ਭਾਜਪਾ ਵਲੋਂ ਪੀਡੀਪੀ ਨਾਲ ਤੋੜ ਵਿਛੋੜਾ ਕਰਨ ਅਤੇ ਗਵਰਨਰ ਰਾਜ ਨਾਲ ਸੁਧਰਣਗੇ ਕਸ਼ਮੀਰ ਦੇ ਹਾਲਾਤ?

ਜਿਸ ਗੱਲ ਦੀ ਸੰਭਾਵਨਾ ਸੀ, ਜੰਮੂ – ਕਸ਼ਮੀਰ ਵਿੱਚ ਉਹੀ ਹੋਇਆ| ਭਾਜਪਾ – ਪੀਡੀਪੀ ਸਰਕਾਰ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੀ| ਫੌਜ ਅਤੇ ਕੇਂਦਰੀ ਸੁਰੱਖਿਆ ਦਸਤਿਆਂ ਦੀ ਅੱਤਵਾਦੀਆਂ ਦੇ ਖਿਲਾਫ ਮੁਹਿੰਮ ਦੇ ਕਾਰਨ ਠੀਕ ਨਤੀਜੇ ਦੇਖਣ ਨੂੰ ਨਹੀਂ ਮਿਲੇ, ਕਿਉਂਕਿ ਮੁੱਖਮੰਤਰੀ ਮਹਿਬੂਬਾ ਮੁਫਤੀ ਦੂਜਾ ਹੀ ਰਾਗ ਅਲਾਪਦੀ ਰਹੀ| ਹਜਾਰਾਂ ਉਨ੍ਹਾਂ ਪੱਥਰਬਾਜਾਂ ਤੋਂ ਵੀ ਮੁਕੱਦਮੇ ਵਾਪਸ ਲੈ ਕੇ ਉਨ੍ਹਾਂ ਨੂੰ ਸਰਕਾਰ ਨੇ ਰਿਹਾ ਕਰ ਦਿੱਤਾ, ਜਿਨ੍ਹਾਂ ਨੂੰ ਰਾਜ ਦੇ ਦੱਖਣ ਜਿਲ੍ਹਿਆਂ ਤੋਂ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਸੀ| ਕੇਂਦਰ ਦੀ ਐਨ ਡੀ ਏ ਸਰਕਾਰ ਨੇ ਵੱਖਵਾਦੀਆਂ ਸਮੇਤ ਸਾਰੇ ਪੱਖਾਂ ਨਾਲ ਗੱਲਬਾਤ ਲਈ ਵਾਰਤਾਕਾਰ ਵੀ ਘਾਟੀ ਭੇਜਿਆ ਪਰ ਉਸਦੇ ਵੀ ਸਹੀ ਨਤੀਜੇ ਨਹੀਂ ਨਿਕਲੇ| ਖੁਦ ਪ੍ਰਧਾਨਮੰਤਰੀ ਮੋਦੀ ਨੇ ਆਪਣੇ ਸਹੁੰ ਚੁੱਕ ਸਮਾਰੋਹ ਵਿੱਚ ਉਸ ਸਮੇਂ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੂੰ ਸੱਦਾ ਦਿੱਤਾ ਅਤੇ ਰੂਸ ਅਤੇ ਅਫਗਾਨਿਸਤਾਨ ਦੀ ਯਾਤਰਾ ਤੋਂ ਦਿੱਲੀ ਆਉਂਦੇ ਹੋਏ ਲਾਹੌਰ ਰੁਕ ਕੇ ਆਪਸੀ ਵਿਸ਼ਵਾਸ ਬਹਾਲੀ ਦੀ ਦਿਸ਼ਾ ਵਿੱਚ ਠੋਸ ਕਦਮ ਵੀ ਉਠਾਇਆ ਪਰ ਪਹਿਲਾਂ ਪਠਾਨਕੋਟ ਏਅਰਬੇਸ ਅਤੇ ਉਸ ਤੋਂ ਬਾਅਦ ਉੜੀ ਸੈਕਟਰ ਵਿੱਚ ਫੌਜ ਦੇ ਕੈਂਪ ਤੇ ਅੱਤਵਾਦੀ ਵਾਰਦਾਤ ਕਰਵਾ ਕੇ ਪਾਕਿਸਤਾਨੀ ਫੌਜ ਅਤੇ ਅੱਤਵਾਦੀ ਜਮਾਤਾਂ ਨੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਵਿੱਚ ਪਲੀਤਾ ਲਗਾਉਣ ਦਾ ਕੰਮ ਕੀਤਾ| ਘਾਟੀ ਵਿੱਚ ਲਗਾਤਾਰ ਅੱਤਵਾਦੀ ਵਾਰਦਾਤਾਂ ਕਰਵਾ ਕੇ ਉਸਨੂੰ ਭੱਖਾ ਕੇ ਰੱਖਿਆ| ਫੌਜ ਅਤੇ ਕੇਂਦਰੀ ਦਸਤਿਆਂ ਤੇ ਲਗਾਤਾਰ ਪੱਥਰਬਾਜੀ ਕਰਾ ਕੇ ਅਜਿਹਾ ਮਾਹੌਲ ਪੈਦਾ ਕਰ ਦਿੱਤਾ ਕਿ ਗੱਲਬਾਤ ਦੀ ਗੁੰਜਾਇਸ਼ ਖਤਮ ਹੋ ਜਾਵੇ| ਪਿਛਲੇ ਤਿੰਨ ਸਾਲ ਵਿੱਚ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਵਿੱਚ ਵਿਕਾਸ ਯੋਜਨਾਵਾਂ ਲਈ ਬਾਈ ਹਜਾਰ ਕਰੋੜ ਦੀ ਧਨਰਾਸ਼ੀ ਜਾਰੀ ਕੀਤੀ ਹੈ ਤਾਂ ਕਿ ਰਾਜ ਵਿਕਾਸ ਦੀ ਦੌੜ ਵਿੱਚ ਪਿੱਛੇ ਨਾ ਰਹਿ ਜਾਵੇ| ਇਸ ਵਿੱਚ ਕਈ ਯੋਜਨਾਵਾਂ ਸਿਰੇ ਵੀ ਚੜ੍ਹੀਆਂ ਹਨ ਪਰ ਜੋ ਪਹਿਲਾਂ ਕਦੇ ਨਹੀਂ ਹੋਇਆ, ਜਦੋਂ ਉਹ ਘਟਨਾਵਾਂ ਵਾਪਰਨ ਲੱਗੀਆਂ ਤਾਂ ਪੀਡੀਪੀ ਦੇ ਨਾਲ ਰਾਜ ਦੀ ਸੱਤਾ ਵਿੱਚ ਸ਼ਾਮਿਲ ਭਾਰਤੀ ਜਨਤਾ ਪਾਰਟੀ ਨੂੰ ਸਖ਼ਤ ਕਦਮ ਅਪਨਾਉਣਾ ਪਿਆ| ਮਹਿਬੂਬਾ ਮੁਫਤੀ ਦੀ ਜਿਦ ਤੇ ਹੀ ਗ੍ਰਹਿ ਮੰਤਰਾਲੇ ਨੇ ਰਮਜਾਨ ਦੇ ਦੌਰਾਨ ਘਾਟੀ ਵਿੱਚ ਆਪਰੇਸ਼ਨ ਆਲ ਆਉਟ ਨੂੰ ਮੁਲਤਵੀ ਕਰਕੇ ਜੰਗਬੰਦੀ ਲਾਗੂ ਕਰਨ ਦਾ ਐਲਾਨ ਕੀਤਾ ਪਰ ਇਸ ਦੌਰਾਨ ਵੀ ਨਾ ਸਿਰਫ ਪੱਥਰਬਾਜੀ ਜਾਰੀ ਰਹੀ ਬਲਕਿ ਅੱਤਵਾਦੀ ਵਾਰਦਾਤਾਂ ਵੀ ਜਾਰੀ ਰਹੀਆਂ| ਇੱਕ ਸੀਨੀਅਰ ਪੱਤਰਕਾਰ ਦੀ ਹੱਤਿਆ ਸਮੇਤ ਕਈ ਅਜਿਹੀਆਂ ਵੱਡੀਆਂ ਵਾਰਦਾਤਾਂ ਉੱਥੇ ਵਾਪਰੀਆਂ, ਜਿਨ੍ਹਾਂ ਤੋਂ ਬਾਅਦ ਇਸ ਵਿੱਚ ਕੋਈ ਸ਼ੱਕ ਨਹੀਂ ਰਹਿ ਗਿਆ ਕਿ ਮਹਿਬੂਬਾ ਸਰਕਾਰ ਅਤੇ ਰਾਜ ਦੀ ਪੁਲੀਸ ਸਖਤੀ ਦੇ ਮੂਡ ਵਿੱਚ ਹੀ ਨਹੀਂ ਹੈ|
ਸੀਜ ਫਾਇਰ ਤੇ ਪੂਰੇ ਦੇਸ਼ ਵਿੱਚ ਤਿੱਖੀ ਪ੍ਰਤੀਕ੍ਰਿਆ ਦੇਖਣ ਨੂੰ ਮਿਲੀ ਸੀ| ਇਸ ਨਾਲ ਖਾਸ ਕਰਕੇ ਜੰਮੂ ਅਤੇ ਲੱਦਾਖ ਖੇਤਰ ਵਿੱਚ ਵੀ ਭਾਜਪਾ ਨੂੰ ਲੋਕਾਂ ਦੀ ਨਾਰਾਜਗੀ ਦਾ ਸਾਹਮਣਾ ਕਰਨਾ ਪੈ ਸਕਦਾ ਸੀ| ਮੁੱਖ ਮੰਤਰੀ ਮਹਿਬੂਬਾ ਮੁਫਤੀ ਇਸ ਸਭ ਦੇ ਬਾਵਜੂਦ ਚਾਹੁੰਦੀ ਸੀ ਕਿ ਸੀਜ ਫਾਇਰ ਵਾਪਸ ਨਹੀਂ ਲਿਆ ਜਾਵੇ| ਇਸ ਤੋਂ ਇਲਾਵਾ ਵੀ ਕਈ ਦੂਜੇ ਮਸਲੇ ਸਨ , ਜਿਨ੍ਹਾਂ ਨੂੰ ਲੈ ਕੇ ਭਾਜਪਾ – ਪੀਡੀਪੀ ਵਿੱਚ ਕਦੇ ਸਹਿਮਤੀ ਬਣ ਹੀ ਨਹੀਂ ਪਾਈ| ਜਿਸ ਤਰ੍ਹਾਂ ਸਰਹੱਦ ਪਾਰ ਤੋਂ ਰੋਜਾਨਾ ਨਵੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ ਅਤੇ ਅਮਰਨਾਥ ਯਾਤਰਾ ਤੇ ਹਮਲੇ ਦੇ ਜਿਹੋ ਜਿਹੇ ਇਨਪੁਟ ਮਿਲ ਰਹੇ ਹਨ , ਉਨ੍ਹਾਂ ਨੂੰ ਦੇਖਦੇ ਹੋਏ ਭਾਜਪਾ ਦੇ ਸਾਹਮਣੇ ਇਸ ਤੋਂ ਇਲਾਵਾ ਕੋਈ ਚਾਰਾ ਬਚਿਆ ਨਹੀਂ ਸੀ ਕਿ ਤਿੰਨ ਸਾਲ ਪੁਰਾਣੇ ਗੱਠਜੋੜ ਤੋਂ ਬਾਹਰ ਆਇਆ ਜਾਵੇ ਅਤੇ ਜੰਮੂ- ਕਸ਼ਮੀਰ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਕੇ ਫੌਜ ਅਤੇ ਸੁਰੱਖਿਆ ਦਸਤਿਆਂ ਨੂੰ ਖੁੱਲੀ ਛੂਟ ਦਿੱਤੀ ਜਾਵੇ ਤਾਂ ਕਿ ਪੱਥਰਬਾਜਾਂ ਤੋਂ ਲੈ ਕੇ ਉਨ੍ਹਾਂ ਸਭ ਅੱਤਵਾਦੀ ਜਮਾਤਾਂ ਨੂੰ ਠਿਕਾਣੇ ਲਗਾਇਆ ਜਾ ਸਕੇ, ਜਿਨ੍ਹਾਂ ਨੂੰ ਕਿਤੇ ਨਾ ਕਿਤੇ ਮਹਿਬੂਬਾ ਮੁਫਤੀ ਦੇ ਮੁੱਖਮੰਤਰੀ ਰਹਿੰਦੇ, ਥੋੜ੍ਹੀ ਛੂਟ ਅਤੇ ਖੁੱਲ ਮਿਲ ਰਹੀ ਸੀ| ਜਾਹਿਰ ਹੈ, ਹੁਣ ਰਾਜਪਾਲ ਸ਼ਾਸਨ ਵਿੱਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਛੂਟ ਨਹੀਂ ਮਿਲੇਗੀ| ਜੋ ਵੀ ਤੱਤ ਘਾਟੀ ਨੂੰ ਭਖਾਉਂਦੇ ਰਹੇ ਹਨ, ਉਨ੍ਹਾਂ ਉਤੇ ਵੀ ਠੀਕ ਤਰ੍ਹਾਂ ਨਜ਼ਰਾਂ ਕਸੀਆਂ ਜਾ ਸਕਣਗੀਆਂ| ਹਾਲਾਂਕਿ ਪਹਿਲੀ ਵਾਰ ਜੰਮੂ-ਕਸ਼ਮੀਰ ਸਰਕਾਰ ਦਾ ਹਿੱਸਾ ਬਣੀ ਭਾਜਪਾ ਲਈ ਸਰਕਾਰ ਦੇ ਟੁੱਟਣ ਦਾ ਫੈਸਲਾ ਆਸਾਨ ਨਹੀਂ ਸੀ ਪਰ ਪਾਕਿਸਤਾਨ ਨੇ ਅੱਤਵਾਦੀ ਜਮਾਤਾਂ ਅਤੇ ਵੱਖਵਾਦੀਆਂ ਰਾਹੀਂ ਉਥੇ ਜਿਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿੱਤੇ ਸਨ, ਉਨ੍ਹਾਂ ਵਿੱਚ ਮਹਿਬੂਬਾ ਮੁਫਤੀ ਦੇ ਮੁੱਖਮੰਤਰੀ ਰਹਿੰਦੇ , ਸੁਧਾਰ ਕਰਨਾ ਸੰਭਵ ਨਹੀਂ ਰਹਿ ਗਿਆ ਸੀ| ਮਹਿਬੂਬਾ ਹੁਣ ਭਾਵੇਂ ਹੀ ਇਹ ਬਹਾਨਾ ਕਰੇ ਕਿ ਕੇਂਦਰ ਨੇ ਗੱਲਬਾਤ ਦੀ ਕੋਸ਼ਿਸ਼ ਨਹੀਂ ਕੀਤੀ| ਹਾਲਾਤ ਇਹ ਹਨ ਕਿ ਨਵਾਜ ਸ਼ਰੀਫ ਤੋਂ ਲੈ ਕੇ ਵੱਖਵਾਦੀਆਂ ਤੱਕ ਨਾਲ ਗੱਲਬਾਤ ਦੇ ਹਰ ਸੰਭਵ ਯਤਨ ਕੀਤੇ ਗਏ ਪਰ ਜੋ ਤੱਤ ਘਾਟੀ ਵਿੱਚ ਸ਼ਾਂਤੀ ਦਾ ਵਿਰੋਧ ਕਰਕੇ ਆਪਣੇ ਖਾਸ ਏਜੰਡੇ ਤੇ ਕੰਮ ਕਰਦੇ ਰਹੇ ਹਨ, ਉਨ੍ਹਾਂ ਨੇ ਇਹਨਾਂ ਯਤਨਾਂ ਨੂੰ ਸਿਰੇ ਹੀ ਨਹੀਂ ਚੜ੍ਹਨ ਦਿੱਤਾ| ਜਾਹਿਰ ਹੈ, ਹੁਣ ਉਥੇ ਸ਼ਾਂਤੀ ਬਹਾਲ ਕਰਨ ਦਾ ਦੂਜਾ ਰਸਤਾ ਹੈ, ਜਿਸ ਤੇ ਤੇਜੀ ਨਾਲ ਅਤੇ ਸਮਝਦਾਰੀ ਨਾਲ ਅੱਗੇ ਵਧਣਾ ਪਵੇਗਾ| ਪਿਛਲੇ ਤਿੰਨ-ਚਾਰ ਸਾਲ ਵਿੱਚ ਛੇ ਸੌ ਤੋਂ ਜ਼ਿਆਦਾ ਅੱਤਵਾਦੀਆਂ ਨੂੰ ਉੱਥੇ ਠਿਕਾਨੇ ਲਗਾਇਆ ਗਿਆ ਹੈ| ਇਸ ਮੁਹਿੰਮ ਨੂੰ ਸਖਤੀ ਨਾਲ ਜਾਰੀ ਰੱਖਣਾ ਪਵੇਗਾ| ਉਦੋਂ ਸਰਹੱਦ ਪਾਰ ਦੀਆਂ ਸਾਜਿਸ਼ਾਂ ਨੂੰ ਅਸਫਲ ਕਰਕੇ ਉਥੇ ਸ਼ਾਂਤੀ ਅਤੇ ਵਿਕਾਸ ਦੀ ਦਿਸ਼ਾ ਵਿੱਚ ਵਧਿਆ ਜਾ ਸਕਦਾ ਹੈ|
ਮਨੋਜ ਕੁਮਾਰ

Leave a Reply

Your email address will not be published. Required fields are marked *