ਭਾਜਪਾ ਦੇ ਸਾਬਕਾ ਕੌਂਸਲਰ ਸਾਹਿਬੀ ਆਨੰਦ ਵਲੋਂ ਰਿਟਰਨਿੰਗ ਅਫਸਰ ਦੇ ਖਿਲਾਫ ਅਦਾਲਤੀ ਮਾਣਹਾਨੀ ਦਾ ਕੇਸ ਦਾਇਰ, ਬੁੱਧਵਾਰ ਨੂੰ ਹੋਵੇਗੀ ਸੁਣਵਾਈ

ਐਸ ਏ ਐਸ ਨਗਰ, 8 ਫਰਵਰੀ (ਸ.ਬ.) ਨਗਰ ਨਿਗਮ ਦੀ ਚੋਣ ਲੜਣ ਲਈ ਵਾਰਡ ਨੰਬਰ 12 ਤੋਂ ਭਾਜਪਾ ਉਮੀਦਵਾਰ ਸਾਹਿਬੀ ਆਨੰਦ ਦੇ ਨਾਮਜਦਗੀ ਪੱਤਰ ਰੱਦ ਹੋਣ ਤੋਂ ਬਾਅਦ ਉਹਨਾਂ ਵਲੋਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕੀਤੀ ਗਈ ਅਪੀਲ ਉਪਰੰਤ ਮਾਣਯੋਗ ਅਦਾਲਤ ਦੀਆਂ ਹਿਦਾਇਤਾਂ ਤੇ ਰਿਟਰਨਿੰਗ ਅਫਸਰ ਵਲੋਂ ਉਹਨਾਂ ਦੇ ਨਾਮਜਦਗੀ ਪੱਤਰ ਵਿੱਚ ਪੇਸ਼ਕਰਤਾ ਦੇ ਹਸਤਾਖਰ ਕਰਵਾ ਕੇ ਇਹਨਾਂ ਕਾਗਜਾਂ ਨੂੰ ਸਵੀਕਾਰ ਤਾਂ ਕਰ ਲਿਆ ਗਿਆ ਸੀ ਪਰੰਤੂ ਰਿਟਰਨਿੰਗ ਅਫਸਰ ਵਲੋਂ ਜਾਰੀ ਕੀਤੀ ਗਈ ਯੋਗ ਉਮੀਦਵਾਰਾਂ ਦੀ ਸੂਚੀ ਵਿੱਚ ਸ੍ਰੀ ਸਾਹਿਬੀ ਆਨੰਦ ਦਾ ਨਾਮ ਸ਼ਾਮਿਲ ਨਹੀਂ ਕੀਤਾ ਗਿਆ ਜਿਸਤੇ ਸ੍ਰੀ ਆਨੰਦ ਵਲੋਂ ਰਿਟਰਨਿੰਗ ਅਫਸਰ ਦੇ ਖਿਲਾਫ ਅਦਾਲਤੀ ਮਾਣਹਾਨੀ ਦਾ ਦਾਅਵਾ ਦਾਇਰ ਕੀਤਾ ਹੈ ਜਿਸਤੇ ਬੁੱਧਵਾਰ ਨੂੰ ਸੁਣਵਾਈ ਹੋਣੀ ਹੈ।

ਸz. ਸਾਹਿਬੀ ਆਨੰਦ ਨੇ ਦੱਸਿਆ ਕਿ 4 ਫਰਵਰੀ ਨੂੰ ਉਹਨਾਂ ਦੇ ਨਾਮਜਦਗੀ ਪੱਤਰ ਸਰਕਾਰੀ ਦਬਾਅ ਹੇਠ ਰੱਦ ਕੀਤੇ ਗਏ ਸਨ ਜਿਸਦੇ ਖਿਲਾਫ ਉਹ ਮਾਣਯੋਗ ਅਦਾਲਤ ਵਿੱਚ ਗਏ ਅਤੇ ਅਦਾਲਤ ਵਲੋਂ ਹੁਕਮ ਜਾਰੀ ਕੀਤੇ ਗਏ ਕਿ ਰਿਟਰਨਿੰਗ ਅਫਸਰ 5 ਫਰਵਰੀ ਨੂੰ ਸ਼ਾਮ ਸਾਢੇ ਪੰਜ ਵਜੇ ਤੱਕ ਸਾਹਿਬੀ ਆਨੰਦ ਦੇ ਪੇਸ਼ਕਰਤਾ ਦੇ ਹਸਤਾਖਰ ਕਰਵਾਉਣ ਅਤੇ ਅਗਲੀ ਕਾਰਵਾਈ ਕਰਨ। ਉਹਨਾਂ ਕਿਹਾ ਕਿ ਉਹਨਾਂ ਦੇ ਪੇਸ਼ਕਰਤਾ ਵਲੋਂ ਮਿੱਥੇ ਸਮੇਂ ਤੇ ਰਿਟਰਨਿੰਗ ਅਫਸਰ ਕੋਲ ਪੇਸ਼ ਹੋ ਕੇ ਹਸਤਾਹਖਰ ਕਰ ਦਿੱਤੇ ਗਏ ਪਰੰਤੂ ਇਸਦੇ ਬਾਵਜੂਦ ਚੋਣ ਲੜਣ ਦੇ ਯੋਗ ਉਮੀਦਵਾਰਾਂ ਦੀ ਜਿਹੜੀ ਸੂਚੀ ਜਾਰੀ ਕੀਤੀ ਗਈ ਉਸ ਵਿੱਚ ਉਹਨਾਂ ਦਾ ਨਾਮ ਨਹੀਂ ਸੀ। ਉਹਨਾਂ ਦੱਸਿਆ ਕਿ ਉਹਨਾਂ ਵਲੋਂ 6 ਫਰਵਰੀ ਨੂੰ ਰਿਟਰਨਿੰਗ ਅਫਸਰ ਨੂੰ ਕਾਨੂੰਨੀ ਨੋਟਿਸ ਦਿੱਤਾ ਸੀ ਕਿ ਉਹਨਾਂ ਦਾ ਨਾਮ ਸੂਚੀ ਵਿੱਚ ਪਾ ਕੇ ਉਹਨਾਂ ਨੂੰ ਚੋਣ ਨਿਸ਼ਾਨ ਦਿੱਤਾ ਜਾਵੇ ਪਰੰਤੂ ਅਜਿਹਾ ਨਾ ਹੋਣ ਤੇ ਉਹਨਾਂ ਵਲੋਂ ਮਾਣਯੋਗ ਅਦਾਲਤ ਵਿੱਚ ਅਦਾਲਤੀ ਕਾਰਵਾਈ ਦਾ ਦਾਅਵਾ ਦਾਇਰ ਕੀਤਾ ਹੈ।

ਸੰਪਰਕ ਕਰਨ ਤੇ ਮੁਹਾਲੀ ਦੇ ਐਸ ਡੀ ਐਮ ਅਤੇ ਵਾਰਡ ਨੰਬਰ 1 ਤੋ 25 ਦੇ ਰਿਟਰਨਿੰਗ ਅਫਸਰ ਸ੍ਰੀ ਜਗਦੀਪ ਸਹਿਗਲ ਨੇ ਕਿਹਾ ਕਿ ਉਹਨਾਂ ਵਲੋਂ ਮਾਣਯੋਗ ਅਦਾਲਤ ਦੀਆਂ ਹਿਦਾਇਤਾਂ ਤੇ ਪੇਸ਼ਕਰਤਾ ਦੇ ਹਸਤਾਖਰ ਕਰਵਾ ਲਏ ਗਏ ਸਨ। ਉਹਨਾਂ ਕਿਹਾ ਕਿ ਕਿਉਂਕਿ ਉਹ ਇੱਕ ਵਾਰ ਇਹ ਨਾਮਜਦਗੀ ਪੱਤਰ ਰੱਦ ਕਰ ਚੁੱਕੇ ਹਨ ਅਤੇ ਮਾਮਲਾ ਅਦਾਲਤ ਵਿੱਚ ਹੈ ਇਸ ਲਈ ਇਸ ਸੰਬੰਧੀ ਕੋਈ ਵੀ ਕਾਰਵਾਈ ਅਦਾਲਤ ਦੇ ਹੁਕਮਾਂ ਤੇ ਹੀ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ 10 ਫਰਵਰੀ ਨੂੰ ਮਾਣਯੋਗ ਅਦਾਲਤ ਵਲੋਂ ਜੋ ਵੀ ਹੁਕਮ ਦਿੱਤੇ ਜਾਣਗੇ ਉਹਨਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *