ਭਾਰਤੀ ਇੰਜੀਨੀਅਰ ਦਾ ਕਤਲ ਕਰਨ ਵਾਲੇ ਵਿਅਕਤੀ ਉੱਪਰ ਨਸਲੀ ਹਿੰਸਾ ਅਤੇ ਹਥਿਆਰ ਰੱਖਣ ਦੇ ਦੋਸ਼ ਤੈਅ

ਵਾਸ਼ਿੰਗਟਨ,  10 ਜੂਨ (ਸ.ਬ.) ਅਮਰੀਕਾ ਦੇ ਕੰਸਾਸ ਦੇ ਇਕ ਬਾਰ ਵਿੱਚ ਭਾਰਤੀ ਇੰਜੀਨੀਅਰ ਸ਼੍ਰੀਨਿਵਾਸ ਕੁਚੀਭੋਟਲਾ ਦੀ ਹੱਤਿਆ ਕਰਨ ਵਾਲੇ ਅਤੇ ਦੋ ਹੋਰਨਾਂ ਨੂੰ ਜ਼ਖਮੀ ਕਰਨ ਦੇ ਮੁੱਖੀ ਦੋਸ਼ੀ ਅਮਰੀਕੀ ਨਾਗਰਿਕ ਐਡਮ ਪਿਊਰਿਟਨ ਤੇ ਨਸਲੀ ਹਿੰਸਾ ਅਤੇ ਹਥਿਆਰ ਰੱਖਣ ਨੂੰ ਲੈ ਕੇ ਦੋਸ਼ ਲਾਏ ਗਏ ਹਨ| ਸੰਘੀ ਗ੍ਰੈਂਡ ਜੂਰੀ ਨੇ ਕੰਸਾਸ ਦੇ ਸ਼ਹਿਰ ਆਲਥੇ ਵਿੱਚ ਰਹਿਣ ਵਾਲੇ 51 ਸਾਲਾ ਐਡਮ ਤੇ ਦੋਸ਼ ਲਾਏ ਹਨ|
ਨਿਆਂ ਵਿਭਾਗ ਨੇ ਐਡਮ ਤੇ ਗੋਲੀਬਾਰੀ ਕਰਨ ਅਤੇ ਨਸਲ, ਰੰਗ, ਧਰਮ ਅਤੇ ਦੇਸ਼ ਦੇ ਆਧਾਰ ਤੇ ਭਾਰਤੀ ਇੰਜੀਨੀਅਰ ਸ਼੍ਰੀਨਿਵਾਸ ਦੀ ਹੱਤਿਆ ਕਰਨ ਅਤੇ ਇਕ ਹੋਰ ਭਾਰਤੀ ਆਲੋਕ ਮਦਾਸਾਨੀ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਾਏ ਹਨ|
ਜਿਕਰਯੋਗ ਹੈ ਕਿ ਬੀਤੀ 22 ਫਰਵਰੀ ਨੂੰ ਦੋਸ਼ੀ ਐਡਮ ਨੇ ਅਮਰੀਕਾ ਦੇ ਬਾਰ ਵਿੱਚ ਬੈਠੇ ਭਾਰਤੀ ਇੰਜੀਨੀਅਰਿੰਗ ਸ਼੍ਰੀਨਿਵਾਸ ਅਤੇ ਉਸ ਦੇ ਭਾਰਤੀ ਦੋਸਤ ਆਲੋਕ ਮਦਾਸਾਨੀ ਤੇ ਹਮਲਾ ਕਰ ਦਿੱਤਾ ਸੀ| ਉਸ ਨੇ ਦੋਹਾਂ ਭਾਰਤੀਆਂ ਤੇ ਚੀਕਦੇ ਹੋਏ ਕਿਹਾ ਸੀ ਉਸ ਦੇ ਦੇਸ਼ ਵਿੱਚੋਂ ਦਫਾ ਹੋ ਜਾਓ ਅਤੇ ਫਿਰ ਉਨ੍ਹਾਂ ਤੇ ਗੋਲੀਬਾਰੀ ਕਰ ਦਿੱਤੀ| 24 ਸਾਲਾ ਅਮਰੀਕੀ ਨਾਗਰਿਕ ਇਆਨ ਗ੍ਰਿਲਾਟ ਗੋਲੀਬਾਰੀ ਵਿੱਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਵਿੱਚ ਜ਼ਖਮੀ ਹੋ ਗਿਆ ਸੀ| ਜਾਣਕਾਰੀ ਮੁਤਾਬਕ ਐਡਮ ਨੂੰ ਮੌਤ ਜਾਂ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ| ਨਿਆਂ ਵਿਭਾਗ ਬਾਅਦ ਦੀ ਤਾਰੀਕ ਤੇ ਇਹ ਤੈਅ ਕਰੇਗਾ ਕਿ ਇਸ ਮਾਮਲੇ ਵਿੱਚ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜਾਂ ਉਮਰ ਕੈਦ|

Leave a Reply

Your email address will not be published. Required fields are marked *