ਭਰੂਣ ਹੱਤਿਆ ਮੂਲ ਕਾਰਨਾਂ ਦੇ ਹੱਲ ਬਿਨ੍ਹਾਂ ਖਤਮ ਨਹੀਂ ਹੋ ਸਕਦੀ: ਸੈਹਬੀ ਆਨੰਦ ਵਾਰਡ ਵਿੱਚ ਜੰਮਣ ਵਾਲੀਆਂ ਲੜਕੀਆਂ ਨੂੰ 5100 ਰੁਪਏ ਐਫ ਡੀ ਦੇਣ ਦਾ ਐਲਾਨ ਕੀਤਾ

ਐਸ.ਏ.ਐਸ.ਨਗਰ, 31 ਦਸੰਬਰ (ਸ.ਬ.) ਭਰੂਣ ਹੱਤਿਆ  ਦੇ ਖਿਲਾਫ ਬਿਆਨਬਾਜੀ ਤਾਂ ਬਹੁਤ ਹੁੰਦੀ ਹੈ ਪਰੰਤੂ ਇਹ ਵੀ ਅਸਲੀਅਤ ਹੈ ਕਿ ਇਸ ਸਮੱਸਿਆ ਦੇ ਮੂਲ ਕਾਰਨਾਂ ਨੂੰ ਸਮਝੇ ਬਿਨ੍ਹਾਂ ਇਸਦਾ ਖਾਤਮਾ ਨਹੀਂ ਕੀਤਾ ਜਾ ਸਕਦਾ| ਇਹ ਕਹਿਣਾ ਹੈ ਵਾਰਡ ਨੰਬਰ 20 ਦੇ ਨੌਜਵਾਨ ਕੌਂਸਲਰ ਸ੍ਰ. ਸੈਹਬੀ ਆਨੰਦ ਦਾ ਜਿਹਨਾਂ ਵੱਲੋਂ ਭਰੂਣ ਹੱਤਿਆ ਦੇ ਖਿਲਾਫ ਉਸਾਰੂ ਮੁਹਿੰਮ ਚਲਾਉਣ ਦਾ ਸੰਕਲਪ ਲੈਂਦਿਆਂ ਵਾਰਡ ਨੰ.20 ਵਿੱਚ ਕਿਸੇ ਵੀ ਘਰ ਵਿੱਚ ਲੜਕੀ ਦਾ ਜਨਮ ਹੋਣ ਤੇ ਬੱਚੀ ਦੇ ਨਾਮ-5100 ਰੁਪਏ ਦੀ ਐਫ.ਡੀ. ਕਰਵਾਉਣ ਦਾ ਐਲਾਨ ਕੀਤਾ ਗਿਆ ਹੈ| ਸ੍ਰੀ ਸੈਹਬੀ ਆਨੰਦ ਦਾ ਕਹਿਣਾ ਹੈ ਕਿ ਭਰੂਣ ਹੱਤਿਆ ਦੇ ਮੁੱਖ ਕਾਰਣ ਸਮਾਜਿਕ ਅਤੇ ਆਰਥਿਕ ਹਨ ਅਤੇ ਲੋਕਾਂ ਵੱਲੋਂ ਇਸੇ ਕਰਕੇ ਲੜਕੀ ਦੇ ਜਨਮ ਤੋਂ ਪਹਿਲਾਂ ਹੀ ਉਸਨੂੰ ਖਤਮ ਕਰਨ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਲੜਕੀ ਉਹਨਾਂ ਉਪਰ ਬੋਝ ਬਣ ਜਾਵੇਗੀ ਇਸ ਲਈ ਅੱਜ ਲੋੜ ਹੈ ਕਿ ਲੜਕੀਆਂ ਨੂੰ ਚੰਗੀ ਸਿਖਿਆਂ ਅਤੇ ਪਾਲਣ ਪੋਸ਼ਣ  ਦੇ ਕੇ ਆਪਣੇ ਪੈਰਾਂ ਤੇ ਖੜ੍ਹਾ ਕਰਨ ਦੀ| ਉਹਨਾਂ ਕਿਹਾ ਕਿ ਲੋਕਾਂ ਦੀ ਇਹ ਵੀ ਸੋਚ ਹੁੰਦੀ ਹੈ ਕਿ ਜੇਕਰ ਲੜਕੀ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜ੍ਹੀ ਹੋ ਗਈ ਤਾਂ ਵੀ ਉਸਦਾ ਫਾਇਦਾ ਤਾਂ ਸਹੁਰੇ ਪਰਿਵਾਰ ਨੂੰ ਹੀ ਮਿਲਣਾ ਹੈ ਜਦੋਂਕਿ ਅਸਲੀਅਤ ਇਹ ਹੈ ਕਿ ਲੜਕੀਆਂ ਆਪਣੇ ਮਾਪਿਆ ਤੋਂ ਪੁਤਰਾਂ ਤੋਂ ਵੀ ਵੱਧ ਧਿਆਨ ਰੱਖਦੀਆਂ ਹਨ|
ਸ੍ਰੀ ਸੈਹਬੀ ਜਿਹੜੇ ਪੰਜਾਬ ਦੇ ਪਹਿਲੇ ਅਜਿਹੇ ਕੌਂਸਲਰ ਹਨ ਜਿਹਨਾਂ ਵੱਲੋਂ ਆਪਣੇ ਪੱਲਿਉਂ ਆਪਣੇ ਵਾਰਡ ਵਿੱਚ ਪੈਦਾ ਹੋਣ ਵਾਲੀਆਂ ਬੱਚੀਆਂ ਵਾਸਤੇ ਐਫ.ਡੀ. ਕਰਵਾਉਣ ਦਾ ਅਮਲ ਆਰੰਭਿਆ ਗਿਆ ਹੈ, ਕਹਿੰਦੇ ਹਨ ਕਿ ਜੇਕਰ ਸਰਕਾਰ ਵੱਲੋਂ ਲੜਕੀ ਦੇ ਪਾਲਣ ਅਤੇ ਸਿੱਖਿਆ ਆਦਿ ਤੇ ਹੋਣ ਵਾਲੇ ਖਰਚੇ ਦੀ ਜਿੰਮੇਵਾਰੀ ਲੈ ਲਈ ਜਾਵੇ ਤਾਂ ਭਰੂਣ ਹੱਤਿਆਂ ਦੀ ਇਸ ਲਾਹਨਤ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ| ਉਹਨਾਂ ਕਿਹਾ ਕਿ ਉਹਨਾਂ ਵੱਲੋਂ ਆਪਣੇ ਪੱਧਰ ਤੇ ਇਹ ਛੋਟਾਂ ਉਪਰਾਲਾ ਆਰੰਭ ਕੀਤਾ ਗਿਆ ਹੈ ਅਤੇ ਉਹ ਚਾਹੁੰਦੇ ਹਨ ਕਿ ਹੋਰ ਸਮਰਥ ਵਿਅਕਤੀ ਵੀ ਇਸ ਸੰਬੰਧੀ ਅੱਗੇ ਆਉਣ ਤਾਂ ਜੋ ਇਸ ਸੱਮਸਿਆ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ|

Leave a Reply

Your email address will not be published. Required fields are marked *