ਭਾਜਪਾ ਨੇ ਕਿਸਾਨੀ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਦੀਪ ਸਿੱਧੂ ਅਤੇ ਪੁਲੀਸ ਦੀ ਮਦਦ ਨਾਲ ਕਰਵਾਇਆ 26 ਜਨਵਰੀ ਦਾ ਕਾਂਡ : ਕਰਨਲ ਸੋਹੀ

ਐਸ.ਏ.ਐਸ.ਨਗਰ, 3 ਫਰਵਰੀ (ਸ.ਬ.) ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਦੇ ਪ੍ਰਧਾਨ ਲੈਫ ਕਰਨਲ ਐਸ ਐਸ ਸੋਹੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਬਦਨਾਮ ਕਰਨ ਲਈ ਕਈ ਤਰ੍ਹਾਂ ਦੇ ਹਥਕੰਡੇ ਅਪਣਾ ਰਹੀ ਹੈ ਜੋ ਕਿ ਬਹੁਤ ਹੀ ਮਾੜੀ ਗੱਲ ਹੈ। ਸਾਬਕਾ ਫੌਜੀਆਂ ਦੀ ਇੱਕ ਮੀਟਿੰਗ ਦੌਰਾਨ ਉਹਨਾਂ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਉਨ੍ਹਾਂ ਤੇ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ ਜੋ ਪੂਰੀ ਤਰ੍ਹਾਂ ਗਲਤ ਹਨ ਕਿਉਂਕਿ ਕਿਸਾਨਾਂ ਨੇ ਅਜਿਹਾ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਮਹਿਸੂਸ ਕਰਦਾ ਹੈ ਕਿ 26 ਜਨਵਰੀ ਦੀ ਘਟਨਾ ਦੇ ਪਿੱਛੇ ਭਾਰਤੀ ਜਨਤਾ ਪਾਰਟੀ ਦਾ ਹੀ ਹੱਥ ਹੈ ਤਾਂ ਜੋ ਦੀਪ ਸਿੱਧੂ ਵਰਗਿਆਂ ਤੇ ਪੁਲੀਸ ਦੀ ਮੱਦਦ ਨਾਲ ਕਿਸਾਨ ਮੋਰਚੇ ਦੇ ਸੰਘਰਸ਼ ਨੂੰ ਢਾਹ ਲਗਾਈ ਜਾ ਸਕੇ।

ਉਨ੍ਹਾਂ ਕਿਹਾ ਕਿ ਇੰਨੀ ਠੰਢ ਵਿੱਚ ਕਿਸਾਨ ਸੰਘਰਸ਼ ਤੇ ਬੈਠੇ ਹਨ ਪਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਸਬੰਧੀ ਕੋਈ ਕਾਰਵਾਈ ਕਰਕੇ ਰਾਜ਼ੀ ਨਹੀਂ ਹੈ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨੇ ਖੇਤੀ ਕਾਨੂੰਨਾਂ ਦੀ ਨਿਖੇਧੀ ਕਰਦਿਆਂ ਕਿਹਾ ਇਹ ਕਾਨੂੰਨ ਕਿਸਾਨਾਂ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਕਿਹਾ ਕਿ ਨਾ ਸਿਰਫ ਕਿਸਾਨ ਸਗੋਂ ਦੇਸ਼ ਦੇ ਤਮਾਮ ਆਮ ਲੋਕ ਅਤੇ ਖਪਤਕਾਰਾਂ ਦੇ ਹੱਕ ਵਿੱਚ ਵੀ ਇਹ ਕਾਨੂੰਨ ਨਹੀਂ ਹਨ ਇਸ ਲਈ ਕੇਂਦਰ ਸਰਕਾਰ ਆਪਣੇ ਹਿਉਮੈ ਨੂੰ ਤਿਆਗ ਕੇ ਇਨ੍ਹਾਂ ਕਾਨੂੰਨਾਂ ਨੂੰ ਫੌਰੀ ਤੌਰ ਤੇ ਰੱਦ ਕਰੇ।

ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਵਾਪਰੀ ਘਟਨਾ ਦੀਪ ਸਿੱਧੂ, ਪੰਨੂੰ ਅਤੇ ਪੰਧੇਰ ਵਰਗੇ ਕੁਝ ਲੋਕਾਂ ਦੀ ਸਾਜ਼ਿਸ਼ ਹੈ। ਉਨ੍ਹਾਂ ਕਿਹਾ ਕਿ ਉੱਝ ਵੀ ਇਹਨਾਂ ਲੋਕਾਂ ਵਲੋਂ ਲਾਲ ਕਿਲ੍ਹੇ ਉਤੇ ਜਿਹੜਾ ਝੰਡਾ ਫਹਿਰਾਇਆ ਗਿਆ ਉਹ ਖਾਲਿਸਤਾਨੀ ਨਹੀਂ ਬਲਕਿ ਖਾਲਸਾ ਪੰਥ ਦਾ ਝੰਡਾ ਹੈ ਅਤੇ ਇੱਥੇ ਕਿਸੇ ਵੀ ਤਰੀਕੇ ਨਾਲ ਰਾਸ਼ਟਰੀ ਝੰਡੇ ਦੀ ਬੇਅਦਬੀ ਨਹੀਂ ਕੀਤੀ ਗਈ।

ਉਨ੍ਹਾਂ ਕਿਹਾ ਕਿ ਦੀਪ ਸਿੱਧੂ ਵਰਗੇ ਬੰਦੇ ਭਾਰਤੀ ਜਨਤਾ ਪਾਰਟੀ ਦੇ ਕਾਰਕੁੰਨ ਹਨ ਅਤੇ ਉਨ੍ਹਾਂ ਨੇ ਕਿਸਾਨੀ ਸੰਘਰਸ਼ ਨੂੰ ਢਾਹ ਲਗਾਉਣ ਅਤੇ ਤਾਰਪੀਡੋ ਕਰਨ ਲਈ ਵਿਉਂਤਬੰਦੀ ਕੀਤੀ ਜਿਸ ਨੂੰ ਭਾਜਪਾ ਦਾ ਪੂਰਾ ਸਮਰਥਨ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਹੋ ਰਹੇ ਲਾਠੀਚਾਰਜ ਦੇ ਦੌਰਾਨ ਵੀ ਕਿਸਾਨਾਂ ਨੇ ਇਕ ਔਰਤ ਪੁਲੀਸ ਕਾਂਸਟੇਬਲ ਨੂੰ ਬਚਾਇਆ ਅਤੇ ਇਹ ਗੱਲ ਵੀ ਦੇਖਣ ਵਿੱਚ ਆਈ ਕਿਸਾਨਾਂ ਨੇ ਪੁਲੀਸ ਤੇ ਹਮਲਾ ਕਰਨ ਤੋਂ ਗੁਰੇਜ਼ ਕੀਤਾ ਜਦੋਂ ਕਿ ਪੁਲੀਸ ਨੇ ਉਨ੍ਹਾਂ ਤੇ ਭਰਪੂਰ ਲਾਠੀਚਾਰਜ ਕੀਤਾ ਅਤੇ ਇੱਕ ਨੌਜਵਾਨ ਦੀ ਮੌਤ ਵੀ ਹੋਈ।

ਇਸ ਮੌਕੇ ਭਾਰਤੀ ਜਨਤਾ ਪਾਰਟੀ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਗਈ ਕੇਂਦਰ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਲਵੇ। ਉਨ੍ਹਾਂ ਕਿਹਾ ਕਿ ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਕਿਸਾਨਾਂ ਦੇ ਸੰਘਰਸ਼ ਵਿੱਚ ਉਨ੍ਹਾਂ ਦੇ ਨਾਲ ਖੜ੍ਹਾ ਹੈ।

Leave a Reply

Your email address will not be published. Required fields are marked *