ਭਾਰਤੀਆਂ ਲਈ ਅਮਰੀਕਾ ਜਾਣਾ ਹੋਇਆ ਹੋਰ ਔਖਾ

ਅਮਰੀਕੀ ਸਰਕਾਰ ਭਾਰਤੀ ਆਈਟੀ ਸੈਕਟਰ ਉਤੇ ਇੱਕ ਹੋਰ ਹਥੌੜਾ ਚਲਾਉਣ ਜਾ ਰਹੀ ਹੈ| ਐਚ – 1 ਬੀ ਵੀਜਾ ਵਿੱਚ ਕਈ ਬਦਲਾਓ ਕਰਨ ਤੋਂ ਬਾਅਦ ਟਰੰਪ ਪ੍ਰਸ਼ਾਸਨ ਹੁਣ ਐਚ – 4 ਵੀਜਾਧਾਰਕਾਂ ਨੂੰ ਕੰਮ ਕਰਨ ਦੀ ਆਗਿਆ ਦੇਣ ਵਾਲਾ ਅਧਿਨਿਯਮ ਖ਼ਤਮ ਕਰਨ ਤੇ ਵਿਚਾਰ ਕਰ ਰਿਹਾ ਹੈ| ਐਚ-4 ਵੀਜਾ ਐਚ-1 ਬੀ ਵੀਜਾਧਾਰਕਾਂ ਦੇ ਪਤੀ ਜਾਂ ਪਤਨੀ ਨੂੰ ਦਿੱਤਾ ਜਾਂਦਾ ਹੈ| ਓਬਾਮਾ ਸਰਕਾਰ ਨੇ ਐਚ-4 ਵੀਜਾਧਾਰਕਾਂ ਨੂੰ ਵਰਕ ਪਰਮਿਟ ਦਿੱਤਾ ਸੀ| ਇਸਤੋਂ ਪਹਿਲਾਂ ਉਹ ਉਥੇ ਨੌਕਰੀ ਨਹੀਂ ਕਰ ਸਕਦੇ ਸਨ| ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੀ ਹਾਲ ਦੀ ਸਟਡੀ ਦੇ ਮੁਤਾਬਕ ਅਮਰੀਕਾ ਨੇ ਐਚ-1 ਬੀ ਵੀਜਾਹੋਲਡਰਸ ਦੇ 71, 000 ਤੋਂ ਜ਼ਿਆਦਾ ਜੀਵਨਸਾਥੀਆਂ ਨੂੰ ਇੰਪਲਾਇਮੈਂਟ ਆਥਰਾਈਜੇਸ਼ਨ ਡਾਕੂਮੈਂਟਸ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚ 90 ਫੀਸਦੀ ਭਾਰਤੀ ਹਨ| ਉਥੇ ਆਈਟੀ ਪ੍ਰਫੈਸ਼ਨਲਾਂ ਨੂੰ ਕਈ ਵਾਰ ਅਸਥਾਈ ਬੇਰੁਜਗਾਰੀ ਦਾ ਵੀ ਸਾਮ੍ਹਣਾ ਕਰਨਾ ਪੈਂਦਾ ਹੈ| ਅਜਿਹੇ ਵਿੱਚ ਜੀਵਨਸਾਥੀ ਦੇ ਕੋਲ ਕੋਈ ਰੋਜਗਾਰ ਹੋਵੇ ਤਾਂ ਪਰਿਵਾਰ ਨੂੰ ਆਰਥਿਕ ਸੰਕਟ ਨਹੀਂ ਝੱਲਣਾ ਪੈਂਦਾ| ਇਹ ਸਹੂਲਤ ਹੁਣ ਅਚਾਨਕ ਖਤਮ ਹੋ ਜਾਵੇਗੀ| ਟਰੰਪ ਅਜਿਹੇ ਫੈਸਲੇ ‘ਅਮਰੀਕਾ ਫਰਸਟ’ ਦੀ ਨੀਤੀ ਦੇ ਤਹਿਤ ਆਪਣੇ ਵੋਟਰਾਂ ਨੂੰ ਲੁਭਾਉਣ ਲਈ ਕਰ ਰਹੇ ਹਨ ਪਰੰਤੂ ਅਮਰੀਕੀ ਅਰਥ ਵਿਵਸਥਾ ਉਤੇ ਇਨ੍ਹਾਂ ਦਾ ਘਾਤਕ ਅਸਰ ਪੈ ਸਕਦਾ ਹੈ | ਇਹੀ ਕਾਰਨ ਹੈ ਕਿ ਕਈ ਵੱਡੇ ਅਮਰੀਕੀ ਉੱਦਮੀ ਅਤੇ ਨਾਮੀ – ਗਿਰਾਮੀ ਲੋਕ ਉਨ੍ਹਾਂ ਦੀ ਵੀਜਾ ਨੀਤੀ ਦਾ ਵਿਰੋਧ ਕਰਦੇ ਰਹੇ ਹਨ| ਫੇਸਬੁਕ , ਗੂਗਲ ਅਤੇ ਮਾਈਕਰੋਸਾਫਟ ਸਮੇਤ ਕਈ ਵੱਡੀਆਂ ਆਈਟੀ ਕੰਪਨੀਆਂ ਨੇ ਟਰੰਪ ਦੇ ਤਾਜ਼ਾ ਪ੍ਰਸਤਾਵ ਨੂੰ ਅਮਰੀਕੀ ਹਿਤਾਂ ਲਈ ਨੁਕਸਾਨਦੇਹ ਦੱਸਿਆ ਹੈ| ਉਨ੍ਹਾਂ ਦਾ ਕਹਿਣਾ ਹੈ ਕਿ ਇਸ ਫੈਸਲੇ ਨਾਲ ਅਮਰੀਕਾ ਵਿੱਚ ਕੰਮ ਕਰ ਰਹੇ ਲੱਖਾਂ ਲੋਕ ਦੇਸ਼ ਛੱਡਣ ਨੂੰ ਮਜਬੂਰ ਹੋਣਗੇ, ਜਿਸਦਾ ਸਿੱਧਾ ਅਸਰ ਦੇਸ਼ ਦੀ ਇਕਾਨਮੀ ਤੇ ਪਵੇਗਾ| ਬਹਿਰਹਾਲ, ਸਾਨੂੰ ਇਸ ਤੋਂ ਪ੍ਰੇਸ਼ਾਨ ਹੋਣ ਦੀ ਬਜਾਏ ਵੀਜਾ ਦੀਆਂ ਧਮਕੀਆਂ ਦਾ ਕੋਈ ਸਥਾਈ ਹੱਲ ਲੱਭਣਾ ਚਾਹੀਦਾ ਹੈ| ਇਸ ਸੰਕਟ ਨੂੰ ਸਾਨੂੰ ਇੱਕ ਮੌਕੇ ਵਿੱਚ ਬਦਲਨਾ ਪਵੇਗਾ| ਭਾਰਤੀ ਕੰਪਨੀਆਂ ਨੂੰ ਹਰ ਮਤਲਬ ਵਿੱਚ ਆਪਣਾ ਦਾਇਰਾ ਵਧਾਉਣਾ ਚਾਹੀਦਾ ਹੈ | ਜੋ ਕੰਪਨੀਆਂ ਸੇਵਾ ਖੇਤਰ ਵਿੱਚ ਕੰਮ ਕਰ ਰਹੀਆਂ ਹਨ, ਉਹ ਪ੍ਰੋਡੈਕਟ ਅਤੇ ਪਲੈਟਫਾਰਮ ਬਣਾਉਣ ਵਿੱਚ ਉਤਰਨ ਤਾਂ ਵੱਡੇ ਪੈਮਾਨੇ ਤੇ ਰੁਜਗਾਰ ਪੈਦਾ ਹੋਣਗੇ| ਭਾਰਤ ਇਸ ਮਾਮਲੇ ਵਿੱਚ ਚੀਨ ਤੋਂ ਸਿੱਖ ਸਕਦਾ ਹੈ, ਜਿਨ੍ਹਾਂ ਨੇ ਗੂਗਲ ਅਤੇ ਫੇਸਬੁਕ ਨੂੰ ਬਲਾਕ ਕਰਕੇ ਬਾਇਡੂ, ਵੀਚੈਟ, ਵੀਬੋ ਅਤੇ ਅਲੀਬਾਬਾ ਵਰਗੀਆਂ ਆਪਣੀ ਕੰਪਨੀਆਂ ਨੂੰ ਉਨ੍ਹਾਂ ਦੀ ਟੱਕਰ ਵਿੱਚ ਲਿਆ ਦਿੱਤਾ| ਅੱਜ ਭਾਰਤ ਦੇ ਡਿਜੀਟਲ ਇਸ਼ਤਿਹਾਰਾਂ ਉਤੇ ਗੂਗਲ ਅਤੇ ਫੇਸਬੁਕ ਦਾ ਦਬਦਬਾ ਹੈ| ਅਖੀਰ ਅਸੀਂ ਕਦੋਂ ਤੱਕ ਅਮਰੀਕੀ ਟੇਕ ਕੰਪਨੀਆਂ ਦੀ ਡਿਜੀਟਲ ਕਲੋਨੀ ਬਣੇ ਰਹਾਂਗੇ| ਸਾਨੂੰ ਭਾਰਤੀ ਸਟਾਰਟਅਪ ਕੰਪਨੀਆਂ ਨੂੰ ਬੜਾਵਾ ਦੇਣਾ ਪਵੇਗਾ, ਤਾਂ ਕਿ ਉਹ ਇਹਨਾਂ ਦੀ ਜਗ੍ਹਾ ਲੈ ਸਕਣ| ਦੇਸ਼ ਵਿੱਚ ਕੰਪਿਟਿਟਿਵ ਮਾਹੌਲ ਬਣੇ ਤਾਂ ਭਾਰਤੀ ਪ੍ਰਤਿਭਾਵਾਂ ਅੱਗੇ ਵਧੇਗੀ| ਸਟਾਰਟਅਪ ਇੰਡੀਆ ਅਤੇ ਡਿਜੀਟਲ ਇੰਡੀਆ ਨੂੰ ਵਿਆਪਕ ਪੈਮਾਨੇ ਤੇ ਜ਼ਮੀਨ ਉਤੇ ਉਤਾਰਣ ਲਈ ਸਰਕਾਰ ਨੂੰ ਵੀ ਅੱਗੇ ਆਉਣਾ ਪਵੇਗਾ| ਪੂਰੀ ਤਿਆਰੀ ਦੇ ਨਾਲ ਅਸੀਂ ਇਸ ਕੰਮ ਵਿੱਚ ਉਤਰੀਏ ਤਾਂ ਅਗਲੇ ਕੁੱਝ ਸਾਲਾਂ ਵਿੱਚ ਭਾਰਤੀ ਪ੍ਰਫੈਸ਼ਨਲਸ ਨੂੰ ਕਦੇ ਇਸ ਤਾਂ ਕਦੇ ਉਸ ਦੇਸ਼ ਵਿੱਚ ਵੀਜਾ ਕਟੌਤੀ ਦੇ ਖੌਫ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਜਾਵੇਗਾ|
ਪਵਨ ਮਹਿਤਾ

Leave a Reply

Your email address will not be published. Required fields are marked *