ਭਾਈ ਘਨੱਈਆ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਲੈਣ ਦੀ ਲੋੜ: ਸਪਰਾ

ਐਸ.ਏ.ਐਸ. ਨਗਰ, 20 ਸਤੰਬਰ (ਸ.ਬ.) ਭਾਈ ਘਨੱਈਆ ਜੀ ਦੀ ਬਰਸੀ ਮੌਕੇ ਜਿਲ੍ਹੇ ਦੇ ਲੋਕਾਂ ਨੂੰ ਸਮੁੱਚੀ ਮਾਨਵਤਾ ਦੀ ਭਲਾਈ ਲਈ ਕੰਮ ਕਰਨ ਦੀ ਲੋੜ ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਸਾਨੂੰ ਭਾਈ ਘਨੱਈਆ ਜੀ ਦੀ ਜੀਵਨੀ ਤੋਂ ਸਿੱਖਿਆ ਲੈ ਕੇ ਉਨ੍ਹਾਂ ਦੇ ਦਰਸਾਏ ਮਾਰਗਾਂ ਤੇ ਚਲਣ ਦੀ ਲੋੜ ਹੈ| ਭਾਈ ਘਨੱਈਆ ਜੀ ਦੀ ਬਰਸੀ ਜਿਲ੍ਹੇ ਵਿੱਚ ਮਾਨਵ ਸੇਵਾ ਸੰਕਲਪ ਦਿਵਸ ਵਜੋਂ ਮਨਾਈ ਗਈ ਜਿਸ ਤਹਿਤ ਜਿਲ੍ਹੇ ਭਰ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਸਿਹਤ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਗਿਆ ਅਤੇ ਇਨ੍ਹਾਂ ਕੈਂਪਾਂ ਦੌਰਾਨ ਲੋਕਾਂ ਨੂੰ ਨਸ਼ਿਆਂ ਅਤੇ ਏਡਜ਼ ਵਿਰੁੱਧ ਜਾਗਰੂਕ ਵੀ ਕੀਤਾ ਗਿਆ|
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨਾ ਜ਼ਰੇਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਤਿੰਨੇ ਸਿਹਤ ਬਲਾਕਾਂ ਘੜੂੰਆਂ, ਬੂਥਗੜ੍ਹ ਅਤੇ ਡੇਰਾਬੱਸੀ ਅਧੀਨ ਪੈਂਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿਚ ਭਾਈ ਘਨੱਈਆ ਜੀ ਦੀ ਬਰਸੀ ਨੂੰ ਮਾਨਵ ਸੇਵਾ ਸੰਕਲਪ ਵਜੋਂ ਮਨਾਇਆ ਗਿਆ| ਘੜੂੰਆਂ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਗਮ ਦੌਰਾਨ ਐਸ.ਐਮ.ਓ. ਡਾ. ਕੁਲਜੀਤ ਕੌਰ ਨੇ ਹਸਪਤਾਲ ਵਿੱਚ ਪੁੱਜੇ ਲੋਕਾਂ ਅਤੇ ਮਰੀਜ਼ਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਅਤੇ ਇਲਾਜ ਬਾਰੇ ਵਿਸਥਾਰ ਨਾਲ ਦੱੱਸਿਆ| ਉਨ੍ਹਾਂ ਕਿਹਾ ਕਿ ਨਸ਼ਾ ਮਾਨਸਿਕ ਬਿਮਾਰੀ ਹੈ ਅਤੇ ਇਹ ਕਿਸੇ ਵੀ ਵਿਅਕਤੀ ਨੂੰ ਲੱਗ ਸਕਦੀ ਹੈ| ਅਜਿਹੇ ਰੋਗੀਆਂ ਪ੍ਰਤੀ ਘਰ ਵਾਲਿਆਂ, ਡਾਕਟਰਾਂ ਅਤੇ ਸਮੁੱਚੇ ਰੂਪ ਵਿਚ ਸਮਾਜ ਦਾ ਹਮਦਰਦੀ ਤੇ ਪਿਆਰ ਭਰਿਆ ਰਵਈਆ ਹੋਣਾ ਚਾਹੀਦਾ ਹੈ| ਕਈ ਮਾਮਲਿਆਂ ਵਿੱਚ ਅਜਿਹਾ ਵਿਹਾਰ ਵਧੇਰੇ ਅਸਰਦਾਰ ਸਾਬਤ ਹੁੰਦਾ ਹੈ ਤੇ ਰੋਗੀ ਇਸ ਆਦਤ ਨੂੰ ਹਮੇਸ਼ਾ ਲਈ ਛੱਡਣ ਦਾ ਮਨ ਬਣਾ ਲੈਂਦਾ ਹੈ| ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਦਾ ਕੋਈ ਪਰਿਵਾਰਕ ਜੀਅ, ਰਿਸ਼ਤੇਦਾਰ ਜਾਂ ਦੋਸਤ ਨਸ਼ੇ ਦੇ ਰਾਹ ਪੈ ਚੁੱਕਾ ਹੈ ਤਾਂ ਉਸ ਨੂੰ ਬਿਨਾਂ ਕਿਸੇ ਝਿਜਕ ਨਸ਼ਾ-ਛੁਡਾਊ ਕੇਂਦਰ ਵਿੱਚ ਲਿਆਉਣ ਜਿੱਥੇ ਮਾਹਿਰ ਡਾਕਟਰਾਂ ਵਲੋਂ ਉਸ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ ਤੇ ਇੰਜ ਅਜਿਹਾ ਵਿਅਕਤੀ ਮੁੱਖ ਧਾਰਾ ਸਮਾਜ ਵਿਚ ਪਰਤ ਕੇ ਆਮ ਨਾਗਰਿਕਾਂ ਵਾਂਗ ਖ਼ੁਸ਼ਹਾਲ ਤੇ ਚੰਗੀ ਜ਼ਿੰਦਗੀ ਜੀਣ ਦੇ ਕਾਬਲ ਬਣ ਸਕੇਗਾ|
ਇਸੇ ਤਰ੍ਹਾਂ ਡੇਰਾਬੱਸੀ ਅਤੇ ਕੁਰਾਲੀ ਦੇ ਹਸਪਤਾਲਾਂ ਵਿੱਚ ਐਸ.ਐਮ.ਓ. ਡਾ. ਭੁਪਿੰਦਰ ਸਿੰਘ ਅਤੇ ਐਸ.ਐਮ.ਓ. ਡਾ. ਸੰਗੀਤਾ ਜੈਨ ਦੀ ਅਗਵਾਈ ਵਿਚ ਸਿਹਤ ਜਾਗਰੂਕਤਾ ਕੈਂਪ ਅਤੇ ਨਸ਼ਿਆਂ ਤੇ ਏਡਜ਼ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਕਰਵਾਏ ਗਏ| ਲੋਕਾਂ ਨੂੰ ਤੰਬਾਕੂ ਅਤੇ ਇਸ ਦੇ ਮਾੜੇ ਅਸਰ ਤੇ ਇਲਾਜ ਬਾਰੇ ਵੀ ਜਾਣਕਾਰੀ ਦਿੱਤੀ ਗਈ| ਲੋਕਾਂ ਨੂੰ ਦੱਸਿਆ ਗਿਆ ਕਿ ਤੰਬਾਕੂ ਪਹਿਲਾਂ ਰੀਸੋ-ਰੀਸ ਜਾਂ ਸ਼ੌਕ ਵਜੋਂ ਵਰਤਿਆ ਜਾਂਦਾ ਹੈ ਜਿਹੜਾ ਬਾਅਦ ਵਿਚ ਪੱਕੀ ਆਦਤ ਬਣ ਜਾਂਦਾ ਹੈ| ਤੰਬਾਕੂ ਦੀ ਆਦਤ ਤੋਂ ਸਹਿਜੇ ਹੀ ਖਹਿੜਾ ਛੁਡਾਇਆ ਜਾ ਸਕਦਾ ਹੈ ਜੇ ਵਿਅਕਤੀ ਅਪਣਾ ਮਨ ਪੱਕਾ ਕਰ ਲਵੇ ਅਤੇ ਸਿਹਤ ਕੇਂਦਰ ਵਿਚ ਆ ਕੇ ਡਾਕਟਰੀ ਇਲਾਜ ਕਰਵਾਏ|

Leave a Reply

Your email address will not be published. Required fields are marked *