ਭਰਵੀਂ ਬਰਸਾਤ ਪੈਣ ਕਾਰਨ ਕਈ ਥਾਵਾਂ ਤੇ ਪਾਣੀ ਖੜ੍ਹਿਆ

ਐਸ. ਏ. ਐਸ. ਨਗਰ, 12 ਜੁਲਾਈ (ਸ.ਬ.) ਮੁਹਾਲੀ ਅਤੇ ਇਸਦੇ ਨੇੜਲੇ ਇਲਾਕਿਆਂ ਵਿੱਚ ਪਈ ਭਰਵੀਂ ਬਰਸਾਤ ਕਾਰਨ ਹਰ ਪਾਸੇ ਹੀ ਜਲ ਥੱਲ ਹੋ ਗਈ| ਇਸ ਬਰਸਾਤ ਕਾਰਨ ਸ਼ਹਿਰ ਵਿੱਚ ਬਰਸਾਤੀ ਪਾਣੀ  ਦੀ ਨਿਕਾਸੀ ਦੇ ਪ੍ਰਬੰਧ ਠੀਕ ਨਾ ਹੋਣ ਕਾਰਨ ਕਈ ਥਾਵਾਂ ਤੇ ਪਾਣੀ ਖੜ੍ਹ ਗਿਆ ਜਿਸ ਕਾਰਨ ਆਉਣ ਜਾਣ ਵਾਲਿਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ|
ਸ਼ਹਿਰ ਦੇ ਕੁਝ ਖੇਤਰਾਂ ਵਿੱਚ ਬੀਤੀ ਰਾਤ ਤੋਂ ਹੀ ਰੁਕ ਰੁਕ ਕੇ ਪੈ ਰਹੀ ਭਰਵੀਂ ਬਰਸਾਤ ਨੇ ਪ੍ਰਸ਼ਾਸ਼ਨ ਵਲੋਂ ਸ਼ਹਿਰ ਵਿਚ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਅਤੇ ਪ੍ਰਸ਼ਾਸ਼ਨ ਦੇ ਪਾਣੀ ਨਿਕਾਸੀ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਹੈ| ਸਥਾਨਕ ਕੁੰਭੜਾ ਚੌਂਕ ਤੋਂ ਸੋਹਾਣਾ ਨੂੰ ਜਾਂਦੀ ਸੜਕ, ਫੇਜ਼- 11 ਤੋਂ ਫੇਜ਼-6 ਨੂੰ ਜਾਂਦੀ ਮੁੱਖ ਸੜਕ ਉਪਰ ਵੀ ਵੱਖ ਵੱਖ ਥਾਵਾਂ ਉਪਰ ਬਰਸਾਤੀ ਪਾਣੀ ਖੜ੍ਹਾ ਰਿਹਾ ਇਹਨਾਂ ਸੜਕਾਂ ਤੋਂ ਲੰਘਣ ਵਾਲੇ ਵਾਹਨਾਂ ਦੇ ਇੰਜਣਾਂ ਵਿੱਚ ਪਾਣੀ ਪੈਣ ਕਾਰਨ ਉਹ ਸੜਕ ਵਿਚਾਲੇ ਹੀ ਖਰਾਬ ਹੋ ਕੇ ਖੜ ਗਏ, ਜਿਸ ਕਾਰਨ ਆਵਾਜਾਈ ਵਿਚ ਵੀ ਵਿਘਨ ਪਿਆ| ਇਸ ਤੋਂ ਇਲਾਵਾ ਲਿੰਕ ਸੜਕਾਂ ਉਪਰ ਦੀ ਬਰਸਾਤੀ ਪਾਣੀ ਖੜਾ ਹੋਣ ਕਾਰਨ ਲੋਕ ਬਹੁਤ ਪ੍ਰੇਸ਼ਾਨ ਹੋ ਰਹੇ ਸਨ|
ਇਸ ਬਰਸਾਤ ਕਾਰਨ ਕਿਸਾਨਾਂ ਦੇ ਚਿਹਰਿਆਂ ਉਪਰ ਜਰੂਰ ਰੌਣਕ ਵੇਖੀ ਗਈ | ਇਸ ਸਮੇਂ ਖੇਤਾਂ ਵਿੱਚ ਝੋਨੇ ਦੀ ਪਨੀਰੀ ਬੀਜੀ ਹੋਈ ਹੈ, ਜਿਸ ਨੂੰ  ਵਧੇਰੇ ਪਾਣੀ ਦੀ ਲੋੜ ਹੁੰਦੀ ਹੈ| ਕਿਸਾਨ ਮਹਿੰਗਾ ਡੀਜਲ ਫੂਕ ਕੇ ਟਿਊਬਵੈੱਲ ਚਲਾ ਕੇ ਖੇਤਾਂ ਨੂੰ ਪਾਣੀ ਦੇ ਰਹੇ ਸਨ ਪਰ ਹੁਣ ਭਰਵੀਂ ਬਰਸਾਤ ਪੈਣ ਕਾਰਨ ਝੋਨੇ ਦੀ ਫਸਲ ਨੂੰ ਪਾਣੀ ਦੇਣ ਦੀ ਲੋੜ ਨਹੀਂ ਪਏਗੀ | ਬਰਸਾਤ ਕਾਰਨ ਸੜਕਾਂ ਕਿਨਾਰੇ ਅਤੇ ਪਾਰਕਾਂ ਵਿੱਚ ਲੱਗੇ  ਰੁੱਖ ਵੀ ਸਾਫ ਸੁਥਰੇ ਨਜਰ ਆਏ ਜੋ ਕਿ ਸੁੰਦਰ ਦ੍ਰਿਸ਼ ਪੇਸ਼ ਕਰ ਰਹੇ ਸਨ|
ਇਸ ਤੋਂ ਇਲਾਵਾ ਮੁਹਾਲੀ ਨੇੜਲੇ ਪਿੰਡਾਂ ਵਿਚ ਵੀ ਭਰਵੀਂ ਬਰਸਾਤ ਪੈਣ ਕਾਰਨ ਹਰ ਪਾਸੇ ਹੀ ਬਰਸਾਤੀ ਪਾਣੀ ਨਜਰ ਆ ਰਿਹਾ ਸੀ|

Leave a Reply

Your email address will not be published. Required fields are marked *