ਭਵਿੱਖ ਵਿੱਚ ਵੱਧ ਤੋਂ ਵੱਧ ਆਮ ਨਿਵੇਸ਼ਕਾਂ ਨੂੰ ਇੰਟਰਨੈਟ ਰਾਹੀਂ ਸ਼ੇਅਰ ਬਾਜ਼ਾਰ ਨਾਲ ਜੋੜਨ ਦੀ ਚੁਣੌਤੀ

ਇੰਟਰਨੈਟ ਦੀ ਦੁਨੀਆ ਦੀ ਸਭ ਤੋਂ ਮਹੱਤਵਪੂਰਣ ਗੱਲ ਹੈ ਇਸ ਦੀ ਗਤੀਸ਼ੀਲਤਾ। ਇਸ ਵਿੱਚ ਨਵਾਂ ਬਹੁਤ ਜਲਦੀ ਪੁਰਾਣਾ ਹੋ ਜਾਂਦਾ ਹੈ ਅਤੇ ਨਵੀਂਆਂ ਸੰਭਾਵਨਾਵਾਂ ਦੇ ਦਰਵਾਜੇ ਖੁੱਲ ਜਾਂਦੇ ਹਨ। ਸੋਸ਼ਲ ਮੀਡੀਆ ਪਲੈਟਫਾਰਮ ਰੋਜਾਨਾ ਨਵੇਂ ਰੂਪ ਬਦਲ ਰਹੇ ਹਨ। ਉਹਨਾਂ ਵਿੱਚ ਨਵੇਂ-ਨਵੇਂ ਫੀਚਰ ਜੋੜੇ ਜਾ ਰਹੇ ਹਨ। ਇਸ ਸਾਰੀ ਕਵਾਇਦ ਦਾ ਮਕਸਦ ਹੈ ਖਪਤਕਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਸਮੇਂ ਤੱਕ ਆਪਣੇ ਪਲੇਟਫਾਰਮ ਨਾਲ ਜੋੜ ਕੇ ਰੱਖਣਾ। ਇਸਦਾ ਵੱਡਾ ਕਾਰਨ ਇੰਟਰਨੈਟ ਰਾਹੀਂ ਪੈਦਾ ਹੋ ਰਹੀ ਕਮਾਈ ਵੀ ਹੈ। ਸੋਸ਼ਲ ਮੀਡੀਆ ਆਮ ਜਨਤਾ ਤੱਕ ਪਹੁੰਚ ਰੱਖਣ ਵਾਲਾ ਇੱਕ ਤੇਜ ਸੰਚਾਰ ਮਾਧਿਅਮ ਬਣ ਗਿਆ ਹੈ। ਇਸਦੀ ਬਦੌਲਤ ਸਮਾਰਟ ਫੋਨ ਰੱਖਣ ਵਾਲਾ ਹਰੇਕ ਅਜਿਹਾ ਵਿਅਕਤੀ, ਜਿਸਦੀ ਸੋਸ਼ਲ ਮੀਡੀਆ ਤੇ ਥੋੜ੍ਹੀ-ਬਹੁਤ ਵੀ ਫੈਨ ਫਾਲੋਇੰਗ ਹੈ, ਇੱਕ ਚਲਦਾ-ਫਿਰਦਾ ਮੀਡੀਆ ਹਾਊਸ ਬਣ ਗਿਆ ਹੈ। ਇਸ ਨਾਲ ਉਭਰੀ ਹੈ ਸੋਸ਼ਲ ਮੀਡੀਆ ਪ੍ਰਭਾਵਸ਼ੀਲਤਾ ਦੀ ਨਵੀਂ ਪੌਧ।

ਲਾਕ ਡਾਉਨ ਦੌਰਾਨ ਜਦੋਂ ਸਾਰੇ ਘਰਾਂ ਦੇ ਅੰਦਰ ਰਹਿਣ ਨੂੰ ਮਜਬੂਰ ਹੋ ਗਏ ਸਨ, ਬਾਹਰ ਆਉਣਾ-ਜਾਣਾ ਬਿਲਕੁੱਲ ਬੰਦ ਹੋ ਗਿਆ ਸੀ, ਉਦੋਂ ਬਹੁਤ ਸਾਰੇ ਨਵੇਂ ਚਿਹਰੇ ਸੋਸ਼ਲ ਮੀਡੀਆ ਤੇ ਸ਼ੇਅਰ ਮਾਰਕੀਟ ਬਾਰੇ ਜਾਣਕਾਰੀ ਦੇਣ ਉਤਰੇ। ਅਰਥ ਸ਼ਾਸਤਰ ਅਤੇ ਵਿੱਤੀ ਪ੍ਰਬੰਧਨ ਖੇਤਰ ਦੀ ਜਟਿਲਤਾ ਦੇ ਕਾਰਨ ਦਰਸ਼ਕਾਂ ਦੇ ਤੌਰ ਤੇ ਨਵੇਂ ਲੋਕ ਇਹਨਾਂ ਨਾਲ ਜੁੜੇ ਕੰਟੇਂਟ ਤੋਂ ਦੂਰੀ ਬਣਾ ਕੇ ਰੱਖਦੇ ਹਨ। ਉਹ ਸੰਗੀਤ, ਸਮਾਚਾਰ ਅਤੇ ਕਾਮੇਡੀ ਵਰਗੀ ਸੱਮਗਰੀ ਵਿੱਚ ਹੀ ਸੰਤੁਸ਼ਟ ਰਹਿੰਦੇ ਹਨ। ਪਰ ਦੇਸ਼ ਵਿੱਚ ਮੱਧ ਵਰਗ ਦੇ ਵੱਧਦੇ ਸਰੂਪ ਅਤੇ ਇੰਟਰਨੈਟ ਦੇ ਵਿਸਥਾਰ ਨਾਲ ਇਸ ਖੇਤਰ ਵਿੱਚ ਕੰਟੈਂਟ ਦੀ ਲੋੜ ਮਹਿਸੂਸ ਕੀਤੀ ਜਾਣ ਲੱਗੀ ਸੀ। ਇੰਟਰਨੈਟ ਕੰਟੈਂਟ ਨਿਰਮਾਤਾਵਾਂ ਦਾ ਧਿਆਨ ਇਸ ਲੋੜ ਵੱਲ ਜਾਣਾ ਮੁਸ਼ਕਿਲ ਨਹੀਂ ਸੀ। ਹਾਲਾਂਕਿ ਦਰਸ਼ਕਾਂ ਦੀ ਅਰੁਚੀ ਦੇ ਚਲਦੇ ਆਮ ਤੌਰ ਤੇ ਸੋਸ਼ਲ ਮੀਡੀਆ ਪ੍ਰਭਾਵਸ਼ਾਲੀ ਬਰਾਂਡ ਅਤੇ ਸੇਵਾਵਾਂ ਤੋਂ ਇਲਾਵਾ ਆਮ ਰੁਚੀ ਦੇ ਖੇਤਰਾਂ ਤੱਕ ਹੀ ਖੁਦ ਨੂੰ ਸੀਮਿਤ ਰੱਖਦੇ ਰਹੇ ਹਨ। ਪਰ ਕੋਵਿਡ ਕਾਲ ਨੇ ਬਹੁਤ ਕੁਝ ਬਦਲ ਦਿੱਤਾ। ਉਸੇ ਦਾ ਇੱਕ ਨਤੀਜਾ ਹੈ ਇਨ੍ਹਾਂ ਪ੍ਰਭਾਵਕਾਂ ਦਾ ਮਨੀ ਮੈਨੇਜਮੈਂਟ ਵਰਗੇ ਮੁਸ਼ਕਿਲ ਖੇਤਰਾਂ ਵਿੱਚ ਲੋਕਪ੍ਰਿਯ ਹੋ ਜਾਣਾ।

ਆਨਲਾਇਨ ਵੀਡੀਓ ਇਨ ਸਾਇਟ ਕੰਪਨੀ ਵਿਡੂਲੀ ਦੇ ਅਨੁਸਾਰ ਯੂਟਿਊਬ ਦੇ ਵਿੱਤੀ ਖੇਤਰ ਵਿੱਚ ਦੇਸ਼ ਦੇ ਤਿੰਨ ਸਭਤੋਂ ਵੱਡੇ ਚੈਨਲਾਂ ਵਿੱਚ ਪ੍ਰੋਕੈਪਿਟਲ ਡਾਟ ਮੁਹੰਮਦ ਫੈਜ ਚੈਨਲ (29.8 ਕਰੋੜ ਵਿਊਜ), ਫਿਨੋਵੇਸ਼ਨ ਜੇਡ ਡਾਟ ਕਾਮ (9.9 ਕਰੋੜ ਵਿਊਜ ਦੇ ਨਾਲ 13 ਲੱਖ ਸਬਸਕ੍ਰਾਇਬਰਸ) ਅਤੇ ਅਸੇਟਯੋਗੀ (7.8 ਕਰੋੜ ਵਿਊਜ ਦੇ ਨਾਲ 18 ਲੱਖ ਸਬਸਕ੍ਰਾਇਬਰਸ) ਸ਼ਾਮਿਲ ਹਨ। ਕਿਸੇ ਦੇਸ਼ ਦੀ ਅਰਥ ਵਿਵਸਥਾ ਦੇ ਆਕਲਨ ਦਾ ਇੱਕ ਪੈਮਾਨਾ ਦੇਸ਼ ਦੀ ਕੁੱਲ ਜਨਸੰਖਿਆ ਵਿੱਚ ਸ਼ੇਅਰ ਨਿਵੇਸ਼ਕਾਂ ਦਾ ਫੀਸਦੀ ਵੀ ਹੁੰਦਾ ਹੈ। ਇਸ ਮਾਮਲੇ ਵਿੱਚ ਭਾਰਤ ਦੀ ਹਾਲਤ ਰੋਚਕ ਹੈ। ਇੱਥੇ ਲੋਕ ਸ਼ੇਅਰ ਮਾਰਕੀਟ ਵਿੱਚ ਘੱਟ ਨਿਵੇਸ਼ ਕਰਦੇ ਹਨ। ਸਵਾ ਅਰਬ ਤੋਂ ਜ਼ਿਆਦਾ ਆਬਾਦੀ ਵਾਲੇ ਦੇਸ਼ ਵਿੱਚ ਸਿਰਫ 1 ਕਰੋੜ 80 ਲੱਖ ਸ਼ੇਅਰਾਂ ਵਿੱਚ ਪੈਸਾ ਲਗਾਉਂਦੇ ਹਨ। ਅਜਿਹੀ ਹੀ ਹਾਲਤ ਮਿਊਚਅਲ ਫੰਡ ਦੀ ਵੀ ਹੈ ਜਿਸ ਵਿੱਚ ਸਿਰਫ ਦੋ ਕਰੋੜ ਨਿਵੇਸ਼ਕ ਹਨ। ਸ਼ੇਅਰ ਬਾਜ਼ਾਰ ਦੇ ਬਾਰੇ ਆਮ ਭਾਰਤੀ ਨੂੰ ਘੱਟ ਜਾਣਕਾਰੀ ਹੈ ਅਤੇ 24 ਘੰਟੇ ਚਲਣ ਵਾਲੇ ਬਿਜਨੇਸ ਚੈਨਲ ਵੀ ਲੋਕਾਂ ਦੀ ਜਾਗਰੂਕਤਾ ਵਧਾ ਪਾਉਣ ਵਿੱਚ ਅਸਫ਼ਲ ਰਹੇ। ਅਜਿਹੇ ਵਿੱਚ ਇੰਟਰਨੈਟ ਤੇ ਇੱਕ ਵੱਡਾ ਸੇਗਮੈਂਟ ਇਸ ਖੇਤਰ ਵਿੱਚ ਖਾਲੀ ਰਿਹਾ ਜਿਸਨੂੰ ਭਰਨ ਦੀ ਕੋਸ਼ਿਸ਼ ਸੋਸ਼ਲ ਮੀਡੀਆ ਪ੍ਰਭਾਵਕਾਂ ਦੀ ਇਹ ਨਵੀਂ ਪੌਧ ਕਰ ਰਹੀ ਹੈ।

ਇਹ ਸੋਸ਼ਲ ਮੀਡੀਆ ਪ੍ਰਭਾਵਕ ਉਨ੍ਹਾਂ ਨਵੇਂ ਨਿਵੇਸ਼ਕਾਂ ਲਈ ਬਹੁਤ ਲਾਭਕਾਰੀ ਹਨ ਜਿਨ੍ਹਾਂ ਨੂੰ ਸ਼ੇਅਰ ਬਾਜ਼ਾਰ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਅਤੇ ਜਿਨ੍ਹਾਂ ਨੇ ਸਿਫਰ ਤੋਂ ਆਪਣੀ ਸ਼ੁਰੂਆਤ ਕਰਨੀ ਹੈ। ਸਟਾਕ ਮਾਰਕੀਟ ਦੀ ਵਿਸ਼ੇਸ਼ੀਕ੍ਰਿਤ ਸ਼ਬਦਾਵਲੀ ਆਮ ਨਿਵੇਸ਼ਕਾਂ ਨੂੰ ਪ੍ਰੇਸ਼ਾਨ ਕਰਦੀ ਹੈ। ਇੰਟਰਨੈਟ ਇਸ ਲਿਹਾਜ਼ ਨਾਲ ਉਨ੍ਹਾਂ ਦੇ ਲਈ ਖਾਸ ਤੌਰ ਤੇ ਲਾਭਦਾਇਕ ਹੈ। ਉੱਥੇ ਲੱਖਾਂ ਅਜਿਹੇ ਚੈਨਲ ਹਨ ਜੋ ਲੋਕਾਂ ਨੂੰ ਸ਼ੇਅਰ ਬਾਜ਼ਾਰ ਦੀਆਂ ਬਰੀਕੀਆਂ ਆਸਾਨ ਸ਼ਬਦਾਂ ਵਿੱਚ ਸਮਝਾਉਂਦੇ ਹਨ। ਸੱਚ ਪੁੱਛੋਂ ਤਾਂ ਸਸਤੇ ਡੇਟਾ ਨੇ ਹਰੇਕ ਸ਼ੈਲੀ ਦੇ ਮੀਡੀਆ ਕੰਟੈਂਟ ਨੂੰ ਬੜਾਵਾ ਦਿੱਤਾ ਹੈ ਜਿਸ ਵਿੱਚ ਸ਼ੇਅਰ ਬਾਜ਼ਾਰ ਅਤੇ ਅਰਥ ਸ਼ਾਸਤਰ ਨਾਲ ਜੁੜੇ ਮੁੱਦੇ ਵੀ ਸ਼ਾਮਿਲ ਹਨ। ਮਾਰਚ 2020 ਵਿੱਚ ਕੋਵਿਡ ਅਤੇ ਲਾਕ ਡਾਉਨ ਦੇ ਕਾਰਨ ਸ਼ੇਅਰ ਬਾਜ਼ਾਰ ਨੇ ਬਹੁਤ ਗੋਤਾ ਲਗਾਇਆ ਸੀ ਪਰ ਹੁਣ ਉਸਦੇ ਇਤਿਹਾਸਿਕ ਵਾਧੇ ਨੇ ਇਹ ਉਮੀਦ ਜਗਾਈ ਹੈ ਕਿ ਕੋਵਿਡ ਮਹਾਮਾਰੀ ਨਾਲ ਨੁਕਸਾਨਗ੍ਰਸਤ ਅਰਥ ਵਿਵਸਥਾ ਉਮੀਦ ਤੋਂ ਪਹਿਲਾਂ ਹੀ ਪਟਰੀ ਤੇ ਪਰਤ ਆਵੇਗੀ। ਵਿੱਤ ਦੇ ਖੇਤਰ ਵਿੱਚ ਸ਼ਾਮਿਲ ਸੋਸ਼ਲ ਮੀਡੀਆ ਪ੍ਰਭਾਵਕ ਨਾ ਸਿਰਫ ਆਪਣੇ ਚੈਨਲ ਨਾਲ ਪੈਸੇ ਬਣਾ ਰਹੇ ਹਨ ਸਗੋਂ ਇਸ ਖੇਤਰ ਵਿੱਚ ਆਗੂ ਕੰਪਨੀਆਂ ਨਾਲ ਕਰਾਰ ਕਰਕੇ ਉਹਨਾਂ ਨੂੰ ਵੀ ਪ੍ਰੋਮਟ ਕਰ ਰਹੇ ਹਨ। ਅਜਿਹੇ ਚੈਨਲ ਲੋਕਾਂ ਨੂੰ ਅਰਥ ਅਤੇ ਵਿੱਤੀ ਖੇਤਰ ਵਿੱਚ ਜਾਗਰੂਕ ਤਾਂ ਕਰ ਹੀ ਰਹੇ ਹਨ, ਇਸ ਕ੍ਰਮ ਵਿੱਚ ਨਵੇਂ ਲੋਕਾਂ ਨੂੰ ਸ਼ੇਅਰ ਮਾਰਕੀਟ ਨਾਲ ਜੋੜਨ ਵਿੱਚ ਵੀ ਮਦਦਗਾਰ ਹੋ ਸਕਦੇ ਹਨ।

ਪਰ ਤਸਵੀਰ ਦਾ ਦੂਜਾ ਪਹਿਲੂ ਇਹ ਹੈ ਕਿ ਜਿਸ ਤੇਜੀ ਨਾਲ ਦੇਸ਼ ਵਿੱਚ ਇੰਟਰਨੈਟ ਦਾ ਵਿਸਥਾਰ ਹੋ ਰਿਹਾ ਹੈ, ਓਨੀ ਹੀ ਰਫਤਾਰ ਨਾਲ ਸਾਈਬਰ ਦੇਸ਼ ਵੀ ਵੱਧ ਰਹੇ ਹਨ। ਪੁਲੀਸ ਦੇ ਅੰਕੜਿਆਂ ਮੁਤਾਬਕ ਲਾਕ ਡਾਉਨ ਦੌਰਾਨ ਸਿਰਫ ਦਿੱਲੀ ਵਿੱਚ ਸਾਇਬਰ ਅਪਰਾਧਾਂ ਵਿੱਚ 90 ਫੀਸਦੀ ਦਾ ਵਾਧਾ ਹੋਇਆ ਜਿਸ ਵਿੱਚ ਵਿੱਤੀ ਅਪਰਾਧਾਂ ਦੀ ਗਿਣਤੀ ਕੁੱਲ ਅਪਰਾਧਾਂ ਦੀ 50 ਫੀਸਦੀ ਸੀ। ਇਕ ਕੰਟੈਂਟ ਸ਼ੈਲੀ ਦੇ ਰੂਪ ਵਿੱਚ ਵਿੱਤ ਅਤੇ ਅਰਥ ਵਰਗੇ ਵਿਸ਼ਿਆਂ ਦਾ ਇੰਟਰਨੈਟ ਤੇ ਉਭਰਨਾ ਨਿਸ਼ਚਿਤ ਰੂਪ ਨਾਲ ਦੇਸ਼ ਦੀ ਆਰਥਿਕ ਸਿਹਤ ਲਈ ਚੰਗਾ ਸੰਕੇਤ ਹੈ। ਪਰ ਸ਼ੇਅਰ ਬਾਜ਼ਾਰ ਦਾ ਇਤਿਹਾਸ ਸਕੈਮ (ਘੋਟਾਲੇ) ਅਤੇ ਧੋਖਾਧੜੀ ਨਾਲ ਭਰਿਆ ਹੋਇਆ ਹੈ। ਇਸ ਕਾਰਨ ਨਵੇਂ ਨਿਵੇਸ਼ਕ ਇਸਨੂੰ ਨਿਵੇਸ਼ ਦੇ ਇੱਕ ਬਿਹਤਰ ਵਿਕਲਪ ਦੇ ਰੂਪ ਵਿੱਚ ਨਹੀਂ ਦੇਖ ਪਾਉਂਦੇ। ਇਸਤੋਂ ਇਲਾਵਾ ਇੰਟਰਨੈਟ ਤੇ ਹੋਣ ਵਾਲੇ ਵਿੱਤੀ ਲੈਣਦੇਣ ਵੀ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਮੰਨੇ ਜਾਂਦੇ। ਜਾਹਿਰ ਹੈ, ਇੱਕ ਬੇਨਾਮ ਕੰਟੈਂਟ ਨਿਰਮਾਤਾ ਦੀ ਰਾਏ ਵਿੱਤ ਅਤੇ ਅਰਥ ਖੇਤਰ ਦੀਆਂ ਬਰੀਕੀਆਂ ਨੂੰ ਸਮਝਣ ਵਿੱਚ ਦਰਸ਼ਕਾਂ ਦੀ ਮਦਦ ਬੇਸ਼ੱਕ ਹੀ ਕਰ ਸਕਦੀ ਹੋਵੇ ਪਰ ਉਸਦੀ ਰਾਏ ਦੇ ਮੁਤਾਬਕ ਨਿਵੇਸ਼ ਵੀ ਕੀਤਾ ਜਾਵੇ, ਇਹ ਜਰੂਰੀ ਨਹੀਂ ਹੈ।

ਇਨ੍ਹਾਂ ਕੰਟੇਂਟ ਨਿਰਮਾਤਾਵਾਂ ਨੂੰ ਦੇਖਣ, ਇਹਨਾਂ ਦੀਆਂ ਗੱਲਾਂ ਸੁਣਨ, ਇਨ੍ਹਾਂ ਨੂੰ ਲਾਇਕ, ਵਿਊਜ, ਸਬਸਕ੍ਰਿਪਸ਼ਨ ਦੇਣ ਅਤੇ ਇਹਨਾਂ ਦੀ ਸਲਾਹ ਦੇ ਅਨੁਸਾਰ ਨਿਵੇਸ਼ ਕਰਣ ਵਿੱਚ ਕਾਫੀ ਅੰਤਰ ਹੁੰਦਾ ਹੈ। ਤਾਂ ਭਵਿੱਖ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਅਰਥ-ਵਿੱਤ ਅਤੇ ਇੰਟਰਨੈਟ ਦੀ ਇਹ ਜੁਗਲਬੰਦੀ ਆਮ ਨਿਵੇਸ਼ਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਸ਼ੇਅਰ ਬਾਜ਼ਾਰ ਨਾਲ ਜੋੜ ਸਕੇਗੀ, ਜਾਂ ਇਹ ਦੌਰ ਬਾਜ਼ਾਰ ਦੀ ਤਾਕਤ ਵਿੱਚ ਕੋਈ ਖਾਸ ਵਾਧਾ ਕੀਤੇ ਬਿਨਾਂ ਕੁਝ ਸਮੇਂ ਬਾਅਦ ਰੁਕ ਜਾਵੇਗਾ। ਜੋ ਵੀ ਹੋਵੇ, ਇੰਨਾ ਤੈਅ ਹੈ ਕਿ ਇੰਟਰਨੇਟ ਦੇ ਕੰਟੇਂਟ ਨਿਰਮਾਤਾ ਸੰਗੀਤ, ਕਾਮੇਡੀ ਅਤੇ ਸਮਾਚਾਰ ਵਰਗੇ ਪ੍ਰਚਲਿਤ ਵਿਸ਼ਿਆਂ ਤੋਂ ਇਲਾਵਾ ਸੋਚ ਰਹੇ ਹਨ। ਇਸ ਨਾਲ ਇੰਟਰਨੈਟ ਯੂਜਰਸ ਨੂੰ ਨਵੇਂ ਵਿਕਲਪ ਮਿਲਦੇ ਹਨ ਅਤੇ ਘੱਟ ਤੋਂ ਘੱਟ ਬਤੌਰ ਦਰਸ਼ਕ ਇਸ ਨਾਲ ਜੁੜੇ ਰਹਿਣ ਦੇ ਜ਼ਿਆਦਾ ਕਾਰਨ ਵੀ ਮਿਲਦੇ ਹਨ।

ਮੁਕੁਲ ਸ਼੍ਰੀਵਾਸਤਵ

Leave a Reply

Your email address will not be published. Required fields are marked *