ਭਗਤ ਸਿੰਘ ਦਾ ਸੁਫਨਾ ਸੀ ਲੁੱਟ-ਰਹਿਤ ਸਮਾਜ ਦੀ ਸਿਰਜਣਾ : ਤਰਕਸ਼ੀਲ

ਖਰੜ, 29 ਸਤੰਬਰ (ਸ.ਬ.) ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਤਰਕਸ਼ੀਲ ਮੈਗਜ਼ੀਨ ਦਾ ਅੰਕ ਰਿਲੀਜ਼ ਕੀਤਾ ਗਿਆ| ਇਸ ਮੌਕੇ ਇਕਾਈ ਮੁਖੀ ਕਰਮਜੀਤ ਸਕਰੁੱਲਾਂਪੁਰੀ ਨੇ ਕਿਹਾ ਕਿ ਭਗਤ ਸਿੰਘ ਵਿਗਿਆਨਿਕ ਵਿਚਾਰਾਂ ਦਾ ਧਾਰਨੀ ਨੌਜਵਾਨ ਸੀ ਅਤੇ ਤਰਕਸ਼ੀਲ ਮੈਗਜ਼ੀਨ ਦਾ ਮਿਸ਼ਨ ਵੀ ਵਿਗਿਆਨਿਕ ਚੇਤਨਾ ਦਾ ਪਸਾਰ ਕਰਨਾ ਹੈ| ਉਨਾਂ ਕਿਹਾ ਕਿ ਸਿਰਫ ਅੰਗਰੇਜੀ ਹਾਕਮਾਂ ਨੂੰ ਦੇਸ਼ ਵਿੱਚੋਂ ਕੱਢਣਾ ਹੀ ਭਗਤ ਸਿੰਘ ਦਾ ਟੀਚਾ ਨਹੀਂ ਸੀ ਬਲਕਿ ਉਨਾਂ ਦੇ ਦਿਮਾਗ ਵਿੱਚ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਕੇ ਪੂਰਨ-ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਦਾ ਮਾਡਲ ਸੀ|
ਇਸ ਮੌਕੇ ਬੋਲਦਿਆਂ ਕੁਲਵਿੰਦਰ ਨਗਾਰੀ ਨੇ ਕਿਹਾ ਕਿ ਭਗਤ ਸਿੰਘ ਦੇ ਵਿਚਾਰਾਂ ਤੋਂ ਸੇਧ ਲੈ ਕੇ ਸਾਡੇ ਸਮਾਜ ਨੂੰ ਦਰਪੇਸ਼ ਬਹੁਤ ਸਾਰੇ ਮਸਲਿਆਂ ਦਾ ਹੱਲ ਕੀਤਾ ਜਾ ਸਕਦਾ ਹੈ| ਉਨਾਂ ਕਿਹਾ ਕਿ ਭਗਤ ਸਿੰਘ ਮਨੁੱਖੀ ਸਮਾਜ ਦੇ ਇਤਿਹਾਸ, ਵਰਤਮਾਨ ਅਤੇ ਭਵਿੱਖ ਵੱਖ-ਵੱਖ ਆਰਥਿਕ-ਸਿਆਸੀ ਪ੍ਰਬੰਧਾਂ, ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦੇ ਖਾਤਮੇ, ਫਿਲਾਸਫੀ, ਧਰਮ, ਜਾਤ-ਪਾਤ, ਫਿਰਕਾਪ੍ਰਸਤੀ ਆਦਿ ਮੁੱਦਿਆਂ ਬਾਰੇ ਬਹੁਤ ਹੀ ਸਪਸ਼ੱਟ ਅਤੇ ਡੂੰਘੀ ਸਮਝ ਰੱਖਦੇ ਸਨ|
ਤਰਕਸ਼ੀਲ ਆਗੂ ਸੁਜਾਨ ਬਡਾਲਾ ਨੇ ਇਸ ਮੌਕੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਕਿਸਾਨ-ਮਾਰੂ ਕਾਨੂੰਨਾਂ ਦਾ ਤਰਕਸ਼ੀਲ ਸੁਸਾਇਟੀ ਵਿਰੋਧ ਕਰਦੀ ਹੈ ਅਤੇ ਇਨ੍ਹਾਂ ਕਾਨੂੰਨਾਂ ਖਿਲਾਫ ਰਾਜ ਭਰ ਵਿੱਚ ਚੱਲ ਰਹੇ ਕਿਸਾਨ ਸੰਘਰਸ਼ਾਂ ਦੀ ਹਮਾਇਤ ਕਰਦੀ ਹੈ|
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਿਕਰਮਜੀਤ ਸੋਨੀ, ਸੁਰਿੰਦਰ ਸਿੰਬਲਮਾਜਰਾ ਵੀ ਹਾਜਿਰ ਸਨ|

Leave a Reply

Your email address will not be published. Required fields are marked *