ਭਾਰਤੀ ਅਧਿਕਾਰੀ ਲੰਡਨ ਆ ਕੇ ਮੇਰੇ ਤੋਂ ਪੁੱਛਗਿੱਛ ਕਰਨ : ਵਿਜੇ ਮਾਲਿਆ

ਲੰਡਨ, 21 ਜੁਲਾਈ (ਸ.ਬ.) ਵਿਵਾਦਤ ਕਾਰੋਬਾਰੀ ਵਿਜੇ ਮਾਲਿਆ ਨੇ ਭਾਰਤੀ ਅਧਿਕਾਰੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ ਕਿ ਉਹ ਲੰਡਨ ਆ ਕੇ ਉਸ ਤੋਂ ਕਿਸੇ ਵੀ ਸਮੇਂ ਪੁੱਛਗਿੱਛ ਕਰ ਸਕਦੇ ਹਨ| ਉਸ ਨੇ ਭਾਰਤੀ ਅਧਿਕਾਰੀਆਂ ਤੇ ਦੋਸ਼ ਲਗਾਇਆ ਕਿ ਉਹ ਉਸ ਦੀ ਖੋਜ ਕਿਸੇ ਸ਼ੱਕੀ ਵਿਅਕਤੀ ਵਾਂਗ ਕਰ ਰਹੇ ਹਨ ਜਦੋਂ ਕਿ ਉਹ ਉਨ੍ਹਾਂ ਨੂੰ ਖੁਦ ਸੱਦਾ ਦੇ ਰਿਹਾ ਹੈ| ਮਾਲਿਆ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕੁਝ ਵੀ ਛਿਪਾਇਆ ਨਹੀਂ ਹੈ|
‘ਆਟੋਸਪੋਰਟ’ ਵਿਚ ਪ੍ਰਕਾਸ਼ਤ ਇਕ ਇੰਟਰਵਿਊ ਵਿਚ ਮਾਲਿਆ ਨੇ ਕਿਹਾ ਕਿ ਭਾਰਤ ਵਿਚ ਉਸ ਦਾ ਆਉਣਾ ਅਸੰਭਵ ਹੈ| ਮਾਲਿਆ ਨੇ ਕਿਹਾ ਕਿ ਭਾਰਤੀ ਅਧਿਕਾਰੀ ਕਿੰਗਫਿਸ਼ਰ ਦੇ ਕਈ ਅਧਿਕਾਰੀਆਂ ਤੱਕ ਪਹੁੰਚ ਚੁੱਕੇ ਹਨ| ਉਨ੍ਹਾਂ ਨੇ ਮੇਰੇ ਖਿਲਾਫ ਹਜ਼ਾਰਾਂ ਦਸਤਾਵੇਜ਼ ਇਕੱਠੇ ਕਰ ਲਏ ਹਨ ਪਰ ਜੋ ਮੇਰੇ ਤੋਂ ਪੁੱਛਗਿੱਛ ਕਰਨ ਦਾ ਜੋ ਸਿੱਧਾ ਰਸਤਾ ਹੈ, ਉਹ ਉਸ ਵੱਲ ਧਿਆਨ ਨਹੀਂ ਦੇ ਰਹੇ| ਮਾਲਿਆ ਨੇ ਕਿਹਾ ਕਿ ਜੇ ਮੇਰੇ ਤੋਂ ਪੁੱਛਗਿੱਛ ਕਰਨੀ ਇੰਨੀਂ ਹੀ ਜ਼ਰੂਰੀ ਹੈ ਤਾਂ ਭਾਰਤੀ ਅਧਿਕਾਰੀ ਲੰਡਨ ਆ ਕੇ ਮੇਰੇ ਨਾਲ ਗੱਲ ਕਰਨ ਜਾਂ ਰੇਡੀਓ ਕਾਨਫਰੰਸ ਰਾਹੀਂ ਸੰਪਰਕ ਕਰਨ| ਉਸ ਨੇ ਕਿਹਾ ਕਿ ਭਾਰਤੀ ਅਧਿਕਾਰੀ ਈ-ਮੇਲ ਰਾਹੀਂ ਵੀ ਆਪਣੇ ਸਵਾਲ ਭੇਜ ਸਕਦੇ ਹਨ, ਮੈਂ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿਆਂਗਾ|
ਮਾਲਿਆ ਨੇ ਕਿਹਾ ਕਿ ਜੋ ਅਧਿਕਾਰੀ ਭਾਰਤ ਵਿਚ ਉਸ ਦੇ ਨਾ ਹੋਣ ‘ਤੇ ਹੋਰਾਂ ਤੋਂ ਪੁੱਛਗਿੱਛ ਕਰ ਰਹੇ ਹਨ, ਉਨ੍ਹਾਂ ਦਾ ਅਸਲ ਇਰਾਦਾ ਕੀ ਹੈ, ਇਹ ਗੱਲ ਪਰੇਸ਼ਾਨ ਕਰਨ ਵਾਲੀ ਹੈ| ਮਾਲਿਆ ‘ਤੇ ਭਾਰਤੀ ਬੈਂਕਾਂ ਦਾ 9000 ਕਰੋੜ ਰੁਪਏ ਦਾ ਕਰਜ਼ਾ ਹੈ| ਅਦਾਲਤ ਨੇ ਉਸ ਨੂੰ ਭਗੋੜਾ ਕਰਾਰ ਦਿੱਤਾ ਹੈ ਤੇ ਇਸ ਸਮੇਂ ਉਹ ਬ੍ਰਿਟੇਨ ਦੇ ਲੰਡਨ ਵਿਚ ਰਹਿ ਰਿਹਾ ਹੈ|

Leave a Reply

Your email address will not be published. Required fields are marked *