ਭਾਜਪਾ ਦੇ ਜਿਲ੍ਹਾ ਜਰਨਲ ਸਕੱਤਰ ਨਰਿੰਦਰ ਰਾਣਾ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਅਸਤੀਫਾ
ਖਰੜ, 10 ਫਰਵਰੀ (ਸ਼ਮਿੰਦਰ ਸਿੰਘ) ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਖੜ੍ਹਦਿਆਂ ਭਾਜਪਾ ਜਿਲ੍ਹਾ ਮੁਹਾਲੀ ਦੇ ਜਰਨਲ ਸਕੱਤਰ ਸ੍ਰੀ ਨਰਿੰਦਰ ਰਾਣਾ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਆਪਣੇ ਸਾਰੇ ਆਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ।
ਇਸ ਸਬੰਧੀ ਨਰਿੰਦਰ ਸਿੰਘ ਰਾਣਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਖੇਤੀ ਕਾਨੂੰਨ ਪਾਸ ਕੀਤੇ ਗਏਹਨ, ਉਹ ਕਿਸਾਨਾ ਨੂੰ ਮੰਜੂਰ ਨਹੀਂ ਹਨ ਅਤੇ ਇਨ੍ਹਾਂ ਦੇ ਖਿਲਾਫ ਕਿਸਾਨ ਕਈ ਮਹੀਨਿਆਂ ਤੋਂ ਸ਼ੰਘਰਸ਼ ਕਰ ਰਹੇ ਹਨ। ਇਸ ਸੰਘਰਸ਼ ਦੌਰਾਨ ਵੱਡੀ ਗਿਣਤੀ ਵਿੱਚ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ ਪਰ ਕੇਂਦਰ ਸਰਕਾਰ ਮਸਲੇ ਦਾ ਹੱਲ ਕੱਢਣ ਵਿੱਚ ਨਾਕਾਮ ਰਹੀ ਹੈ ਅਤੇ ਆਪਣੀ ਜਿੱਦ ਤੇ ਅੜੀ ਹੋਈ ਹੈ।
ਉਹਨਾਂ ਕਿਹਾ ਕਿ ਇਸਦੇ ਵਿਰੋਧ ਵਿੱਚ ਉਹ ਆਪਣੇ ਆਹੁਦੇ ਅਤੇ ਮੁੱਢਲ਼ੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਕਿਸਾਨ ਸੰਘਰਸ਼ ਦੇ ਨਾਲ ਨਾਲ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਉਨਾਂ ਕਿਹਾ ਕਿ ਉਹ ਕਰੀਬ 30 ਸਾਲ ਤੋਂ ਪਾਰਟੀ ਦੀ ਸੇਵਾ ਕਰਦੇ ਆ ਰਹੇ ਹਨ ਅਤੇ ਮੁਹਾਲੀ ਅਤੇ ਖਰੜ ਵਿੱਚ ਪਾਰਟੀ ਨੂੰ ਖੜਾ ਕਰਨ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ ਪਰੰਤੂ ਪਾਰਟੀ ਵਲੋਂ ਕਿਸਾਨਾਂ ਪ੍ਰਤੀ ਅੜੀਅਲ ਰੁੱਖ ਅਪਣਾਏ ਜਾਣ ਦੇ ਰੋਸ ਵਜੋਂ ਅਸਤੀਫਾ ਦੇ ਰਹੇ ਹਨ।