ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦਾ ਵਫਦ ਖੇਤੀਬਾੜੀ ਡਾਇਰੈਕਟਰ ਨੂੰ ਮਿਲਿਆ

ਐਸ ਏ ਐਸ ਨਗਰ, 24 ਅਗਸਤ (ਸ.ਬ.) ਭਾਰਤੀ ਕਿਸਾਨ ਯੂਨੀਅਨ ਏਕਤਾ ( ਸਿੱਧੂਪੁਰ ) ਦਾ ਵਫਦ ਯੂਨੀਅਨ ਦੇ ਪੰਜਾਬ ਮੀਤ ਪ੍ਰਧਾਨ ਸ੍ਰ. ਮੇਹਰ ਸਿੰਘ ਥੇੜੀ ਦੀ ਅਗਵਾਈ ਵਿੱਚ ਡਾਇਰੈਕਟਰ ਖੇਤੀਬਾੜੀ ਪੰਜਾਬ ਨੂੰ ਮਿਲਿਆ ਅਤੇ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਕਿਸਾਨਾਂ ਨੂੰ ਪਰਾਲੀ ਅਤੇ ਹੋਰ ਰਹਿੰਦ ਖੂੰਹਦ ਸਾਂਭਣ ਲਈ ਸੰਦ ਲੈਣ ਵਾਸਤੇ ਦਿੱਤੀ ਜਾਣ ਵਾਲੀ ਸਬਸਿਡੀ ਦੇ ਤਰੀਕੇ ਵਿਚਲੀਆਂ ਖਾਮੀਆਂ ਦੂਰ ਕੀਤੀਆਂ ਜਾਣ|
ਇਸ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰ. ਥੇੜੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਫੈਸਲੇ ਅਨੁਸਾਰ ਖੇਤੀਬਾੜੀ ਮਹਿਕਮੇ ਵਲੋਂ ਕਿਸਾਨਾਂ ਨੂੰ ਪਰਾਲੀ ਅਤੇ ਹੋਰ ਰਹਿੰਦ ਖੂੰਹਦ ਨੂੰ ਸਾਂਭਣ ਲਈ ਸੰਦ ਲੈਣ ਵਾਸਤੇ ਸਬਸਿਡੀ ਦਿੱਤੀ ਜਾ ਰਹੀ ਹੈ, ਪਰ ਸਬਸਿਡੀ ਦੇਣ ਦੇ ਤਰੀਕੇ ਵਿੱਚ ਕਾਫੀ ਖਾਮੀਆਂ ਹਨ| ਜਿਹੜੇ ਸੰਦਾਂ ਉਪਰ ਸਬਸਿਡੀ ਦਿੱਤੀ ਜਾ ਰਹੀ ਹੈ, ਉਹ ਸੰਦ ਚਲਾਉਣ ਲਈ 50 ਹਾਰਸ ਪਾਵਰ ਦੇ ਟ੍ਰੈਕਟਰ ਹੋਣੇ ਜਰੂਰੀ ਹਨ, ਇਸ ਤੋਂ ਘੱਟ ਹਾਰਸ ਪਾਵਰ ਵਾਲਾ ਟ੍ਰੈਕਟਰ ਇਹਨਾਂ ਸੰਦਾਂ ਨੂੰ ਖਿੱਚਦਾ ਹੀ ਨਹੀਂ ਹੈ| ਉਹਨਾਂ ਕਿਹਾ ਕਿ ਛੋਟੇ ਕਿਸਾਨਾਂ ਕੋਲ 50 ਹਾਰਸ ਪਾਵਰ ਦੇ ਟ੍ਰੈਕਟਰ ਨਹੀਂ ਹਨ, ਇਸ ਲਈ ਉਹਨਾਂ ਨੂੰ ਕਿਰਾਏ ਉਪਰ ਹੀ ਇਹ ਸਾਰਾ ਕੰਮ ਕਰਵਾਉਣਾ ਪਵੇਗਾ, ਜਿਸ ਨਾਲ ਕਿਸਾਨਾਂ ਦਾ ਖਰਚਾ ਬਹੁਤ ਵੱਧ ਜਾਵੇਗਾ|
ਉਹਨਾਂ ਕਿਹਾ ਕਿ ਖੇਤੀਬਾੜੀ ਮਹਿਕਮੇ ਵਲੋਂ ਕੰਬਾਇਨਾਂ ਨੂੰ ਐਸ ਐਮ ਐਸ ਲਗਾਉਣ ਲਈ ਜੋ ਫਰਮਾਂ ਮਨਜੂਰ ਕੀਤੀਆਂ ਗਈਆਂ ਹਨ, ਉਹ ਬਹੁਤ ਮਹਿੰਗੇ ਭਾਅ ਇਹ ਐਸ ਐਮ ਐਸ ਲਗਾ ਰਹੀਆਂ ਹਨ| ਜਦੋਂਕਿ ਇਹਨਾਂ ਨਿਸ਼ਚਿਤ ਕੀਤੀਆਂ ਫਰਮਾਂ ਤੋਂ ਬਿਨਾਂ ਹੋਰ ਮਿਸਤਰੀ ਕੰਬਾਇਨਾਂ ਉਪਰ ਇਹਨਾਂ ਫਰਮਾਂ ਤੋਂ ਅੱਧੇ ਮੁੱਲ ਉਪਰ ਐਸ ਐਮ ਐਸ ਲਗਾ ਰਹੇ ਹਨ| ਜਿਹੜੇ ਕੰਬਾਇਨ ਮਾਲਕਾਂ ਨੇ ਕੰਬਾਇਨਾਂ ਉਪਰ ਐਸ ਐਮ ਐਸ ਲਗਾਇਆ ਹੋਇਆ ਹੈ ਉਹਨਾਂ ਨੇ ਪ੍ਰਤੀ ਏਕੜ ਫਸਲ ਦੀ ਕਟਾਈ ਦਾ ਰੇਟ ਵੀ ਵਧਾ ਦਿੱਤਾ ਹੈ| ਜਿਹੜੇ ਕਿਸਾਨਾਂ ਨੇ ਐਸ ਐਮ ਐਸ ਵਾਲੀਆਂ ਕੰਬਾਇਨਾਂ ਤੋਂ ਫਸਲ ਦੀ ਕਟਾਈ ਕਰਵਾਉਣੀ ਹੈ ਉਹਨਾਂ ਦਾ ਖਰਚਾ ਵੀ ਕਾਫੀ ਵੱਧ ਜਾਵੇਗਾ|
ਉਹਨਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਸਬਸਿਡੀ ਉਪਰ ਸੰਦ ਦੇਣ ਦੀ ਥਾਂ ਫਸਲ ਉਪਰ ਪ੍ਰਤੀ ਕੁਇੰਟਲ 200 ਰੁਪਏ ਜਾਂ ਪ੍ਰਤੀ ਏਕੜ ਪੰਜ ਹਜਾਰ ਰੁਪਏ ਸਬਸਿਡੀ ਦਿੱਤੀ ਜਾਵੇ ਤਾਂ ਕਿ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਦੀ ਲੋੜ ਹੀ ਨਾ ਪਵੇ|
ਇਸ ਮੌਕੇ ਯੂਨੀਅਨ ਦੇ ਸਕੱਤਰ ਪੰਜਾਬ ਜਸਵੀਰ ਸਿੰਘ ਸਿੱਧੂਪੁਰ, ਵਿੱਤ ਸਕੱਤਰ ਪੰਜਾਬ ਮਾਨ ਸਿੰਘ ਰਾਜਪੁਰਾ, ਜਨਰਲ ਸਕੱਤਰ ਜਿਲਾ ਫਤਹਿਗੜ੍ਹ ਸਾਹਿਬ ਸੁਰਿੰਦਰ ਸਿੰਘ ਲੁਹਾੜੀ, ਜਿਲਾ ਰੋਪੜ ਪ੍ਰਧਾਨ ਕੁਲਵਿੰਦਰ ਸਿੰਘ ਊਧਮ ਪੁਰ, ਮੁਹਾਲੀ ਪ੍ਰਧਾਨ ਰਵਿੰਦਰ ਸਿੰਘ ਦੇਹਕਲਾਂ, ਰੋਪੜ ਦੇ ਸਰਪ੍ਰਸਤ ਪਰਗਟ ਸਿੰਘ ਰੋਲੂ ਮਾਜਰਾ ਵੀ ਮੌਜੂਦ ਸਨ|

Leave a Reply

Your email address will not be published. Required fields are marked *