ਭਾਰਤੀ ਜੇਲ੍ਹਾਂ ਦੀ ਤਰਸਯੋਗ ਹਾਲਤ
ਪਿਛਲੇ ਦਿਨੀਂ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਦਿੱਲੀ ਦੰਗਿਆਂ ਦੇ ਦੋਸ਼ੀ ਕਾਂਗਰਸ ਦੇ ਸਾਬਕਾ ਕੌਂਸਲਰ ਇਸ਼ਰਤ ਜਹਾਂ ਦੇ ਨਾਲ ਕੈਦੀਆਂ ਨੇ ਮਾਰਕੁੱਟ ਕੀਤੀ। ਇਸ ਤੋਂ ਪਹਿਲਾਂ ਦਿੱਲੀ ਦੇ ਦਿਆਲਪੁਰ ਇਲਾਕੇ ਵਿੱਚ ਹੋਈ ਫਿਰਕੂ ਹਿੰਸਾ ਵਿੱਚ ਦੋਸ਼ੀ ਤਨਵੀਰ ਮਲਿਕ ਨੇ ਵੀ ਮੰਡੋਲੀ ਜੇਲ੍ਹ ਦੇ ਅਧਿਕਾਰੀਆਂ ਤੇ ਮਾਰ ਕੁੱਟ ਦਾ ਇਲਜ਼ਾਮ ਲਗਾਇਆ ਸੀ। ਭਾਰਤੀ ਜੇਲ੍ਹਾਂ ਵਿੱਚ ਕੈਦੀਆਂ ਦੇ ਨਾਲ ਹਿੰਸਾ ਦੀਆਂ ਇਹ ਕੋਈ ਇੱਕਾ-ਦੁੱਕਾ ਘਟਨਾਵਾਂ ਨਹੀਂ ਹਨ। ਇਹ ਤਾਂ ਸਾਡੇ ਸੁਧਾਰ ਗਿ੍ਰਹਾਂ ਦੀ ਵਿਗੜਦੀ ਹਾਲਤ ਦੀ ਇੱਕ ਵੰਨਗੀ ਭਰ ਹਨ।
ਇਸ਼ਰਤ ਜਹਾਂ ਦਾ ਇਲਜ਼ਾਮ ਹੈ ਕਿ ਉਸਦੇ ਸਾਥੀ ਕੈਦੀਆਂ ਨੇ ਸਵੇਰੇ ਨਮਾਜ ਪੜ੍ਹਦੇ ਸਮੇਂ ਉਨ੍ਹਾਂ ਦੇ ਨਾਲ ਨਾ ਸਿਰਫ ਮਾਰ ਕੁੱਟ ਕੀਤੀ ਸਗੋਂ ਭੱਦੀਆਂ ਗਾਲਾਂ ਵੀ ਕਢੀਆਂ। ਜੇਲ੍ਹ ਦੀ ਸਹਾਇਕ ਪ੍ਰਧਾਨ ਨੇ ਇਸ ਘਟਨਾ ਦੀ ਅਦਾਲਤ ਦੇ ਸਾਹਮਣੇ ਪੁਸ਼ਟੀ ਵੀ ਕੀਤੀ। ਇੱਕ ਮਹੀਨੇ ਵਿੱਚ ਇਸ਼ਰਤ ਜਹਾਂ ਦੇ ਨਾਲ ਮਾਰ ਕੁੱਟ ਦਾ ਇਹ ਦੂਜਾ ਮਾਮਲਾ ਹੈ। ਇਸਤੋਂ ਪਹਿਲਾਂ ਉਨ੍ਹਾਂ ਦੇ ਨਾਲ ਮਾਰ ਕੁੱਟ ਕਰਨ ਵਾਲੀ ਕੈਦੀ ਨੂੰ ਦੂਜੀ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇਸ਼ਰਤ ਜਹਾਂ ਦੇ ਨਾਲ ਹੋਈ ਘਟਨਾ ਤੋਂ ਕੁਝ ਘੰਟੇ ਬਾਅਦ ਹੀ ਤਿਹਾੜ ਜੇਲ੍ਹ ਵਿੱਚ ਆਤਮ ਸਮਰਪਣ ਕਰਨ ਆਏ ਕਾਰਤਿਕ ਉਰਫ ਮਾਧਵ ਦੇ ਨਾਲ ਨਾ ਸਿਰਫ ਮਾਰ ਕੁੱਟ ਕੀਤੀ ਗਈ ਸਗੋਂ ਉਸਨੂੰ ਕਥਿਤ ਤੌਰ ਤੇ ਅਗਵਾ ਕਰ ਲਿਆ ਗਿਆ। ਬਾਅਦ ਵਿੱਚ ਪਤਾ ਚੱਲਿਆ ਕਿ ਇਹ ਹਰਕਤ ਪੁਲੀਸ ਕਰਮੀਆਂ ਦੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਜੇਲ੍ਹ ਗੇਟ ਰਜਿਸਟਰ ਵਿੱਚ ਉਨ੍ਹਾਂ ਵਿਚੋਂ ਕਿਸੇ ਦੀ ਐਂਟਰੀ ਨਹੀਂ ਸੀ।
ਤਿਹਾੜ ਜੇਲ੍ਹ ਕੰਪਲੈਕਸ ਦੇ ਅੰਦਰ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। 2020 ਦੇ ਨਵੰਬਰ ਮਹੀਨੇ ਵਿੱਚ ਦਿਲਸ਼ੇਰ, ਸਤੰਬਰ ਵਿੱਚ ਸਿਕੰਦਰ ਉਰਫ ਸੰਨੀ ਡੋਗਰਾ ਅਤੇ ਜੂਨ ਵਿੱਚ ਮੁਹੰਮਦ ਮਹਿਤਾਬ ਦਾ ਤਿਹਾੜ ਕੰਪਲੈਕਸ ਦੇ ਅੰਦਰ ਹੀ ਧਾਰਦਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਉਥੇ ਹੀ ਦਿੱਲੀ ਦੰਗਿਆਂ ਦੇ ਸਾਥੀ ਮੁਲਜ਼ਮ ਅਤੇ ਆਮ ਆਦਮੀ ਪਾਰਟੀ ਦੇ ਮੁਅੱਤਲ ਕੌਂਸਲਰ ਤਾਹਿਰ ਹੁਸੈਨ ਦੇ ਵਕੀਲ ਰਿਜਵਾਨ ਦਾ ਇਲਜ਼ਾਮ ਹੈ ਕਿ ਦਿੱਲੀ ਦੰਗਿਆਂ ਦੇ ਜਿਆਦਾਤਰ ਦੋਸ਼ੀਆਂ ਨੂੰ ਆਪਣੇ ਸਾਥੀ ਕੈਦੀਆਂ ਤੋਂ ਜਾਂ ਫਿਰ ਜੇਲ੍ਹ ਪ੍ਰਸ਼ਾਸਨ ਦੇ ਭੇਦਭਾਵ ਦਾ ਸਾਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਅੱਤਵਾਦੀ ਕਹਿ ਕੇ ਬੁਲਾਉਂਦੇ ਹਨ, ਜਦੋਂ ਕਿ ਉਨ੍ਹਾਂ ਉੱਤੇ ਲੱਗੇ ਕੋਈ ਵੀ ਇਲਜ਼ਾਮ ਸਾਬਿਤ ਨਹੀਂ ਹੋਏ ਹਨ।
ਦੇਸ਼ ਦੀ ਸਭਤੋਂ ਸੁਰੱਖਿਅਤ ਮੰਨੀ ਜਾਣ ਵਾਲੀ ਤਿਹਾੜ ਜੇਲ੍ਹ ਦੀ ਜਦੋਂ ਇਹ ਹਾਲਤ ਹੈ ਤਾਂ ਬਾਕੀ ਜੇਲਾਂ ਦਾ ਅੰਦਾਜਾ ਬਾਖੂਬੀ ਲਗਾਇਆ ਜਾ ਸਕਦਾ ਹੈ। ਖਾਸ ਕਰਕੇ ਪੱਛਮੀ ਉੱਤਰ ਪ੍ਰਦੇਸ਼ ਦੀਆਂ ਜੇਲ੍ਹਾਂ ਤਾਂ ਕਤਲ ਅਤੇ ਗੈਂਗਵਾਰ ਲਈ ਬਦਨਾਮ ਰਹੀਆਂ ਹਨ। ਗੁੰਡਾਗਰਦੀ ਵਿੱਚ ਮਸ਼ਹੂਰ ਮੁੰਨਾ ਬਜਰੰਗੀ ਦੀ ਬਾਗਪਤ ਜੇਲ੍ਹ ਵਿੱਚ ਹੀ ਜੁਲਾਈ 2018 ਵਿੱਚ ਹੱਤਿਆ ਕਰ ਦਿੱਤੀ ਗਈ ਸੀ। ਉਸਤੋਂ ਪਹਿਲਾਂ 2016 ਵਿੱਚ ਮੁਜੱਫਰਨਗਰ ਜੇਲ੍ਹ ਵਿੱਚ ਕੈਦੀ ਚੰਦਰਹਾਸ ਦੀ ਹੱਤਿਆ ਹੋਈ। ਉਸੇ ਸਾਲ ਸਹਾਰਨਪੁਰ ਜੇਲ੍ਹ ਵਿੱਚ ਬੰਦ ਮੁਜੱਫਰਨਗਰ ਦੇ ਇਨਾਮੀ ਬਦਮਾਸ਼ ਸੁਖਾ ਦੀ ਹੱਤਿਆ ਹੋਈ। 2015 ਵਿੱਚ ਮਥੁਰਾ ਜੇਲ੍ਹ ਵਿੱਚ ਬਰਜੇਸ਼ ਮਾਵੀ ਅਤੇ ਰਾਜੇਸ਼ ਟੋਟਾ ਦੇ ਵਿਚਾਲੇ ਗੋਲੀਆਂ ਚੱਲੀਆਂ, ਜਿਸ ਵਿੱਚ ਅਕਸ਼ੈ ਸੋਲੰਕੀ ਅਤੇ ਫਿਰ ਬਾਅਦ ਵਿੱਚ ਜਖ਼ਮੀ ਰਾਜੇਸ਼ ਟੋਟਾ ਦੀ ਵੀ ਹਸਪਤਾਲ ਲਿਜਾਂਦੇ ਸਮੇਂ ਹੱਤਿਆ ਕਰ ਦਿੱਤੀ ਗਈ। ਉਥੇ ਹੀ ਪੂਰਵਾਂਚਲ ਦੀ ਨੈਨੀ, ਰਾਏਬਰੇਲੀ, ਦੇਵਰਿਆ ਅਤੇ ਸੁਲਤਾਨਪੁਰ ਜੇਲ੍ਹਾਂ ਵੀ ਰਸੂਖਦਾਰ ਕੈਦੀਆਂ ਦੀ ਮੁਰਗਾ ਅਤੇ ਸ਼ਰਾਬ ਪਾਰਟੀਆਂ ਦੇ ਚਲਦੇ ਸੁਰਖੀਆਂ ਵਿੱਚ ਰਹੀਆਂ ਹਨ। ਬਿਹਾਰ ਦੀ ਬੇਯੂਰ, ਪੂਰਣਿਆ ਅਤੇ ਮੋਤੀਹਾਰੀ ਜੇਲ੍ਹਾਂ ਤੋਂ ਵੀ ਕੈਦੀਆਂ ਦੇ ਖੂਨੀ ਸੰਘਰਸ਼ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ। ਕੋਰੋਨਾ ਕਾਲ ਵਿੱਚ ਹੀ ਆਪਣੀ ਰਿਹਾਈ ਨੂੰ ਲੈ ਕੇ ਕੋਲਕਾਤਾ ਦੀ ਦਮਦਮ ਜੇਲ੍ਹ ਦੇ ਵਿਚਾਰ ਅਧੀਨ ਕੈਦੀਆਂ ਨੇ ਦੋ ਦਿਨਾਂ ਤੱਕ ਜੋਰਦਾਰ ਹਿੰਸਾ ਅਤੇ ਆਗਜਨੀ ਕੀਤੀ।
ਐਨਸੀਆਰਬੀ-2019 ਦੇ ਅਨੁਸਾਰ 31 ਦਸੰਬਰ 2019 ਤੱਕ ਦੇਸ਼ ਦੀਆਂ 1350 ਜੇਲਾਂ ਵਿੱਚ ਕੁਲ 4,78,600 ਕੈਦੀ ਬੰਦ ਸਨ। ਜੇਲ੍ਹਾਂ 118 5 ਫੀਸਦੀ ਭਰੀਆਂ ਹੋਈਆਂ ਹਨ। ਇਹਨਾਂ ਵਿੱਚ ਦਿੱਲੀ ਦੀਆਂ ਜੇਲਾਂ ਵਿੱਚ ਸਭਤੋਂ ਜ਼ਿਆਦਾ ਭੀੜ ਭਾੜ ਹੈ ਜਿੱਥੇ 100 ਦੀ ਥਾਂ 175 ਕੈਦੀ ਭਰੇ ਹੋਏ ਹਨ। ਇਸ ਮਾਮਲੇ ਵਿੱਚ ਉੱਤਰ ਪ੍ਰਦੇਸ਼ (168 ਫੀਸਦੀ) ਦੂਜੇ, ਅਤੇ ਉਤਰਾਖੰਡ (159 ਫੀਸਦੀ) ਤੀਜੇ ਨੰਬਰ ਤੇ ਹੈ। ਐਨਸੀਆਰਬੀ ਦੇ ਦੋ-ਤਿੰਨ ਸਾਲ ਪੁਰਾਣੇ ਅੰਕੜਿਆਂ ਦੇ ਅਨੁਸਾਰ ਭਾਰਤੀ ਜੇਲ੍ਹਾਂ ਵਿੱਚ 91 ਕੈਦੀਆਂ ਤੇ ਸਿਰਫ ਇੱਕ ਸੁੱਰਖਿਆ ਕਰਮੀ ਹੈ।
ਜੇਲ੍ਹ ਅੰਕੜਾ-2019 ਦੇ ਅਨੁਸਾਰ 4,78,600 ਕੈਦੀਆਂ ਵਿੱਚੋਂ 3,30,487 ਵਿਚਾਰਾਧੀਨ ਹਨ। ਮਤਲਬ ਕਿ ਦੋ-ਤਿਹਾਈ ਤੋਂ ਵੀ ਜਿਆਦਾ ਅਜਿਹੇ ਕੈਦੀ ਹਨ, ਜਿਨ੍ਹਾਂ ਦਾ ਜੁਰਮ ਸਾਬਿਤ ਹੀ ਨਹੀਂ ਹੋਇਆ ਹੈ। ਇਹਨਾਂ ਵਿੱਚ ਅੱਧੇ ਤੋਂ ਵੀ ਜ਼ਿਆਦਾ ਦਲਿਤ, ਮੁਸਲਮਾਨ ਅਤੇ ਅਨੁਸੂਚਿਤ ਜਨਜਾਤੀ ਦੇ ਕੈਦੀ ਹਨ, ਜੋ ਖ਼ਰਾਬ ਆਰਥਿਕ ਹਾਲਤ ਦੇ ਕਾਰਨ ਮਾਮਲੇ ਦੀ ਢੰਗ ਨਾਲ ਪੈਰਵੀਂ ਨਹੀਂ ਕਰਵਾ ਪਾਉਂਦੇ ਅਤੇ ਜੇਲ੍ਹਾਂ ਵਿੱਚ ਸੜਦੇ ਰਹਿੰਦੇ ਹਨ। ਭਾਰਤੀ ਜੇਲ੍ਹਾਂ ਦੀ ਇਸ ਹਾਲਤ ਦੇ ਪਿੱਛੇ ਉਨ੍ਹਾਂ ਵਿੱਚ ਸਮਰੱਥਾ ਤੋਂ ਜਿਆਦਾ ਕੈਦੀਆਂ ਦੇ ਭਰੇ ਜਾਣ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ। ਜਾਹਿਰ ਹੈ ਕਿ ਸਾਡੇ ਸੁਧਾਰ ਗਿ੍ਰਹਾਂ ਅਤੇ ਕਾਨੂੰਨੀ ਵਿਵਸਥਾ ਨੂੰ ਕੈਦੀਆਂ ਤੋਂ ਵੀ ਪਹਿਲਾਂ ਸੁਧਾਰਣ ਦੀ ਲੋੜ þ।
ਮੁੰਹਮਦ ਸ਼ਹਿਜਾਦ