੇ ਕਾਫੀ ਭਰੋਸਾ ਜਤਾਇਆ ਕਿ 17 ਸਾਲਾਂ ਇਕ ਲੜਕਾ ਭਾਰਤ ਲਈ ਖੇਡ ਸਕਦਾ ਹੈ| ਉਹਨਾਂ ਕਿਹਾ ਕਿ  ਆਪਣੇ ਕੈਰੀਅਰ ਦੇ ਸ਼ੁਰੂਆਤੀ ਸਾਲਾਂ ਵਿਚ ਉਨ੍ਹਾਂ ਦੀ ਇਸ ਤਰ੍ਹਾਂ ਹੌਸਲਾ ਅਫਜਾਈ ਕਰਣ ਲਈ ਉਹ ਬੋਰਡ ਦੇ ਸ਼ੁਕਰਗੁਜ਼ਾਰ ਹਨ| ਉਨ੍ਹਾਂ ਨੇ 2004 ਵਿਚ ਭਾਰਤੀ ਟੀਮ ਵੱਲੋਂ ਬਾਹਰ ਕੀਤੇ ਜਾਣ ਤੋਂ ਬਾਅਦ ਪਹਿਲਾ ਰਣਜੀ ਮੈਚ ਖੇਡਿਆ| ਉਹਨਾਂ ਨੇ ‘ਦਾਦਾ’ ਮਤਲਬ ਬੀ.ਸੀ.ਸੀ. ਆਈ. ਪ੍ਰਧਾਨ ਗਾਂਗੁਲੀ ਸਮੇਤ ਸਾਰੇ ਕਪਤਾਨਾਂ ਦਾ ਧੰਨਵਾਦ ਕੀਤਾ| ਮਹਿੰਦਰ ਸਿੰਘ ਧੋਨੀ ਦੇ ਆਉਣ ਤੋਂ ਬਾਅਦ ਪਾਰਥਿਵ ਵਿਕਟਕੀਪਰ ਦੇ ਤੌਰ ਤੇ ਦੂਜੀ ਪਸੰਦ ਹੋ ਗਏ ਅਤੇ ਬਤੌਰ ਬੱਲੇਬਾਜ਼ ਹੀ ਖੇਡੇ| ਬਾਅਦ ਵਿਚ ਸੀਮਤ ਓਵਰਾਂ ਵਿਚ ਸਲਾਮੀ                   ਬੱਲੇਬਾਜ਼ ਦੇ ਰੂਪ ਵਿਚ ਕੁੱਝ ਮੈਚ ਖੇਡੇ| ਉਨ੍ਹਾਂ ਹਮੇਸ਼ਾ ਸਵੀਕਾਰ ਕੀਤਾ ਕਿ ਉਹ ਧੋਨੀ ਨੂੰ ਦੋਸ਼ ਨਹੀਂ ਦੇ ਸਕਦੇ, ਕਿਉਂਕਿ ਉਨ੍ਹਾਂ ਨੂੰ ਅਤੇ ਦਿਨੇਸ਼ ਕਾਰਤਿਕ ਨੂੰ ਧੋਨੀ ਤੋਂ ਪਹਿਲਾਂ ਟੀਮ ਵਿਚ ਆਪਣੀ ਥਾਂ ਪੱਕੀ ਕਰਣ ਦੇ ਮੌਕੇ ਮਿਲੇ ਸਨ| ਉਹ ਘਰੇਲੂ ਕ੍ਰਿਕਟ ਵਿਚ ਕਾਫੀ ਕਾਮਯਾਬ ਰਹੇ ਅਤੇ 194 ਪਹਿਲੀ ਸ਼੍ਰੇਣੀ ਦੇ ਮੈਚਾਂ ਵਿਚ 27 ਸੈਂਕੜਿਆਂ ਸਮੇਤ 11240 ਦੌੜਾਂ ਬਣਾਈਆਂ|
ਉਨ੍ਹਾਂ ਆਈ.ਪੀ.ਐਲ. ਵਿਚ ਮੁੰਬਈ ਇੰਡੀਅਨਜ਼, ਚੇਨਈ ਸੁਪਰ ਕਿੰਗਜ਼, ਰਾਈਲ ਚੈਲੇਂਜਰਸ ਬੈਂਗਲੁਰੂ ਲਈ ਖੇਡਿਆ| ਇਸ ਵਾਰ ਆਰ.ਸੀ.ਬੀ. ਲਈ ਉਹ ਇਕ ਵੀ ਮੈਚ ਨਹੀਂ ਖੇਡ ਸਕੇ| ਉਨ੍ਹਾਂ ਕਿਹਾ ਕਿ ਉਹ ਆਈ.ਪੀ.ਐਲ. ਟੀਮਾਂ ਅਤੇ ਉਨ੍ਹਾਂ ਦੇ ਮਾਲਕਾਂ ਨੂੰ ਵੀ ਧੰਨਵਾਦ ਕਰਣਾ ਚਾਹੁੰਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਟੀਮ ਵਿਚ ਸ਼ਾਮਿਲ ਕੀਤਾ ਅਤੇ ਉਨ੍ਹਾਂ ਦਾ ਧਿਆਨ ਰੱਖਿਆ| ਪਾਰਥਿਵ ਦੀ ਕਪਤਾਨੀ ਵਿਚ ਗੁਜਰਾਤ ਨੇ 2016-17 ਵਿਚ ਰਣਜੀ ਖ਼ਿਤਾਬ ਜਿੱਤਿਆ| ਉਹ ਭਾਰਤੀ ਤੇਜ਼ ਗੇਂਦਬਾਜ ਜਸਪ੍ਰੀਤ ਬੁਮਰਾਹ ਦੇ ਪਹਿਲੇ ਕਪਤਾਨ ਰਹੇ, ਜਿਨ੍ਹਾਂ ਦੇ ਨਾਲ 2013 ਵਿਚ ਸੈਯਦ ਮੁਸ਼ਤਾਕ ਅਲੀ ਟਰਾਫੀ ਖੇਡੀ| ਪਾਰਥਿਵ ਨੇ ਕਿਹਾ ਕਿ ਮੈਨੂੰ ਸੁਕੂਨ ਹੈ ਕਿ ਮੈਂ ਇੱਜ਼ਤ, ਖੇਡ ਭਾਵਨਾ ਅਤੇ ਆਪਸੀ ਸਦਭਾਵਨਾ ਨਾਲ ਖੇਡਿਆ| ਮੈਂ ਜਿੰਨੇ ਸੁਫਨੇ ਦੇਖੇ ਸਨ, ਉਸ ਤੋਂ ਜ਼ਿਆਦਾ ਪੂਰੇ ਹੋਏ ਹਨ| ਮੈਨੂੰ ਉਮੀਦ ਹੈ ਕਿ ਮੈਨੂੰ ਯਾਦ ਰੱਖਿਆ ਜਾਵੇਗਾ|

Leave a Reply

Your email address will not be published. Required fields are marked *