ਭਾਰਤੀ ਨੌਜਵਾਨ ਦੀ ਇਟਲੀ ਵਿੱਚ ਮੌਤ

ਰੋਮ,(ਕੈਂਥ), 20 ਜੁਲਾਈ (ਸ.ਬ.)  ਇਟਲੀ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਨਿੱਤ ਹੋ ਰਹੇ ਸੜਕ ਹਾਦਸੇ ਭਾਰਤੀਆਂ ਲਈ ਘਾਤਕ ਸਿੱਧ ਹੋ ਰਹੇ ਹਨ| ਬੀਤੇ ਦਿਨੀਂ ਜ਼ਿਲ੍ਹਾ ਲਾਤੀਨਾ ਦੇ ਇਲਾਕਾ ਬੋਰਗੋ ਫਆਤੀ ਦੇ ਮੁੱਖ ਚੌਂਕ ਦੀਆਂ ਲਾਈਟਾਂ ਉਪੱਰ ਇੱਕ ਪੰਜਾਬੀ ਨੌਜਵਾਨ ਦੇ ਕਾਰ ਸੀ ਲਪੇਟ ਵਿੱਚ ਆ ਜਾਣ ਕਾਰਨ ਮੌਕੇ ਉਤੇ ਹੀ ਮੌਤ ਹੋ ਗਈ|
ਮ੍ਰਿਤਕ ਦੇ ਰਿਸ਼ਤੇਦਾਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਕਰੀਬ 5 ਵਜੇ ਕਮਲਜੀਤ ਸਿੰਘ (44)ਵਾਸੀ ਭੋਗਪੁਰ (ਜਲੰਧਰ) ਸਾਇਕਲ ਉਤੇ ਕੰਮ ਨੂੰ ਜਾ ਰਿਹਾ ਸੀ ਕਿ ਰਾਹ ਵਿੱਚ ਮੁੱਖ ਚੌਂਕ ਦੀਆਂ ਲਾਈਟਾਂ ਉਪੱਰ ਲਾਲ ਬੱਤੀ ਹੋਣ ਕਾਰਨ ਰੁੱਕ ਗਿਆ| ਇੰਨੇ ਨੂੰ ਹੀ ਪਿੱਛੋਂ ਬਹੁਤ ਤੇਜ਼ ਆ ਰਹੇ ਵਾਹਨ ਨੇ ਕਮਲਜੀਤ ਸਿੰਘ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਘਟਨਾ ਸਥਲ ਉਤੇ ਹੀ ਮੌਤ ਹੋ ਗਈ| ਵਾਹਨ ਨੂੰ ਇਤਾਲਵੀ ਵਿਅਕਤੀ ਚਲਾ ਰਿਹਾ ਸੀ, ਜਿਸ ਨੇ ਕਿ ਕਿਸੇ ਨਸ਼ੇ ਦਾ ਸੇਵਨ ਕੀਤਾ ਲੱਗ ਰਿਹਾ ਸੀ| ਇਸ ਕਾਰਨ ਇਹ ਹਾਦਸਾ ਵਾਪਰਿਆ|
ਘਟਨਾ ਦੀ ਜਾਣਕਾਰੀ ਮਿਲਦੇ ਹੀ ਇਤਾਲਵੀ ਪੁਲੀਸ ਹਰਕਤ ਵਿੱਚ ਆ ਗਈ ਤੇ ਉਸ ਨੇ ਲਾਸ਼ ਨੂੰ ਹਸਪਤਾਲ ਭੇਜ ਦਿੱਤਾ ਅਤੇ ਦੋਸ਼ੀ ਡਰਾਈਵਰ ਤੋਂ ਜਾਂਚ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ | ਹਾਦਸੇ ਮੌਕੇ ਵਾਹਨ ਵਿੱਚ ਡਰਾਈਵਰ ਸਮੇਤ ਦੋ ਇਤਾਲਵੀ ਬੈਠੇ ਸਨ| ਮ੍ਰਿਤਕ ਕਮਲਜੀਤ ਸਿੰਘ ਸਾਲ 2008 ਤੋਂ ਇਟਲੀ ਰਹਿੰਦਿਆਂ ਹੱਡ ਤੋੜਵੀਂ ਮਿਹਨਤ ਕਰ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ| ਉਹ ਆਪਣੇ ਪਿੱਛੇ ਵਿਧਵਾ ਮਾਂ, ਪਤਨੀ ਤੋਂ ਇਲਾਵਾ ਇੱਕ ਮੁੰਡਾ (12) ਅਤੇ ਇੱਕ ਕੁੜੀ (5) ਨੂੰ ਵਕਤ ਦੀ ਮਾਰ ਖਾਣ ਲਈ ਲਾਚਾਰ ਛੱਡ ਗਿਆ ਹੈ| ਮ੍ਰਿਤਕ ਕਮਲਜੀਤ ਸਿੰਘ ਦਾ ਅੰਤਮ ਸੰਸਕਾਰ ਉਹਨਾਂ ਦੇ ਪਿੰਡ ਭੋਗਪੁਰ (ਜਲੰਧਰ) ਵਿਖੇ ਹੀ ਕੀਤਾ ਜਾਵੇਗਾ ਜਿਸ ਲਈ ਮੁੱਢਲੀਆਂ ਕਾਰਵਾਈਆਂ ਜ਼ੋਰਾਂ ਨਾਲ ਚੱਲ ਰਹੀਆਂ ਹਨ|

Leave a Reply

Your email address will not be published. Required fields are marked *