ਭਲਕੇ ਮੁੜ ਹੋਵੇਗੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਨਗਰ ਨਿਗਮ ਦੀ ਵਾਰਡਬੰਦੀ ਬਾਰੇ ਕੇਸ ਦੀ ਸੁਣਵਾਈ
ਐਸ ਏ ਐਸ ਨਗਰ, 3 ਦਸੰਬਰ (ਸ.ਬ.) ਨਗਰ ਨਿਗਮ ਐਸ ਏ ਐਸ ਨਗਰ ਦੀ ਨਵੀਂ ਵਾਰਡਬੰਦੀ ਦੌਰਾਨ ਵਾਰਡ ਨੰਬਰ 36 ਅਤੇ 49 ਨੂੰ ਕਥਿਤ ਤੌਰ ਤੇ ਗਲਤ ਤਰੀਕੇ ਨਾਲ ਪੱਛੜੀਆਂ ਜਾਤੀਆਂ ਅਤੇ ਅਨੂਸੂਚਿਤ ਜਾਤੀ ਮਹਿਲਾ ਲਈ ਰਾਖਵਾਂ ਕੀਤੇ ਜਾਣ ਦੇ ਵਿਰੁੱਧ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਾਏ ਗਏ ਕੇਸ ਦੀ ਸੁਣਵਾਈ ਹੁਣ 4 ਦਸੰਬਰ ਨੂੰ ਹੋਵੇਗੀ|
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਅਦਾਲਤ ਵਿੱਚ ਇਸ ਮਾਮਲੇ ਦੀ ਸੁਣਵਾਈ ਦੌਰਾਨ ਸਰਕਾਰ ਵਲੋਂ ਅਦਾਲਤ ਵਿੱਚ ਦਸਤਾਵੇਜ ਜਮ੍ਹਾਂ ਕਰਵਾ ਦਿੱਤਾ ਗਿਆ| ਇਸ ਦੌਰਾਨ ਵਾਰਡਬੰਦੀ ਬੋਰਡ ਦੇ ਮੈਂਬਰਾਂ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਸਾਬਕਾ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਵਲੋਂ ਆਪਣੇ ਵਕੀਲ ਰਾਂਹੀ ਇਸ ਮਾਮਲੇ ਵਿੱਚ ਪਾਰਟੀ ਬਣਾਉਣ ਲਈ ਅਰਜੀ ਦੇ ਦਿੱਤੀ ਗਈ ਹੈ|
ਪ੍ਰਾਪਤ ਜਾਣਕਾਰੀ ਅਨੁਸਾਰ ਮਾਣਯੋਗ ਅਦਾਲਤ ਵਲੋਂ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ 4 ਦਸੰਬਰ ਲਈ ਤੈਅ ਕਰਦਿਆਂ ਇਸ ਕੇਸ ਨੂੰ ਪਠਾਨਕੋਟ ਦੀ ਵਾਰਡਬੰਦੀ ਬਾਰੇ ਚਲ ਰਹੇ ਕੇਸ (ਜਿਸਦੀ ਸੁਣਵਾਈ ਭਲਕੇ ਹੋਣੀ ਹੈ) ਨਾਲ ਅਟੈਚ ਕਰ ਦਿੱਤਾ ਹੈ|