ਬੱਸਾਂ ਦੇ ਕਿਰਾਏ ਵਿਚ ਵਾਧਾ ਹੋਣ ਕਾਰਨ ਲੋਕਾਂ ਵਿਚ ਰੋਸ ਦੀ ਲਹਿਰ

ਐਸ ਏ ਐਸ ਨਗਰ,17 ਜੂਨ (ਸ. ਬ.) ਪੰਜਾਬ ਸਰਕਾਰ ਵਲੋਂ ਚੁਪ ਚਪੀਤੇ ਹੀ ਬੱਸਾਂ ਦੇ ਕਿਰਾਏ ਵਿਚ ਭਾਰੀ ਵਾਧਾ ਲਾਗੂ ਕਰ ਦਿੱਤਾ ਗਿਆ ਹੈ ਜਿਸ ਕਾਰਨ ਆਮ ਲੋਕਾਂ ਵਿਚ ਰੋਸ ਦੀ ਲਹਿਰ ਫੈਲ ਗਈ ਹੈ| ਆਮ ਲੋਕਾਂ ਦਾ ਕਹਿਣਾ ਹੈ ਕਿ ਅਜੇ ਦੋ ਕੁ ਦਿਨ ਪਹਿਲਾਂ ਹੀ ਪੈਟਰੋਲ ਅਤੇ ਡੀਜਲ ਦੇ ਭਾਅ ਘਟੇ ਹਨ ਪਰ ਫਿਰ ਵੀ ਪੰਜਾਬ ਦੀ ਕੈਪਟਨ ਸਰਕਾਰ ਨੇ ਪੰਜਾਬ ਵਿਚ ਬੱਸ ਸਫਰ ਮਹਿੰਗਾ ਕਰ ਦਿਤਾ ਹੈ, ਜਿਸ ਕਾਰਨ ਮਹਿੰਗਾਈ ਦੀ ਚੱਕੀ ਵਿਚ ਪੀਸੇ ਜਾ ਰਹੇ ਲੋਕਾਂ ਉਪਰ ਹੋਰ ਬੋਝ ਪੈ ਗਿਆ ਹੈ|
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਟਿਆਲਾ ਤੋਂ ਮੁਹਾਲੀ ਦੇ ਬੱਸ ਕਿਰਾਏ ਵਿੱਚ ਪ੍ਰਤੀ ਵਿਅਕਤੀ 5 ਰੁਪਏ ਦਾ ਵਾਧਾ ਕਰ ਦਿੱਤਾ ਹੈ| ਇਸੇ ਤਰ੍ਹਾਂ ਹੀ ਹੋਰਨਾਂ ਇਲਾਕਿਆਂ ਵਿੱਚ ਵੀ ਕਿਰਾਏ  ਇਸੇ ਤਰਜ ਉੱਪਰ ਹੀ ਵਧਾਏ ਗਏ ਹਨ|
ਸਮਾਜ ਦੇ ਵੱਖ ਵੱਖ ਵਰਗਾਂ ਨਾਲ ਸਬੰਧਿਤ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਉਹਨਾਂ ਨੇ ਕਾਂਗਰਸ ਨੂੰ ਇਸ ਲਈ ਵੋਟਾਂ ਪਾਈਆਂ ਸਨ ਕਿ ਇਹ ਸਰਕਾਰ ਉਹਨਾਂ ਦੇ ਮਸਲੇ ਹਲ ਕਰੇਗੀ ਅਤੇ ਮਹਿੰਗਾਈ ਘਟ ਕਰਨ ਲਈ ਠੋਸ ਕਾਰਵਾਈ ਕਰੇਗੀ ਪਰ ਇਸ ਕਾਂਗਰਸ ਸਰਕਾਰ ਨੇ ਤਾਂ ਹੱਦ ਹੀ ਕਰ ਦਿਤੀ ਹੈ ਪਹਿਲਾਂ ਰੇਤਾ ਬਜਰੀ ਪਹਿਲਾਂ ਨਾਲੋਂ ਵੀ ਬਹੁਤ ਮਹਿੰਗਾ ਕਰ ਦਿਤਾ ਹੈ, ਹੁਣ ਬੱਸਾਂ ਦੇ ਕਿਰਾਏ ਵਿਚ ਵਾਧਾ ਕਰਕੇ ਪੰਜਾਬੀਆਂ ਉਪਰ ਹੋਰ ਬੋਝ ਪਾ ਦਿਤਾ ਹੈ| ਆਮ ਲੋਕਾਂ ਦਾ ਕਹਿਣਾਂ ਹੈ ਕਿ ਇਹ ਉਹਨਾਂ ਨੂੰ ਕਾਂਗਰਸ ਨੂੰ ਵੋਟਾਂ ਪਾਉਣ ਦੀ ਇਕ ਤਰਾਂ ਸਜਾ ਹੀ ਮਿਲ ਰਹੀ ਹੈ ਅਤੇ ਉਹ ਹੁਣ ਕਾਂਗਰਸ ਨੂੰ ਵੋਟਾਂ ਪਾ ਕੇ ਪਛਤਾਉਣ ਲੱਗੇ ਹਨ|
ਬੱਸਾਂ ਦੇ ਕਿਰਾਏ ਵਿਚ ਵਾਧਾ ਹੋਣ ਕਾਰਨ ਆਮ ਲੋਕਾਂ ਵਿਚ ਹਾਹਾਕਾਰ ਹੈ ਕੈਪਟਨ ਸਰਕਾਰ ਹੋਂਦ ਵਿਚ ਆਉਣ ਤੋਂ ਬਾਅਦ ਲੋਕਾਂ ਨੂੰ ਆਸ ਸੀ ਕਿ ਇਹ ਸਰਕਾਰ ਆਵਾਜਾਈ ਸਹੂਲਤਾਂ ਵਿਚ ਵਾਧਾ ਕਰੇਗੀ ਅਤੇ ਬੱਸਾਂ ਦੇ ਕਿਰਾਏ ਵਿਚ ਵੀ ਕਮੀ ਕਰੇਗੀ ਪਰ ਇਸ ਸਰਕਾਰ ਨੇ ਬੱਸਾਂ ਦੇ ਕਿਰਾਏ ਘਟਾਉਣ ਦੀ ਥਾਂ ਵਧਾ ਦਿੱਤੇ ਹਨ| ਜਿਹੜੇ ਵਿਅਕਤੀ ਆਪਣੇ ਕੰਮ ਧੰਦੇ ਅਤੇ ਨੌਕਰੀ ਕਰਨ ਲਈ ਰੌਜਾਨਾਂ ਸਫਰ ਕਰਦੇ ਹਨ ਉਹਨਾਂ ਨੇ ਵੀ ਕਿਰਾਏ ਵਿਚ ਵਾਧਾ ਹੋਣ ਕਰਕੇ  ਆਪਣੇ ਸ਼ਹਿਰ ਵਿਚ ਹੀ ਬਦਲੀ ਕਰਵਾਉਣ ਅਤੇ ਉਥੇ ਹੀ ਕੋਈ ਕੰਮ ਧੰਦਾ ਲੱਭਣ ਲਈ ਉਪਰਾਲੇ ਕਰਨੇ ਸ਼ੁਰੂ ਕਰ ਦਿਤੇ ਹਨ| ਆਮ ਲੋਕਾਂ ਦਾ ਕਹਿਣਾ ਹੈ ਕਿ ਅਸਲ ਵਿਚ ਕੈਪਟਨ ਸਰਕਾਰ ਬੱਸਾਂ ਦੇ ਕਿਰਾਏ ਵਿਚ ਵਾਧਾ ਕਰਕੇ ਲੋਕਾਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ, ਕੈਪਟਨ ਸਰਕਾਰ ਨੂੰ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ ਦੀ ਥਾਂ ਬੱਸਾਂ ਦੇ ਕਿਰਾਏ ਵਿਚ ਵਾਧਾ ਕਰਕੇ ਲੋਕਾਂ ਉਪਰ ਆਰਥਿਕ ਬੋਝ ਪਾਉਣ ਦਾ ਜਵਾਬ ਇਕ ਦਿਨ  ਦੇਣਾ ਹੀ ਪਵੇਗਾ|

Leave a Reply

Your email address will not be published. Required fields are marked *