ਭਾਜਪਾ ਕੌਂਸਲਰ ਨੂੰ ਮਹਿੰਗੀ ਪਈ ਸੂਬਾ ਪ੍ਰਧਾਨ ਬਦਲਣ ਦੀ ਮੰਗ, ਪਾਰਟੀ ਵਿੱਚੋਂ ਛੇ ਸਾਲ ਲਈ ਕੱਢਿਆ

ਭਾਜਪਾ ਕੌਂਸਲਰ ਨੂੰ ਮਹਿੰਗੀ ਪਈ ਸੂਬਾ ਪ੍ਰਧਾਨ ਬਦਲਣ ਦੀ ਮੰਗ, ਪਾਰਟੀ ਵਿੱਚੋਂ ਛੇ ਸਾਲ ਲਈ ਕੱਢਿਆ
ਪਾਰਟੀ ਦੀ ਭਲਾਈ ਲਈ ਕੀਤੀ ਸੀ ਮੰਗ, ਹਾਲੇ ਵੀ ਆਪਣੇ ਸਟੈਂਡ ਤੇ ਕਾਇਮ ਹਾਂ : ਬੌਬੀ ਕੰਬੋਜ

ਐਸ ਏ ਐਸ ਨਗਰ, 13 ਅਪ੍ਰੈਲ (ਸ.ਬ.) ਨਗਰ ਨਿਗਮ ਦੇ ਕੌਂਸਲਰ ਸ੍ਰੀ ਬੌਬੀ ਕੰਬੋਜ ਵੱਲੋਂ ਬੀਤੇ ਕੱਲ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਪੰਜਾਬ ਵਿਧਾਨਸਭਾ ਚੋਣਾਂ ਵਿੱਚ ਹੋਈ ਪਾਰਟੀ ਦੀ ਹਾਰ ਲਈ ਸੂਬਾ ਇਕਾਈ ਦੇ ਆਗੂਆਂ ਨੂੰ   ਜਿੰਮੇਵਾਰ ਠਹਿਰਾਉਂਦਿਆਂ ਪਾਰਟੀ ਦਾ ਪ੍ਰਧਾਨ ਬਦਲਣ ਅਤੇ ਸ੍ਰੀ ਖੁਸ਼ਵੰਤ ਰਾਏ ਗੀਗਾ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਬਣਾਉਣ ਦੀ ਮੰਗ ਬੌਬੀ ਕੰਬੋਜ ਨੂੰ ਭਾਰੀ ਪਈ ਹੈ ਅਤੇ ਇਸ ਕਾਰਵਾਈ ਨੂੰ ਪਾਰਟੀ ਵਿਰੋਧੀ ਮੰਨਦਿਆਂ ਪਾਰਟੀ ਦੀ ਜਿਲ੍ਹਾ ਇਕਾਈ ਦੇ ਪ੍ਰਧਾਨ ਸ੍ਰੀ ਸੁਸ਼ੀਲ ਰਾਣਾ ਵਲੋਂ ਉਹਨਾਂ ਨੂੰ 6 ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ| ਦੂਜੇ ਪਾਸੇ ਸ੍ਰੀ ਬੌਬੀ ਕੰਬੋਜ ਨੇ ਕਿਹਾ ਹੈ ਕਿ ਉਹ ਹੁਣੇ ਵੀ ਆਪਣੇ ਇਸ ਸਟੈਂਡ ਤੇ ਕਾਇਮ ਹਨ ਕਿ ਪਾਰਟੀ ਦੀ ਸੂਬਾ ਇਕਾਈ ਦੀ ਕਮਜੋਰੀ ਕਾਰਨ ਪੰਜਾਬ ਵਿੱਚ ਭਾਜਪਾ ਦੀ ਹਾਰ ਹੋਈ ਹੈ ਅਤੇ ਸੂਬਾ ਪ੍ਰਧਾਨ ਨੂੰ ਬਦਲ ਕੇ ਨਵੀਂ ਇਕਾਈ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ|
ਇੱਥੇ ਇਹ ਜਿਕਰਯੋਗ ਹੈ ਕਿ ਬੀਤੇ ਕੱਲ ਸ੍ਰੀ ਬੌਬੀ ਕੰਬੋਜ ਵਲੋਂ ਇੱਕ ਬਿਆਨ ਜਾਰੀ ਕਰਕੇ ਪਾਰਟੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੂੰ ਲਿਖੀ ਚਿੱਠੀ ਬਾਰੇ ਜਾਣਕਾਰੀ ਦਿੱਤੀ ਗਈ ਸੀ| ਇਸ ਬਿਆਨ ਵਿੱਚ ਉਹਨਾਂ ਵਲੋਂਂਆਪਣੇ ਨਾਲ ਪਾਰਟੀ ਦੇ ਤਿੰਨ ਹੋਰ ਕੌਂਸਲਰਾਂ ਸ੍ਰੀ ਅਰੁਣ ਸ਼ਰਮਾ, ਸ੍ਰੀ ਅਸ਼ੋਕ ਝਾਅ ਅਤੇ ਸ੍ਰ. ਹਰਦੀਪ ਸਿੰਘ ਸਰਾਓ ਅਤੇ ਕੁੱਝ ਹੋਰਨਾਂ ਆਗੂਆਂ ਦੇ ਵੀ ਇਸ ਮੰਗ ਨਾਲ ਸਹਿਮਤ ਹੋਣ ਦੀ ਗੱਲ ਕੀਤੀ ਗਈ ਸੀ|
ਬੀਤੀ ਸ਼ਾਮ ਸਕਾਈ ਹਾਕ ਟਾਈਮਜ਼ ਵਿੱਚ ਇਸ ਸੰਬੰਧੀ ਖਬਰ ਵੀ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸ ਖਬਰ ਦੇ ਜਾਰੀ ਹੋਣ ਦੇ ਨਾਲ ਹੀ ਭਾਜਪਾ ਦੀ ਸਿਆਸਤ ਭਖ ਗਈ ਸੀ| ਇਸ ਦੌਰਾਨ ਜਿੱਥੇ ਇਸ ਬਿਆਨ ਵਿੱਚ ਸ਼ਾਮਿਲ ਕੀਤੇ ਗਏ ਕੌਂਸਲਰਾ ਵਲੋਂ ਸ੍ਰੀ ਬੌਬੀ ਕੰਬੋਜ ਤੇ ਇਲਜਾਮ ਲਗਾਇਆ ਗਿਆ ਕਿ ਉਹਨਾਂ ਵਲੋਂ ਜਾਣ ਬੁੱਝ ਕੇ ਬਾਕੀ ਕੌਂਸਲਰਾਂ ਦੇ ਨਾਮ ਵਰਤੇ ਗਏ ਹਨ ਜਦੋਂਕਿ ਇਸ ਸੰਬੰਧੀ ਸ੍ਰੀ ਕੰਬੋਜ ਦੀ ਕਿਸੇ ਕੌਂਸਲਰ ਨਾਲ ਚਰਚਾ ਨਹੀਂ ਹੋਈ| ਇਹਨਾਂ ਕੌਂਸਲਰਾਂ ਦਾ ਇਹ ਵੀ ਕਹਿਣਾ ਸੀ ਕਿ ਉਹ ਤਾਂ ਇੱਕ ਸ਼ਹਿਰ ਦੇ ਨਿਗਮ ਦੇ ਕੌਂਸਲਰ ਹੀ ਹਨ ਅਤੇ ਉਹਨਾਂ ਵਲੋਂ ਇਸ ਤਰੀਕੇ ਨਾਲ ਕੌਮੀ ਪ੍ਰਧਾਨ ਨੂੰ ਸੂਬਾ ਪ੍ਰਧਾਨ ਨੂੰ ਬਦਲਣ ਵਾਲਾ ਪੱਤਰ ਲਿਖਣ ਦੀ ਕੋਈ ਤੁਕ ਹੀ ਨਹੀਂ ਬਣਦੀ|

ਇਸ ਸੰਬਧੀ ਅੱਜ ਪੰਜਾਬ ਭਾਜਪਾ ਦੇ ਸੀਨੀਅ ਰ ਮੀਤ ਪ੍ਰਧਾਨ ਸ੍ਰ. ਹਰਜੀਤ ਸਿੰਘ ਗਰੇਵਾਲ, ਜਿਲ੍ਹਾ ਭਾਜਪਾ ਪ੍ਰਧਾਨ ਸ੍ਰੀ ਸੁਸ਼ੀਲ ਰਾਣਾ, ਨੇ ਸਥਾਨਕ ਕੌਂਸਲਰਾਂ ਨਾਲ ਮੀਟਿੰਗ ਕਰਕੇ ਇਸ ਸੰਬੰਧੀ ਵਿਚਾਰ ਵਟਾਂਦਰਾ ਕੀਤਾ| ਇਸ ਮੀਟਿੰਗ ਵਿੱਚ ਹਾਜਿਰ ਕੌਂਸਲਰਾਂ ਸ੍ਰੀ ਅਸ਼ੋਕ ਝਾਅ, ਸ੍ਰੀ ਅਰੁਣ ਸ਼ਰਮਾ ਅਤੇ ਸ੍ਰ. ਹਰਦੀਪ ਸਿੰਘ ਸਰਾਓ ਨੇ ਪਾਰਟੀ ਆਗੂਆਂ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਸ੍ਰੀ ਬੌਬੀ ਕੰਬੋਜ ਵਲੋਂ ਉਹਨਾਂ ਦਾ ਝੂਠਾ ਨਾਮ ਵਰਤਿਆ ਗਿਆ ਹੈ| ਇਸ ਮੌਕੇ ਪਾਰਟੀ ਆਗੂਆਂ ਨੇ ਵਿਚਾਰ ਵਟਾਂਦਰਾਂ ਕਰਨ ਉਪਰੰਤ ਸ੍ਰੀ ਬੌਬੀ ਕੰਬੋਜ ਨੂੰ ਪਾਰਟੀ ਵਿਰੋਧੀ ਕਾਰਵਾਈਆਂ ਅੰਜਾਮ ਦੇਣ ਅਤੇ ਪਾਰਟੀ ਨੂੰ ਅਕਸ ਨੂੰ ਢਾਅ ਲਾਉਣ ਦੇ ਦੋਸ਼ ਹੇਠ ਪਾਰਟੀ ਤੋਂ ਛੇ ਸਾਲ ਲਈ ਕੱਢਣ ਦਾ ਫੈਸਲਾ ਕਰ ਲਿਆ| ਇਸ ਸੰਬੰਧੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ੍ਰੀ ਸੁਸ਼ੀਲ ਰਾਣਾ ਨੇ ਕਿਹਾ ਕਿ ਪਾਰਟੀ ਦਾ ਅਨੁਸ਼ਾਸ਼ਨ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜਤ ਨਹੀਂ ਦਿੱਤੀ ਜਾਵੇਗੀ| ਇਸ ਮੀਟਿੰਗ ਵਿੱਚ ਜਿਲ੍ਹਾ ਭਾਜਪਾ ਦੇ ਜਨਰਲ ਸਕੱਤਰ ਸ੍ਰੀ ਆਸ਼ੂ ਖੰਨਾ, ਕੌਂਸਲਰ ਸ੍ਰੀ ਸੈਹਬੀ ਆਨੰਦ ਅਤੇ ਹੋਰ ਆਗੂ ਵੀ ਹਾਜਿਰ ਸਨ|
ਦੂਜੇ ਪਾਸੇ ਸੀ ਬੌਬੀ ਕੰਬੋਜ ਨੇ ਕਿਹਾ ਕਿ ਪਾਰਟੀ ਵਲੋਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਦੋਂਕਿ ਉਹਨਾਂ ਵਲੋਂ ਤਾਂ ਪਾਰਟੀ ਦੀ ਭਲਾਈ ਲਈ ਹੀ ਇਹ ਮੰਗ ਕੀਤੀ ਗਈ ਸੀ| ਉਹਨਾਂ ਕਿਹਾ ਕਿ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ. ਗਰੇਵਾਲ ਵਲੋਂ ਚੋਣਾਂ ਦੌਰਾਨ ਉਹਨਾਂ ਨੂੰ ਰਾਜਪੁਰਾ ਵਿੱਚ ਪ੍ਰਚਾਰ ਲਈ ਕਿਹਾ ਸੀ ਪਰੰਤੂ ਪਾਰਟੀ ਵਲੋਂ ਉਹਨਾਂ ਦੀ ਡਿਊਟੀ ਫਾਜਿਲਕਾ ਲੱਗੀ ਹੋਣ ਕਾਰਨ ਉਹਨਾਂ ਨੇ ਸਾਫ ਇਨਕਾਰ ਕਰ ਦਿੱਤਾ ਸੀ ਅਤੇ ਅੱਜ ਦੀ ਕਾਰਵਾਈ ਦੌਰਾਨ ਸ੍ਰ. ਗਰੇਵਾਲ ਨੇ ਉਹਨਾਂ ਪ੍ਰਤੀ ਨਿੱਜੀ ਕਿੜ ਕੱਢੀ ਹੈ|

Leave a Reply

Your email address will not be published. Required fields are marked *