ਭਾਜਪਾ ਉਮੀਦਵਾਰਾਂ ਤੇ ਵਰਕਰਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਕੋਈ ਰੋਕ ਨਹੀਂ ਸਕਦਾ : ਨਰਿੰਦਰ ਰੈਣਾ
ਐਸ ਏ ਐਸ ਨਗਰ, 9 ਫਰਵਰੀ (ਸ.ਬ.) ਸਥਾਨਕ ਸੈਕਟਰ 71 ਵਿੱਚ ਸਥਿਤ ਭਾਜਪਾ ਚੋਣ ਦਫਤਰ ਵਿੱਚ ਭਾਜਪਾ ਦੇ ਆਲ ਇੰਡੀਆ ਸੈਕਟਰੀ ਅਤੇ ਪੰਜਾਬ ਦੇ ਸਹਿ ਪ੍ਰਭਾਰੀ ਸ੍ਰੀ ਨਰਿੰਦਰ ਰੈਣਾ ਵਲੋਂ ਭਾਜਪਾ ਉਮੀਦਵਾਰਾਂ ਅਤੇ ਵਰਕਰਾਂ ਨਾਲ ਚੋਣ ਮੀਟਿੰਗ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਨਰਿੰਦਰ ਰੈਣਾ ਸ਼ਰਮਾ ਨੇ ਕਿਹਾ ਕਿ ਮੁਹਾਲੀ ਸ਼ਹਿਰ ਵਿੱਚ ਅਕਾਲੀ ਦਲ ਅਤੇ ਕਾਂਗਰਸ ਵਲੋਂ ਜੋ ਰਾਜਸੀ ਗੰਦ ਪਾਇਆ ਜਾ ਰਿਹਾ ਹੈ, ਉਸਦਾ ਭਾਜਪਾ ਵਰਕਰਾਂ ਨੂੰ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਿਹੜੇ ਲੋਕਾਂ ਵਲੋਂ ਭਾਜਪਾ ਉਮੀਦਵਾਰਾਂ ਦੇ ਬੈਨਰ ਅਤੇ ਪੋਸਟਰ ਫਾੜੇ ਜਾ ਰਹੇ ਹਨ, ਉਹਨਾਂ ਤੋਂ ਡਰਨ ਦੀ ਲੋੜ ਨਹੀਂ ਬਲਕਿ ਇਸ ਸੰਬੰਧੀ ਪ੍ਰਸ਼ਾਸ਼ਨ ਨੂੰ ਸ਼ਿਕਾਇਤ ਦਿੱਤੀ ਜਾਣੀ ਚਾਹੀਦੀ ਹੈ ਅਤੇ ਅਜਿਹੇ ਲੋਕਾਂ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਅਤੇ ਕਿਸੇ ਤੋਂ ਡਰਨਾ ਨਹੀਂ ਚਾਹੀਦਾ।
ਪੰਜਾਬ ਭਾਜਪਾ ਦੇ ਜਨਰਲ ਸਕੱਤਰ ਸ੍ਰੀ ਸੁਭਾਸ਼ ਸ਼ਰਮਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸੰਵਿਧਾਨ ਨੇ ਸਾਨੂੰ ਇਹ ਅਧਿਕਾਰ ਦਿੱਤਾ ਹੈ ਕਿ ਲੋਕਤੰਤਰ ਦੇ ਤਹਿਤ ਹਰ ਵਿਅਕਤੀ ਚੋਣ ਲੜ ਸਕਦਾ ਹੈ ਅਤੇ ਆਪਣਾਂ ਪ੍ਰਚਾਰ ਕਰ ਸਕਦਾ ਹੈ ਅਤੇ ਭਾਜਪਾ ਉਮੀਦਵਾਰਾਂ ਨੂੰ ਡਰਾਉਣ ਦੀਆਂ ਕੋਸ਼ਿਸ਼ਾਂ ਦਾ ਸਖਤੀ ਨਾਲ ਜਵਾਬ ਦਿੱਤਾ ਜਾਣਾ ਜਰੂਰੀ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਪਾਰਟੀ ਦੇ ਹੋਰ ਵੱਡੇ ਆਗੂ ਵੀ ਮੁਹਾਲੀ ਵਿੱਚ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਆਉਣਗੇ।
ਇਸ ਮੌਕੇ ਭਾਜਪਾ ਦੇ ਸੂਬਾ ਕਾਰਜਕਾਰੀ ਮਂੈਬਰ ਅਤੇ ਮੁਹਾਲੀ ਨਿਗਮ ਚੋਣਾਂ ਸਬੰਧੀ ਭਾਜਪਾ ਦੇ ਇੰਚਾਰਜ ਸ੍ਰੀ ਸੁਖਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਭਾਜਪਾ ਉਮੀਦਵਾਰਾਂ ਨੂੰ ਮੁਹਾਲੀ ਸ਼ਹਿਰ ਵਿੱਚ ਵੋਟਰਾਂ ਵਲੋਂ ਬਹੁਤ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਭਾਜਪਾ ਦੀ ਤਰਜੀਹ ਮੁਹਾਲੀ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਦੀ ਹੈ ਅਤੇ ਮੁਹਾਲੀ ਨੂੰ ਸਾਫ ਸੁਥਰਾ ਸ਼ਹਿਰ ਬਣਾਇਆ ਜਾਵੇਗਾ।
ਇਸ ਮੌਕੇ ਚੰਡੀਗੜ੍ਹ ਭਾਜਪਾ ਪ੍ਰਧਾਨ ਅਰੁਣ ਸੂਦ, ਸੀਨੀਅਰ ਭਾਜਪਾ ਆਗੂ ਕੇ ਡੀ ਭੰਡਾਰੀ, ਸੰਜੀਵ ਵਸ਼ਿਸ਼ਟ, ਰਮੇਸ਼ ਦੱਤ ਅਤੇ ਹੋਰ ਆਗੂ ਮੌਜੂਦ ਸਨ।