ਭਖਣ ਲੱਗੀ ਸਿਆਸੀ ਲੜਾਈ, ਕਿਸਾਨ ਹਿੱਤ ਬਚਾਓ ਕਮੇਟੀ ਵਲੋਂ ਵਿਧਾਇਕ ਸਿੱਧੂ ਦਾ ਪੁਤਲਾ ਫੂਕਣ ਮੌਕੇ ਹਾਜਿਰ ਰਹੇ ਅਕਾਲੀ ਆਗੂ

ਭਖਣ ਲੱਗੀ ਸਿਆਸੀ ਲੜਾਈ, ਕਿਸਾਨ ਹਿੱਤ ਬਚਾਓ ਕਮੇਟੀ ਵਲੋਂ ਵਿਧਾਇਕ ਸਿੱਧੂ ਦਾ ਪੁਤਲਾ ਫੂਕਣ ਮੌਕੇ ਹਾਜਿਰ ਰਹੇ ਅਕਾਲੀ ਆਗੂ
ਲੈਂਡ ਮਾਫੀਆ ਦੇ ਹੱਥਾਂ ਵਿੱਚ ਖੇਡ ਰਹੇ ਹਨ ਅਕਾਲੀ, ਅਗਲੇ ਹਫਤੇ ਇਸੇ ਚੌਂਕ ਵਿੱਚ ਰੈਲੀ ਕਰਕੇ ਦੇਵਾਂਗਾ ਮੋੜਵਾਂ ਜਵਾਬ : ਸਿੱਧੂ
ਐਸ ਏ ਐਸ ਨਗਰ, 4 ਅਪ੍ਰੈਲ (ਸ.ਬ.) ਕਿਸਾਨ ਹਿੱਤ ਬਚਾਓ ਕਮੇਟੀ ਦੀ ਅਗਵਾਈ ਵਿੱਚ ਨਵੀਂ ਏਅਰੋ ਸਿਟੀ ਲਈ ਵੱਖ ਵੱਖ ਪਿੰਡਾਂ ਦੀ ਅਕਵਾਇਰ ਕੀਤੀ ਜਾਣ ਵਾਲੀ ਜਮੀਨ ਦੇ ਮਾਲਕਾਂ ਵੱਲੋਂ ਅੱਜ ਸਥਾਨਕ ਏਅਰਪੋਰਟ ਰੋਡ ਤੇ ਬਣੇ ਕਿਸਾਨ ਵਿਕਾਸ ਚੈਂਬਰ ਨੇੜੇ ਏਅਰਪੋਰਟ ਚੌਂਕ ਤੇ ਹਲਕਾ ਮੁਹਾਲੀ ਤੋਂ ਵਿਧਾਇਕ ਬਲਬੀਰ ਸਿੰਘ ਸਿੱਧੂ ਦਾ ਪੁਤਲਾ ਫੂਕਿਆ ਅਤੇ ਸਰਕਾਰ ਵਿਰੁੱਧ ਨਾਰ੍ਹੇਬਾਜੀ ਕੀਤੀ| ਹਾਲਾਂਕਿ ਵਿਧਾਇਕ ਦਾ ਪੁਤਲਾ ਫੂਕਣ ਦੇ ਇਸ ਆਯੋਜਨ ਦੌਰਾਨ ਹਲਕੇ ਦੇ ਅਕਾਲੀ ਆਗੂ ਪੂਰੇ ਸਰਗਰਮ ਵਿਖੇ ਅਤੇ ਇਹ ਪ੍ਰੋਗਰਾਮ ਹਲਕਾ ਵਿਧਾਇਕ ਬਨਾਮ ਅਕਾਲੀ ਦਲ ਵਿੱਚ ਤਬਦੀਲ ਹੁੰਦਾ ਲੱਗਿਆ| ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੇ ਵੀ ਇਸ ਸੰਬੰਧੀ ਕਿਹਾ ਕਿ ਅਕਾਲੀ ਦਲ ਵਲੋਂ ਕਿਸਾਨਾਂ ਦੇ ਨਾਮ ਤੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਦੇ ਤਹਿਤ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਅਤੇ ਇਹ ਸਾਰਾ ਕੁੱਝ ਲੈਂਡ ਮਾਫੀਆ ਦੇ ਇਸ਼ਾਰੇ ਤੇ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਉਹ ਅਕਾਲੀਆਂ ਨੂੰ ਮੋੜਵਾਂ ਜਵਾਬ ਦੇਣ ਲਈ ਅਗਲੇ ਹਫਤੇ ਇਸੇ ਚੌਂਕ ਵਿੱਚ ਵੱਡੀ ਰੈਲੀ ਕਰਣਗੇ ਜਿਸ ਵਿੱਚ ਇਲਾਕੇ ਦੇ ਵੱਡੀ ਗਿਣਤੀ ਕਿਸਾਨ ਸ਼ਾਮਿਲ ਹੋਣਗੇ|
ਪੁਤਲਾ ਫੂਕਣ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਪਿੰਡ ਪਾਪੜੀ ਦੀ 6 ਏਕੜ ਜਮੀਨ ਪੰਚਾਇਤ ਵਿਭਾਗ ਵਲੋਂ ਪ੍ਰਤੀ ਏਕੜ 3 ਕਰੋੜ ਦੇ ਹਿਸਾਬ ਨਾਲ ਜੇ ਐਲ ਪੀ ਐਲ ਨੂੰ ਦਿੱਤੀ ਗਈ ਸੀ, ਜਿਸਦਾ ਮੁੱਦਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਵਿਧਾਨ ਸਭਾ ਵਿੱਚ ਚੁਕਦਿਆਂ ਕਿਹਾ ਸੀ ਕਿ ਇਹ ਜਮੀਨ ਬਹੁਤ ਸਸਤੇ ਭਾਅ ਜੇ ਐਲ ਪੀ ਐਲ ਨੂੰ ਦਿੱਤੀ ਗਈ ਹੈ ਅਤੇ ਇਸ ਜਮੀਨ ਦਾ ਅਸਲੀ ਮੁੱਲ 16 ਕਰੋੜ ਰੁਪਏ ਪ੍ਰਤੀ ਏਕੜ ਹੈ| ਉਸ ਸਮੇਂ ਸ੍ਰ. ਸਿੱਧੂ ਨੇ ਇਸ ਮਾਮਲੇ ਵਿੱਚ ਵੱਡਾ ਘਪਲਾ ਹੋਣ ਦਾ ਦੋਸ਼ ਵੀ ਲਾਇਆ ਸੀ| ਬੁਲਾਰਿਆਂ ਨੇ ਕਿਹਾ ਕਿ ਜੇ ਵਿਧਾਇਕ ਸਿੱਧੂ ਪਿੰਡ ਪਾਪੜੀ ਦੀ ਜਮੀਨ ਦਾ 16 ਕਰੋੜ ਰੁਪਏ ਪ੍ਰਤੀ ਏਕੜ ਮੁੱਲ ਹੋਣ ਦਾ ਦਾਅਵਾ ਕਰ ਰਹੇ ਹਨ ਤਾਂ ਉਹਨਾਂ ਨੂੰ ਨਵੀਂ ਬਣ ਰਹੀ ਏਅਰੋ ਸਿਟੀ ਦੇ ਕਿਸਾਨਾਂ (ਜਿਹਨਾਂ ਦੀ 4500 ਏਕੜ ਜਮੀਨ ਗਮਾਡਾ ਵਲੋਂ ਅਕਵਾਇਰ ਕੀਤੀ ਜਾ ਰਹੀ ਹੈ) ਦਾ ਮੁੱਲ ਵੀ 16 ਕਰੋੜ ਰੁਪਏ ਪ੍ਰਤੀ ਏਕੜ ਦਿਵਾਉਣਾ ਚਾਹੀਦਾ ਹੈ| ਉਹਨਾ ਕਿਹਾ ਕਿ ਗਮਾਡਾ ਵਲੋਂ ਇਸ ਅਕਵਾਇਰ ਕੀਤੀ ਜਾ ਰਹੀ ਜਮੀਨ ਵਿੱਚ ਕਿਸਾਨਾਂ ਨੂੰ ਧੱਕੇ ਨਾਲ ਹੀ ਲੈਂਡ ਪੁਲਿੰਗ ਸਕੀਮ ਦਿੱਤੀ ਜਾ ਰਿਹਾ ਹੈ ਜਦੋਂਕਿ ਵੱਡੀ ਗਿਣਤੀ ਕਿਸਾਨ ਇਸ ਜਮੀਨ ਬਦਲੇ ਨਗਦ ਪੈਸੇ ਲੈਣਾ ਚਾਹੁੰਦੇ ਹਨ ਅਤੇ ਇਸ ਸੰਬੰਧੀ ਗਮਾਡਾ ਵਲੋਂ ਕਿਸਾਨਾਂ ਨੂੰ ਲੈਂਡ ਪੁਲਿੰਗ ਸਕੀਮ ਦਾ ਲਾਭ ਲੈਣ ਜਾਂ ਫਿਰ ਨਗਦ ਪੈਸੇ ਲੈਣ ਵਿੱਚੋਂ ਕੋਈ ਇੱਕ ਬਦਲ ਚੁਣਨ ਦੀ ਛੋਟ ਦਿੱਤੀ ਜਾਣੀ ਚਾਹੀਦੀ ਹੈ|
ਇਸ ਮੌਕੇ ਹਾਜਿਰ ਕਿਸਾਨਾਂ (ਅਤੇ ਅਕਾਲੀ ਆਗੂਆਂ) ਵਲੋਂ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਦੇ ਖਿਲਾਫ ਨਾਹਰੇਬਾਜੀ ਕੀਤੀ ਅਤੇ ਉਹਨਾਂ ਦਾ ਪੁਤਲਾ ਫੂਕਿਆ ਗਿਆ| ਇਸ ਮੌਕੇ ਮਹਿਲਾ ਕਮਿਸ਼ਨ ਪੰਜਾਬ ਦੀ ਸਾਬਕਾ ਚੇਅਰਪਰਸਨ ਬੀਬੀ ਪਰਮਜੀਤ ਕੌਰ ਲਾਂਡਰਾ, ਅਕਾਲੀ ਦਲ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ, ਲੇਬਰਫੈਡ ਦੇ ਐਮ ਡੀ ਸ੍ਰ. ਪਰਵਿੰਦਰ ਸਿੰਘ ਸੋਹਾਣਾ, ਅਕਾਲੀ ਦਲ ਸ਼ਹਿਰੀ ਮੁਹਾਲੀ ਦੇ ਸਾਬਕਾ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ, ਗੁਰਮੀਤ ਕੌਰ ਬਾਕਰਪੁਰ, ਨਛੱਤਰ ਸਿੰਘ ਬਾਕਰਪੁਰ, ਦਿਆ ਸਿੰਘ ਬਾਕਰਪੁਰ, ਸਾਹਿਬ ਸਿੰਘ, ਹਰਵਿੰਦਰ ਸਿੰਘ ਨੰਬਰਦਾਰ ਸੋਹਾਣਾ, ਗੁਰਮਿੰਦਰ ਸਿੰਘ, ਅਮਰਜੀਤ ਸਿੰਘ ਪੀਲੂ, ਬਲਵਿੰਦਰ ਸਿੰਘ ਲਖਨੌਰ, ਐਡਵੋਕੇਟ ਸਤਵਿੰਦਰ ਸਿੰਘ, ਜਸਦੀਪ ਸਿੰਘ ਬੱਬਰ, ਬੀਬੀ ਬਲਜਿੰਦਰ ਕੌਰ ਸੈਦਪੁਰ, ਹ ਰਚਰਨ ਸਿੰਘ ਸਰਪੰਚ ਸੈਦਪੁਰ, ਸੁੱਚਾ ਸਿੰਘ ਲਾਂਡਰਾ, ਸੁਖਦੇਵ ਸਿੰਘ ਲਾਂਡਰਾ, ਬਲਜੀਤ ਸਿੰਘ, ਤਰਲੋਚਨ ਸਿੰਘ ਪੰਚ, ਮਲਕੀਤ ਸਿੰਘ ਸਾਬਕਾ ਸਰਪੰਚ ਸੁੱਖਗੜ, ਯੂਥ ਅਕਾਲੀ ਆਗੂ ਸੰਨੀ ਕੰਡਾ ਵੀ ਮੌਜੂਦ ਸਨ|

ਅਕਾਲੀਆਂ ਨੂੰ ਦੇਵਾਂਗਾ ਮੋੜਵਾਂ ਜਵਾਬ: ਸਿੱਧੂ
ਸੰਪਰਕ ਕਰਨ ਤੇ ਹਲਕਾ ਵਿਧਾਇਕ ਸ੍ਰ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅਸਲ ਵਿੱਚ ਇਹ ਰੈਲੀ ਕਿਸਾਨਾਂ ਦੀ ਆੜ ਵਿੱਚ ਅਕਾਲੀ ਦਲ ਵਲੋਂ ਹੀ ਕੀਤੀ ਗਈ ਹੈ ਅਤੇ ਅਕਾਲੀ ਆਗੂ ਲੈਂਡ ਮਾਫੀਆ ਦਾ ਪੱਖ ਪੂਰ ਰਹੇ ਹਨ| ਉਹਨਾਂ ਕਿਹਾ ਕਿ ਪਿੰਡ ਪਾਪੜੀ ਦੀ ਜਿਸ ਜਮੀਨ ਦੀ ਕੀਮਤ ਬਾਰੇ ਉਹਨਾਂ ਵਿਧਾਨਸਭਾ ਵਿੱਚ ਮੁੱਦਾ ਚੁੱਕਿਆ ਸੀ ਉਹ 200 ਫੁਟ ਸੜਕ ਤੇ ਪੈਂਦੀ ਪ੍ਰਾਈਮ ਲੈਂਡ ਹੈ ਅਤੇ ਉਹ ਅੱਜ ਵੀ ਆਪਣੀ ਗੱਲ ਤੇ ਕਾਇਮ ਹਨ| ਉਹਨਾਂ ਕਿਹਾ ਕਿ ਅੱਜ ਦੇ ਧਰਨੇ ਵਿੱਚ ਕਿਸਾਨ ਘੱਟ ਅਤੇ ਅਕਾਲੀ ਜਿਆਦਾ ਸੀ ਅਤੇ ਅਕਾਲੀਆਂ ਨੂੰ ਇਸਦਾ ਮੋੜਵਾਂ ਜਵਾਬ ਦੇਣ ਲਈ ਉਹ ਅਗਲੇ ਹਫਤੇ ਇਸੇ ਚੌਂਕ ਵਿੱਚ ਵੱਡੀ ਰੈਲੀ ਕਰਣਗੇ ਜਿਸ ਵਿੱਚ ਇਲਾਕੇ ਦੇ ਵੱਡੀ ਗਿਣਤੀ ਕਿਸਾਨ ਸ਼ਾਮਿਲ ਹੋਣਗੇ ਜਿਸ ਨਾਲ ਪਤਾ ਲੱਗ ਜਾਏਗਾ ਕਿ ਅਸਲ ਵਿੱਚ ਕਿਸਾਨ ਕਿਸਦੇ ਨਾਲ ਹਨ|

Leave a Reply

Your email address will not be published. Required fields are marked *