ਭਾਰਤੀ ਕਿਸਾਨ ਯੂਨੀਅਨ ਦਾ ਵਫਦ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੂੰ ਮਿਲਿਆ

ਐਸ ਏ ਐਸ ਨਗਰ, 8 ਅਕਤੂਬਰ (ਸ.ਬ.) ਭਾਰਤੀ ਕਿਸਾਨ ਯੂਨੀਅਨ ਦਾ ਇਕ ਵਫਦ  ਯੂਨੀਅਨ ਦੇ ਜਿਲਾ ਐਸ ਏ ਐਸ ਨਗਰ ਇਕਾਈ ਦੇ ਪ੍ਰਧਾਨ ਸ੍ਰੀ ਬਲਵੰਤ ਸਿੰਘ ਨੰਡਿਆਲੀ ਦੀ ਅਗਵਾਈ ਵਿੱਚ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਸ੍ਰੀ ਲਾਲ ਸਿੰਘ ਨੂੰ ਮਿਲਿਆ ਅਤੇ ਉਹਨਾਂ ਨੂੰਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਕਿਸਾਨਾਂ ਨੂੰ ਦਰਪੇਸ਼ ਮਸਲਿਆਂ ਨੂੰ ਹਲ ਕੀਤਾ ਜਾਵੇ| 
ਯੂਨੀਅਨ ਦੇ ਬੁਲਾਰੇ ਨੇ ਦਸਿਆ ਕਿ ਇਸ ਮੌਕੇ ਸ੍ਰੀ ਬਲਵੰਤ ਸਿੰਘ ਨੰਡਿਆਲੀ ਨੇ ਸ੍ਰ ਲਾਲ ਸਿੰਘ ਦੇ ਧਿਆਨ ਵਿਚ ਲਿਆਂਦਾ ਕਿ ਪੂਰੇ ਦੇਸ਼ ਵਿੱਚ ਸਮਾਨ ਤੋਲਣ ਲਈ ਇਲੈਕਟ੍ਰੋਨਿਕ ਕੰਡਿਆ ਦੀ ਵਰਤੋਂ ਹੋ ਰਹੀ ਹੈ, ਪਰ ਪੰਜਾਬ ਦੀਆਂ ਮੰਡੀਆਂ ਵਿਚ ਪਹਿਲਾਂ ਵਾਲੇ ਫਰਸੀ ਕੰਡੇ ਕਿਸਾਨਾਂ ਦੀ ਜਿਨਸ ਤੋਲਣ ਲਈ ਵਰਤੇ ਜਾ ਰਹੇ ਹਨ| ਇਸ ਲਈ ਮੰਡੀਆਂ ਵਿਚ ਕਿਸਾਨਾਂ ਦੀ ਜਿਨਸ ਤੋਲਣ ਲਈ ਇਲੈਕਟ੍ਰੌਨਿਕ ਕੰਡੇ ਵਰਤੇ ਜਾਣੇ ਯਕੀਣੀ ਬਣਾਏ ਜਾਣ| ਉਹਨਾਂ ਕਿਹਾ ਕਿ ਮੰਡੀਆਂ ਵਿਚ ਜਿਹੜੇ ਮਾਰਕੀਟ ਕਮੇਟੀਆਂ ਦੇ ਦਫਤਰ ਹਨ, ਉਹਨਾਂ ਦਾ ਨਾਮ ਪਹਿਲਾਂ ਕਿਸਾਨ ਆਰਾਮ ਘਰ ਹੁੰਦਾ ਸੀ, ਜਿਥੇ ਕਿ ਕਿਸਾਨ ਦੁੱਖ ਸੁੱਖ ਵਿਚ ਆਰਾਮ ਕਰ ਸਕਦਾ ਸੀ ਪਰ ਹੁਣ ਇਹਨਾਂ ਦਫਤਰਾਂ ਵਿਚ ਕੋਈ ਵੀ ਕਿਸਾਨ ਆਰਾਮ ਘਰ ਨਹੀਂ ਹੈ, ਇਸ ਲਈ ਹਰ ਮੰਡੀ ਵਿਚ ਕਿਸਾਨ ਆਰਾਮ ਘਰ ਜਰੂਰ ਬਣਾਏ ਜਾਣ| 
ਉਹਨਾਂ ਕਿਹਾ ਕਿ ਮੰਡੀਆ ਵਿਚ ਬਣੇ ਸ਼ੈਡਾਂ ਵਿਚ ਖਰੀਦ ਏਜੰਸੀਆਂ ਆਪ ਮਾਲ ਲਗਾ ਕੇ ਪੂਰਨ ਕਬਜਾ ਕਰ ਲੈਂਦੀਆਂ ਹਨ ਅਤੇ ਉਹਨਾਂ ਸ਼ੈਡਾਂ ਵਿਚ ਕਿਸਾਨਾਂ ਨੂੰ ਆਪਣੀ ਜਿਨਸ ਨਹੀਂ ਸੁੱਟਣ ਦਿਤੀ ਜਾਂਦੀ, ਜਿਸ ਕਾਰਨ ਕਿਸਾਨਾਂ ਨੂੰ ਮੰਡੀਆ ਵਿਚ ਕੁਦਰਤ ਦੇ ਰਹਿਮੋ ਕਰਮ ਤੇ ਰਹਿਣਾ ਪੈ ਰਿਹਾ ਹੈ| ਇਸ ਲਈ ਮੰਡੀਆ ਵਿਚ ਸ਼ੈਡਾਂ ਵਿਚ ਫਸਲ ਸੁੱਟਣ ਲਈ ਕਿਸਾਨਾਂ ਨੂੰ ਪਹਿਲ ਦਿਵਾਈ ਜਾਵੇ| ਉਹਨਾਂ ਕਿਹਾ ਕਿ ਮੰਡੀਆਂ ਵਿਚ ਕਿਸਾਨ ਦੀ ਵੇਚਣ ਲਈ ਫਸਲ ਤੇ ਆੜਤੀਆਂ ਨੂੰ 2.5 ਫੀਸਦੀ ਕਮਿਸ਼ਨ ਮਿਲਦਾ ਹੈ ਜੋ ਕਿ ਪ੍ਰਤੀ ਸਾਲ 40 ਤੋਂ 45 ਹਜਾਰ ਕਰੋੜ ਰੁਪਏ ਬਣਦਾ ਹੈ ਪਰ ਜਦੋਂ ਫਸਲ ਮੰਡੀਆਂ ਵਿਚ ਆ ਜਾਂਦੀ ਹੈ ਤਾਂ ਬਹੁਤ ਸਾਰੇ ਆੜਤੀਏ ਕਿਸਾਨਾਂ ਨੂੰ ਫਸਲ ਲਈ ਤਰਪਾਲਾਂ ਨਹੀਂ ਦਿੰਦੇ ਜਿਸ ਕਾਰਨ ਮੀਂਹ ਕਾਰਨ ਕਿਸਾਨਾਂ ਦੀ ਫਸਲ ਬਰਬਾਦ ਹੋ ਜਾਂਦੀ ਹੈ| 
ਉਹਨਾਂ ਮੰਗ ਕੀਤੀ ਕਿ ਮੰਡੀ ਵਿਚ ਫਸਲ ਲਈ ਤਰਪਾਲਾਂ ਨਾ ਦੇਣ ਵਾਲੇ ਆੜਤੀਆਂ ਖਿਲਾਫ ਫੌਜਦਾਰੀ ਮੁਕਦਮਾ ਦਰਜ ਕਰਨ ਲਈ ਕਾਨੂੰਨ ਬਣਾਇਆ ਜਾਵੇ, ਕਿਸਾਨਾਂ ਦੀ ਫਸਲ ਦੀ ਅਦਾਇਗੀ ਸਿੱਧੀ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੀ ਜਾਵੇ| ਇਸ ਵਫਦ ਵਿੱਚ  ਯੂਨੀਅਨ ਦੇ ਜਿਲਾ ਜਨਰਲ ਸਕੱਤਰ ਸੇਵਾ ਸਿੰਘ ਬਾਕਰਪੁਰ, ਜਿਲਾ ਵਿੱਤ ਸਕੱਤਰ ਬਲਕਾਰ ਸਿੰਘ ਬਠਲਾਣਾ, ਬਲਾਕ ਮੁਹਾਲੀ ਪ੍ਰਧਾਨ ਗੁਰਮੁਖ ਸਿੰਘ                ਰਾਏਪੁਰ, ਬਲਕਾਰ ਸਿੰਘ, ਬਰਿੰਦਰ ਸਿੰਘ ਵੀ ਸ਼ਾਮਲ ਸਨ|  
ਗਰੀਨ ਬੈਲਟ ਵਿਚ ਡਿੱਗੇ ਦਰਖਤ ਨੂੰ ਚੁੱਕਣ ਦੀ ਮੰਗਐਸ ਏ ਐਸ ਨਗਰ, 8 ਅਕਤੂਬਰ ( ਆਰ ਪੀ ਵਾਲੀਆ) ਸਥਾਨਕ ਫੇਜ਼ 3 ਬੀ 2 ਦੀ ਮਾਰਕੀਟ ਦੇ ਸਾਹਮਣੇ ਦੋਵਾਂ ਮੁੱਖ ਸੜਕਾਂ ਨੂੰ ਵੰਡਦੀ ਗਰੀਨ ਬੈਲਟ ਵਿੱਚ ਇਕ ਭਾਰੀ ਦਰਖਤ ਕਾਫੀ ਸਮੇਂ ਤੋਂ ਜਮੀਨ ਤੋਂ ਉਖੜ ਕੇ ਡਿਗਿਆ ਹੋਇਆ ਹੈ, ਜੋ ਕਿ ਹੁਣ ਸੁੱਕ ਵੀ ਗਿਆ ਹੈ, ਪਰ ਇਸ ਦਰਖਤ ਨੂੰ ਉਥੋਂ ਹਟਾਉਣ ਲਈ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ| 
ਇਹ ਦਰਖਤ ਜਿਥੇ ਇਸ ਮਾਰਕੀਟ ਦੀ ਸੁੰਦਰਤਾ ਨੂੰ ਧੱਬਾ ਲਗਾ ਰਿਹਾ ਹੈ, ਉਥੇ ਇਸਦੇ ਆਲੇ ਦੁਆਲੇ ਕੂੜਾ ਕਰਕਟ ਅਤੇ ਹੋਰ ਗੰਦਗੀ ਵੀ ਇਕਠੀ ਹੋ ਰਹੀ ਹੈ| ਇਸ ਦਰਖਤ ਨੇ ਗਰੀਨ ਬੈਲਟ ਦੀ ਕਾਫੀ ਥਾਂ ਘੇਰੀ ਹੋਈ ਹੈ| ਇਲਾਕਾ ਵਾਸੀਆਂ ਦੀ ਮੰਗ ਹੈ ਕਿ ਇਸ ਗਿਰੇ ਹੋਏ ਦਰਖਤ ਨੂੰ ਉਥੋਂ ਹਟਾਇਆ ਜਾਵੇ ਅਤੇ ਇਸ ਦੀ ਥਾਂ ਨਵਾਂ ਦਰਖਤ ਲਗਾਇਆ ਜਾਵੇ|

Leave a Reply

Your email address will not be published. Required fields are marked *