ਭਰੋਸੇਯੋਗ ਆਗੂਆਂ ਦੀ ਅਣਹੋਂਦ ਨੇ ਪੰਜਾਬ ਵਿੱਚ ਖਿਸਕਾਇਆ ਆਮ ਆਦਮੀ ਪਾਰਟੀ ਦਾ ਆਧਾਰ

ਭਰੋਸੇਯੋਗ ਆਗੂਆਂ ਦੀ ਅਣਹੋਂਦ ਨੇ ਪੰਜਾਬ ਵਿੱਚ ਖਿਸਕਾਇਆ ਆਮ ਆਦਮੀ ਪਾਰਟੀ ਦਾ ਆਧਾਰ
ਮੌਜੂਦਾ ਅਗਵਾਈ ਤੋਂ ਨਿਰਾਸ਼ ਵਰਕਰਾਂ ਨੇ ਬਣਾਈ ਪਾਰਟੀ ਦੀਆਂ ਸਰਗਰਮੀਆਂ ਤੋਂ ਦੂਰੀ
ਭੁਪਿੰਦਰ ਸਿੰਘ
ਐਸ ਏ ਐਸ ਨਗਰ, 6 ਜੂਨ

2014 ਵਿੱਚ ਹੋਈਆਂ ਲੋਕਸਭਾ ਚੋਣਾਂ ਦੌਰਾਨ ਪੰਜਾਬ ਦੀਆਂ ਚਾਰ ਲੋਕਸਭਾ ਸੀਟਾਂ ਤੇ ਜਿੱਤ ਹਾਸਿਲ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਸ਼ਾਹਕੋਟ ਵਿਧਾਨਸਭਾ ਸੀਟ ਦੀ ਜਿਮਣੀ ਚੋਣ ਮੌਕੇ ਜਿਸ ਨਮੋਸ਼ੀ ਭਰੀ ਹਾਰ ਦਾ ਸਾਮ੍ਹਣਾ ਕਰਨਾ ਪਿਆ ਹੈ ਉਸਨੇ ਇਸ ਪਾਰਟੀ ਦੇ ਬੁਰੀ ਤਰ੍ਹਾਂ ਖਿਸਕ ਚੁੱਕੇ ਆਧਾਰ ਨੂੰ ਜਾਹਿਰ ਕਰ ਦਿੱਤਾ ਹੈ| ਪਿਛਲੇ ਸਾਲ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ 22 ਸੀਟਾਂ ਤੇ ਜਿੱਤ ਹਾਸਿਲ ਕਰਕੇ ਵਿਧਾਨਸਭਾ ਵਿੱਚ ਮੁੱਖ ਵਿਰੋਧੀ ਪਾਰਟੀ ਦਾ ਦਰਜਾ ਹਾਸਿਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਸ਼ਾਹਕੋਟ ਵਿਧਾਨਸਭਾ ਸੀਟ ਦੀ ਜਿਮਣੀ ਚੋਣ ਦੌਰਾਨ ਸਿਰਫ 1900 ਵੋਟਾਂ ਹੀ ਹਾਸਿਲ ਹੋਈਆਂ ਸਨ ਅਤੇ ਉਸਦੀ ਜਮਾਨਤ ਤਕ ਜਬਤ ਹੋ ਗਈ ਸੀ|
ਸ਼ਾਹਕੋਟ ਜਿਮਣੀ ਚੋਣ ਦੌਰਾਨ ਹੋਈ ਆਮ ਆਦਮੀ ਪਾਰਟੀ ਦੀ ਇਸ ਫਜੀਹਤ ਦੇ ਕਈ ਕਾਰਨ ਦੱਸੇ ਜਾ ਰਹੇ ਹਨ ਪਰੰਤੂ ਇਹ ਗੱਲ ਵਿਚਾਰ ਕਰਨ ਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਆਮ ਆਦਮੀ ਪਾਰਟੀ ਨੂੰ ਮਿਲਣ ਵਾਲਾ ਜਨ ਸਮਰਥਨ ਅਚਾਨਕ ਉਸਤੋਂ ਦੂਰ ਕਿਉਂ ਹੋ ਗਿਆ| ਇਸ ਸੰਬੰਧੀ ਜਿੱਥੇ ਆਮ ਆਦਮੀ ਪਾਰਟੀ ਦੀ ਸੂਬਾ ਇਕਾਈ ਦੇ ਅਹੁਦੇਦਾਰਾਂ ਵਲੋਂ ਪਾਰਟੀ ਦੀ ਕੇਂਦਰੀ ਅਗਵਾਈ ਦੀ ਕਾਰਗੁਜਾਰੀ ਨੂੰ ਜਿੰਮੇਵਾਰ ਠਹਿਰਾਇਆ ਜਾਂਦਾ ਹੈ ਉੱਥੇ ਪਾਰਟੀ ਦੀ ਸੂਬਾ ਇਕਾਈ ਦੇ ਆਗੂਆਂ ਦੀ ਲਗਾਤਾਰ ਘੱਟ ਹੁੰਦੀ ਭਰੋਸੇਯੋਗਤਾ ਨੇ ਵੀ ਪਾਰਟੀ ਦੇ ਆਧਾਰ ਨੂੰ ਖੋਰਾ ਲਾਉਣ ਵਿੱਚ ਵੱਡਾ ਯੋਗਦਾਨ ਦਿੱਤਾ ਹੈ|
2014 ਦੀਆਂ ਲੋਕਸਭਾ ਚੋਣਾਂ ਵੇਲੇ ਪਾਰਟੀ ਦੀ ਟਿਕਟ ਤੇ ਚੋਣ ਜਿੱਤਣ ਵਾਲੇ ਚਾਰ ਸਾਂਸਦਾ ਵਿੱਚੋਂ 2 ਤਾਂ ਪਹਿਲਾਂ ਹੀ ਪਾਰਟੀ ਤੋਂ ਮੁਖ ਮੋੜ ਚੁੱਕੇ ਹਨ ਅਤੇ ਉਹਨਾਂ ਵਲੋਂ ਸਮੇਂ ਸਮੇਂ ਤੇ ਪਾਰਟੀ ਦੀ ਕੇਂਦਰੀ ਅਗਵਾਈ ਵਿਰੁੱਧ ਸਖਤ ਬਿਆਨਬਾਜੀ ਵੀ ਕੀਤੀ ਜਾਂਦੀ ਰਹੀ ਹੈ| ਹਾਲਾਂਕਿ ਇਹਨਾਂ ਦੋਵਾਂ ਵਲੋਂ ਪਾਰਟੀ ਨਹੀਂ ਛੱਡੀ ਗਈ ਕਿਉਂਕਿ ਅਜਿਹਾ ਕਰਨ ਤੇ ਉਹਨਾਂ ਦੀ ਸੰਸਦ ਦੀ ਮੈਂਬਰਸ਼ਿਪ ਖਤਮ ਹੋ ਜਾਣੀ ਸੀ| ਇਸਦੇ ਬਾਵਜੂਦ ਪਿਛਲੇ ਸਾਲ ਹੋਈਆਂ ਵਿਧਾਨਸਭਾ ਚੋਣਾ ਦੌਰਾਨ ਪਾਰਟੀ ਦਾ ਜਨਤਾ ਵਿੱਚ ਕਾਫੀ ਆਧਾਰ ਦਿਖਦਾ ਸੀ ਅਤੇ ਚੋਣਾਂ ਮੌਕੇ ਆਏ ਸਰਵੇਖਣਾਂ ਵਿੱਚ ਆਮ ਆਦਮੀ ਪਾਰਟੀ ਨੂੰ 45 ਤੋਂ 55 ਸੀਟਾਂ ਮਿਲਣ ਦੀ ਗੱਲ ਆਖੀ ਜਾਂਦੀ ਸੀ| ਚੋਣ ਨਤੀਜਿਆਂ ਦੌਰਾਨ ਭਾਵੇਂ ਆਮ ਆਦਮੀ ਪਾਰਟੀ ਚੋਣ ਸਰਵੇਖਣਾਂ ਦੇ ਦਾਅਵਿਆਂ ਤੋਂ ਕਾਫੀ ਪਿੱਛੇ ਰਹਿ ਗਈ ਸੀ ਪਰੰਤੂ ਉਸਨੂੰ ਪੰਜਾਬ ਵਿਧਾਨਸਭਾ ਵਿੱਚ ਮੁੱਖ ਵਿਰੋਧੀ ਪਾਰਟੀ ਦਾ ਦਰਜਾ ਜਰੂਰ ਹਾਸਿਲ ਹੋ ਗਿਆ ਸੀ|
ਸ਼ਾਹਕੋਟ ਵਿਧਾਨਸਭਾ ਸੀਟ ਦੀ ਜਿਮਣੀ ਚੋਣ ਦੌਰਾਨ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਸੂਬਾ ਪੱਧਰ ਦੇ ਕਈ ਆਗੂ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਉਸਨੇ ਵੀ ਪਾਰਟੀ ਦਾ ਵੱਡਾ ਨੁਕਸਾਨ ਕੀਤਾ ਪਰੰਤੂ ਇਸ ਗੱਲ ਦਾ ਅੰਦਾਜਾ ਕਿਸੇ ਨੂੰ ਵੀ ਨਹੀਂ ਸੀ ਕਿ ਪਾਰਟੀ ਨੂੰ ਇੰਨੀ ਨਮੋਸ਼ੀ ਭਰੀ ਹਾਰ ਦਾ ਸਾਮ੍ਹਣਾ ਕਰਨਾ ਪਵੇਗਾ| ਦਰਅਸਲ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਸੂਬਾ ਇਕਾਈ ਦੇ ਆਗੂਆਂ ਦੀ ਭਰੋਸੇਯੋਗਤਾ ਘਟੀ ਹੈ ਅਤੇ ਪਾਰਟੀ ਵਰਕਰਾਂ ਵਿੱਚ ਨਿਰਾਸ਼ਾ ਦਾ ਮਾਹੌਲ ਵੱਧ ਰਿਹਾ ਹੈ| ਇਸ ਕਾਰਨ ਜਿੱਥੇ ਪਾਰਟੀ ਦੇ ਵਰਕਰਾਂ ਵਲੋਂ ਪਾਰਟੀ ਦੀਆਂ ਸਰਗਰਮੀਆਂ ਤੋਂ ਦੂਰੀ ਬਣਾ ਲਈ ਗਈ ਹੈ ਉੱਥੇ ਪਾਰਟੀ ਦੀ ਕਾਰਗੁਜਾਰੀ ਤੋਂ ਵੱਧਦੀ ਨਿਰਾਸ਼ਾ ਉਹਨਾਂ ਨੂੰ ਆਪਣੀਆਂ ਪੁਰਾਣੀਆਂ ਪਾਰਟੀਆਂ ਵੱਲ ਜਾਣ ਵਾਸਤੇ ਪ੍ਰੇਰਿਤ ਕਰ ਰਹੀ ਹੈ| ਪਾਰਟੀ ਦੇ ਸੱਤਾ ਤੋਂ ਦੂਰ ਹੋਣ ਕਾਰਨ ਅਜਿਹੇ ਵਿਅਕਤੀ (ਜਿਹੜੇ ਪਾਰਟੀ ਦੇ ਸੱਤਾ ਵਿੱਚ ਆਉਣ ਦੀ ਸੰਭਾਵਨਾ ਕਾਰਨ ਉਸ ਨਾਲ ਜੁੜੇ ਸੀ) ਵੀ ਪਾਰਟੀ ਤੋਂ ਦੂਰ ਹੋ ਗਏ ਹਨ ਅਤੇ ਇਸ ਸਾਰੇ ਕੁੱਝ ਦਾ ਪਾਰਟੀ ਦੇ ਆਧਾਰ ਤੇ ਨਾਂਹ ਪੱਖੀ ਅਸਰ ਪਿਆ ਹੈ| ਸ਼ਾਇਦ ਇਹੀ ਕਾਰਨ ਹੈ ਕਿ ਕੁੱਝ ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਜਿੰਨੀ ਤੇਜੀ ਨਾਲ ਚੜ੍ਹਤ ਹੋਈ ਸੀ ਅਤੇ ਜਿਸ ਤਰੀਕੇ ਨਾਲ ਉਸਨੇ ਆਮ ਲੋਕਾਂ ਦਾ ਭਰੋਸਾ ਜਿੱਤਿਆ ਸੀ ਉਨੀ ਹੀ ਤੇਜੀ ਨਾਲ ਇਸਦੇ ਆਪਣੇ ਵਰਕਰਾਂ ਵਿੱਚ ਨਿਰਾਸ਼ਾ ਵਧੀ ਹੈ| ਪਾਰਟੀ ਦੇ ਆਗੂ ਭਾਵੇਂ ਕੁੱਝ ਵੀ ਦਾਅਵੇ ਕਰਨ ਪਰੰਤੂ ਅਸਲੀਅਤ ਇਹੀ ਹੈ ਕਿ ਆਮ ਆਦਮੀ ਪਾਰਟੀ ਦਾ ਆਧਾਰ ਬੁਰੀ ਤਰ੍ਹਾਂ ਖਿਸਕ ਚੁੱਕਿਆ ਹੈ ਅਤੇ ਜੇਕਰ ਇਸਦੀ ਲੀਡਰਸ਼ਿਪ ਆਪਣੇ ਵਰਕਰਾਂ ਦੀਆਂ ਆਸਾਂ ਤੇ ਖਰੀ ਉਤਰਨ ਵਿੱਚ ਕਾਮਯਾਬ ਨਾ ਹੋਈ ਤਾਂ ਅਗਲੇ ਸਾਲ ਹੋਣ ਵਾਲੀਆਂ ਲੋਕਸਭਾ ਚੋਣਾ ਦੌਰਾਨ ਪਾਰਟੀ ਨੂੰ ਵੱਡਾ ਨੁਕਸਾਨ ਸਹਿਣਾ ਪੈ ਸਕਦਾ ਹੈ|

Leave a Reply

Your email address will not be published. Required fields are marked *