ਭਰਵੀਂ ਬਰਸਾਤ ਕਾਰਨ ਸ਼ਹਿਰ ਵਿੱਚ ਜਲ-ਥੱਲ, ਨੀਵੇਂ ਇਲਾਕੇ ਪਾਣੀ ਵਿਚ ਡੁੱਬੇ

ਭਰਵੀਂ ਬਰਸਾਤ ਕਾਰਨ ਸ਼ਹਿਰ ਵਿੱਚ ਜਲ-ਥੱਲ, ਨੀਵੇਂ ਇਲਾਕੇ ਪਾਣੀ ਵਿਚ ਡੁੱਬੇ
ਬਲੌਂਗੀ ਵਿਖੇ ਪਾਣੀ ਵਿਚ ਕਰੰਟ ਆਉਣ ਨਾਲ ਮਹਿਲਾ ਦੀ ਮੌਤ
ਐਸ ਏ ਐਸ ਨਗਰ, 19 ਜੂਨ (ਸ. ਬ.) ਅੱਜ ਸਵੇਰੇ ਭਰਵੀਂ ਬਰਸਾਤ ਪੈਣ ਕਾਰਨ  ਮੁਹਾਲੀ ਅਤੇ ਇਸਦੇ ਨੇੜਲੇ ਇਲਾਕਿਆਂ ਵਿਚ ਹਰ ਪਾਸੇ ਹੀ ਜਲ ਥੱਲ ਹੋ ਗਈ| ਇਸ ਬਰਸਾਤ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ ਇਕ ਫੁੱਟ ਤੱਕ ਪਾਣੀ ਭਰ ਗਿਆ ਅਤੇ ਪਿੰਡ ਬਲੌਂਗੀ ਵਿਚ ਪਾਣੀ ਵਿਚ ਕਰੰਟ ਹੋਣ ਕਾਰਨ ਇਕ ਮਹਿਲਾ ਦੀ ਮੌਤ ਹੋ ਗਈ|
ਅੱਜ ਸਵੇਰੇ 11 ਵਜੇ ਦੇ ਕਰੀਬ ਬਰਸਾਤ ਪੈਣੀ ਸ਼ੁਰੂ ਹੋਈ,ਜੋ ਕਿ ਡੇਢ ਘੰਟੇ ਤਕ ਜਾਰੀ ਰਹੀ| ਇਸ ਤੇਜ ਬਰਸਾਤ ਕਾਰਨ ਇਕ ਵਾਰ ਤਾਂ ਹਰ ਪਾਸੇ ਹੀ ਹਨੇਰਾ ਹੀ ਛਾ ਗਿਆ  ਅਤੇ ਵਾਹਨ ਚਾਲਕਾਂ ਨੂੰ ਵੀ ਆਪਣੇ ਵਾਹਨ ਲਾਈਟਾਂ ਜਗਾ ਕੇ ਚਲਾਉਣੇ ਪਏ| ਮੁਹਾਲੀ ਦੇ ਕਈ ਇਲਾਕਿਆਂ ਵਿਚ ਤਾਂ ਸੜਕਾਂ ਨਦੀ ਦਾ ਰੂਪ ਧਾਰ ਗਈਆਂ|
ਇਸ ਬਰਸਾਤ ਕਾਰਨ  ਮੁਹਾਲੀ ਦੀ ਮੁੱਖ ਸੜਕ,ਜੋ ਕਿ ਫੇਜ 4 ਅਤੇ   ਫੇਜ 5 ਨੂੰ ਵੰਡਦੀ ਹੈ, ਵੀ ਨਦੀ ਦਾ ਰੂਪ ਧਾਰ ਗਈ| ਇਸ ਸੜਕ ਉਪਰ ਹਰ ਪਾਸੇ ਹੀ ਪਾਣੀ ਹੀ ਪਾਣੀ ਨਜਰ ਆ ਰਿਹਾ ਸੀ| ਇਸ ਪਾਣੀ ਵਿਚ ਜਾ ਰਹੇ ਕਈ ਵਾਹਨ ਇੰਜਣ ਵਿਚ ਪਾਣੀ ਪੈ ਜਾਣ ਕਾਰਨ ਅੱਧਵਿਚਾਲੇ ਜਿਹੇ ਹੀ ਖਰਾਬ ਹੋ ਕੇ ਰੁਕ ਗਏ ,ਜਿਸ ਕਾਰਨ ਵਾਹਨ ਚਾਲਕਾਂ ਅਤੇ ਹੋਰ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ| ਸ਼ਹਿਰ ਦੀਆਂ ਸਾਰੀਆਂ ਬੀ ਸੜਕਾਂ ਉਪਰ ਕਰੀਬ ਇਕ ਇਕ ਫੁੱਟ ਪਾਣੀ ਖੜ ਗਿਆ ਜੋ ਕਿ ਲੰਮਾਂ ਸਮਾਂ ਖੜਾ ਰਿਹਾ, ਜਿਸ ਕਾਰਨ ਲੋਕਾਂ ਨੁੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ|
ਇਸ ਬਰਸਾਤ ਕਾਰਨ ਨਗਰ ਨਿਗਮ ਵਲੋਂ ਬਰਸਾਤੀ ਪਾਣੀ ਦੀ ਨਿਕਾਸੀ ਦੇ ਕੀਤੇ ਪ੍ਰਬੰਧਾਂ ਦੀ ਪੋਲ ਵੀ ਖੁਲ ਕੇ ਸਾਹਮਣੇ ਆ ਗਈ| ਬਰਸਾਤੀ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਨਾ ਹੋਣ ਕਾਰਨ ਹਰ ਪਾਸੇ ਹੀ ਪਾਣੀ ਹੀ ਪਾਣੀ ਨਜਰ ਆ ਰਿਹਾ ਸੀ| ਇਸ ਤੋਂ ਇਲਾਵਾ ਰੋੜ ਗਲੀਆਂ ਦੀ ਵੀ ਸਮੇਂ ਸਿਰ ਸਫਾਈ ਨਾ ਹੋਣ ਕਰਕੇ ਬਰਸਾਤੀ ਪਾਣੀ ਸੜਕਾਂ ਉਪਰ ਹੀ ਘੁੰਮਦਾ ਰਿਹਾ ਜੋ ਕਿ ਲੋਕਾਂ ਲਈ ਸਿਰਦਰਦੀ ਬਣਦਾ ਰਿਹਾ|
ਇਸ ਬਰਸਾਤ ਦਾ ਨੌਜਵਾਨ ਮੁੰਡੇ ਕੁੜੀਆਂ ਨੇ ਕਾਫੀ ਆਨੰਦ ਮਾਣਿਆ| ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚ ਬਣੇ ਕੌਫੀ ਹਾਊਸਾਂ ਅਤੇ ਹੋਰ ਦੁਕਾਨਾਂ ਉਪਰ ਬਰਸਾਤ ਸਮੇਂ ਨੌਜਵਾਨ ਮੁੰਡੇ ਕੁੜੀਆਂ ਕੌਫੀ ਦੀਆਂ ਚੁਸਕੀਆਂ ਭਰਦੇ ਵੇਖੇ ਗਏ| ਅਨੇਕਾਂ ਹੀ ਮੁੰਡੇ ਕੁੜੀਆਂ ਮਾਰਕੀਟਾਂ ਵਿਚ ਸ਼ੋਅਰੂਮਾਂ ਅੱਗੇ ਬਣੀਆਂ ਗੈਲਰੀਆਂ ਵਿਚ ਖੜੇ ਬਰਸਾਤ ਦਾ ਆਨੰਦ ਮਾਣਦੇ ਵੇਖੇ ਗਏ|

Leave a Reply

Your email address will not be published. Required fields are marked *