ਭਾਰਤੀ ਫੌਜ ਨੇ ਜੰਗ ਦੌਰਾਨ ਜ਼ਖਮੀ ਹੋਣ ਕਾਰਨ ਅੰਗਹੀਣ ਹੋਏ ਸਾਬਕਾ ਫੌਜੀਆਂ ਨੂੰ ਸੀ ਐਸ ਡੀ ਕੰਟੀਨ ਤੋਂ ਕਾਰ ਖਰੀਦਣ ਲਈ 10 ਸਾਲ ਦੀ ਸੇਵਾ ਦੀ ਸ਼ਰਤ ਖਤਮ ਕੀਤੀ

ਭਾਰਤੀ ਫੌਜ ਨੇ ਜੰਗ ਦੌਰਾਨ ਜ਼ਖਮੀ ਹੋਣ ਕਾਰਨ ਅੰਗਹੀਣ ਹੋਏ ਸਾਬਕਾ ਫੌਜੀਆਂ ਨੂੰ ਸੀ ਐਸ ਡੀ ਕੰਟੀਨ ਤੋਂ ਕਾਰ ਖਰੀਦਣ ਲਈ 10 ਸਾਲ ਦੀ ਸੇਵਾ ਦੀ ਸ਼ਰਤ ਖਤਮ ਕੀਤੀ
ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਵਲੋਂ ਪਹੁੰਚ ਕੀਤੇ ਜਾਣ ਤੇ ਫੌਜ ਮੁਖੀ ਦੇ ਹੁਕਮਾਂ ਤੇ ਜਾਰੀ ਹੋਈ ਨਵੀਂ ਰੂਲਿੰਗ : ਕਰਨਲ ਸੋਹੀ
ਐਸ ਏ ਐਸ ਨਗਰ, 18 ਮਈ (ਸ.ਬ.) ਭਾਰਤੀ ਫੌਜ ਨੇ ਜੰਗ ਦੌਰਾਨ ਜ਼ਖਮੀ ਹੋਣ ਕਾਰਨ ਅੰਗਹੀਣ ਹੋਏ ਸਾਬਕਾ ਫੌਜੀਆਂ ਨੂੰ ਵੱਡੀ ਰਾਹਤ ਦਿੰਦਿਆਂ ਉਹਨਾਂ ਨੂੰ ਸੀ ਐਸ ਡੀ ਕੰਟੀਨ ਤੋਂ ਕਾਰ ਖਰੀਦਣ ਤੇ ਲਗਾਈ ਗਈ 10 ਸਾਲ ਦੀ ਸੇਵਾ ਦੀ ਸ਼ਰਤ ਖਤਮ ਕਰ ਦਿੱਤੀ ਹੈ ਅਤੇ ਹੁਣ ਅਜਿਹੇ ਸਾਬਕਾ ਫੌਜੀ (ਜਿਹਨਾਂ ਨੂੰ ਜੰਗੀ ਡਿਊਟੀ ਦੌਰਾਨ ਬੁਰੀ ਤਰ੍ਹਾਂ ਜਖਮੀ ਹੋਣ ਕਾਰਨ ਅੰਗਹੀਣ ਹੋਣ ਤੇ ਘਰ ਭੇਜ ਦਿੱਤਾ ਜਾਂਦਾ ਹੈ) ਸੀ ਐਸ ਡੀ ਕੰਟੀਨ ਤੋਂ ਕਾਰ ਅਤੇ ਅਜਿਹਾ ਹੋਰ ਸਾਮਾਨ ਖਰੀਦ ਸਕਣਗੇ, ਜਿਸਦੀ ਖਰੀਦ ਲਈ ਫੌਜ ਵਲੋਂ ਘੱਟੋ ਘੱਟ 10 ਸਾਲ ਸੇਵਾ ਦੀ ਸ਼ਰਤ ਲਗਾਈ ਗਈ ਹੈ|
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈਲ ਮੁਹਾਲੀ ਦੇ ਪ੍ਰਧਾਨ ਲੈਫ ਕਰਨਲ ਐਸ ਐਸ ਸੋਹੀ (ਰਿਟਾ) ਨੇ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ 9 ਰਾਸ਼ਟਰੀ ਰਾਈਫਲਜ ਦਾ ਰਾਈਫਲਮੈਨ ਰਜਾਕ ਮੁਹੰਮਦ ਨੂੰ 2002 ਵਿੱਚ ਡਿਊਟੀ ਦੌਰਾਨ ਅੱਤਵਾਦੀਆਂ ਨਾਲ ਹੋਏ ਇੱਕ ਮੁਕਾਬਲੇ ਦੌਰਾਨ ਆਹਮੋ ਸਾਮ੍ਹਣੇ ਹੋਈ ਗੋਲੀਬਾਰੀ ਵਿੱਚ ਗੋਲੀ ਲੱਗ ਗਈ ਸੀ ਅਤੇ ਉਹ ਬੁਰੀ ਤਰ੍ਹਾਂ ਜਖਮੀ ਹੋ ਗਿਆ ਸੀ| ਰੀੜ੍ਹ ਦੀ ਹੱਡੀ ਦਾ ਨੁਕਸਾਨ ਹੋਣ ਕਾਰਨ ਫੌਜ ਵਲੋਂ ਉਸਨੂੰ 100 ਫੀਸਦੀ ਅੰਗਹੀਣਤਾ ਪੈਂਸ਼ਨ ਦੇ ਕੇ ਘਰ ਭੇਜ ਦਿੱਤਾ ਗਿਆ ਸੀ| ਜਿਸ ਵੇਲੇ ਉਸਨੂੰ ਘਰ ਭੇਜਿਆ ਗਿਆ ਉਸ ਵੇਲੇ ਉਸਦੀ ਨੌਕਰੀ ਦੀ ਮਿਆਦ 6 ਸਾਲ ਸੀ|
ਉਹਨਾਂ ਦੱਸਿਆ ਕਿ ਰਜਾਕ ਮੁਹੰਮਦ ਜੋ ਪਿੰਡ ਬੜਾ ਗਾਉਂ, ਤਹਿਸੀਲ ਨਾਰਾਇਨਗੜ੍ਹ (ਹਰਿਆਣਾ) ਦਾ ਵਸਨੀਕ ਹੈ ਨੇ ਕੁੱਝ ਸਮਾਂ ਪਹਿਲਾਂ ਉਹਨਾਂ ਨਾਲ ਸੰਪਰਕ ਕੀਤਾ ਅਤੇ ਸੀ ਐਸ ਡੀ ਕੰਟੀਨ ਵਿੱਚੋਂ ਕਾਰ ਦਿਵਾਉਣ ਵਿੱਚ ਮਦਦ ਕਰਨ ਵਾਸਤੇ ਕਿਹਾ ਜਿਸਤੇ ਉਸਨੂੰ ਆਰਮੀ ਹੈਡਕੁਆਟਰ ਵਿਖੇ ਇੱਕ ਆਟੋ ਕਾਰ ਦੀ ਖਰੀਦ ਦੀ ਇਜਾਜਤ ਦੇਣ ਲਈ ਅਰਜੀ ਦੇਣ ਦੀ ਸਲਾਹ ਦਿੱਤੀ ਗਈ ਸੀ| ਉਸ ਵਲੋਂ ਬੀਤੀ 1 ਅਪ੍ਰੈਲ ਨੂੰ ਆਰਮੀ ਹੈਡ ਕੁਆਟਰ ਵਿਖੇ ਅਰਜੀ ਦਿੱਤੀ ਗਈ ਜਿਸਦੇ ਜਵਾਬ ਵਿੱਚ ਆਰਮੀ ਹੈਡਕੁਆਟਰ ਵਲੋਂ ਉਸਨੂੰ ਰੂਲਿੰਗ ਨੰਬਰ ਐਲ/ਮਿਤੀ 12-01-16 ਦਾ ਹਵਾਲਾ ਦੇ ਕੇ ਕਿਹਾ ਗਿਆ ਕਿ ਕਿਉਂਕ ਉਸਦੀ ਨੌਕਰੀ ਦਾ ਸਮਾਂ 10 ਸਾਲ ਤੋਂ ਘੱਟ ਹੈ ਇਸ ਲਈ ਉਸਨੂੰ ਸੀ ਐਸ ਡੀ ਕੰਟੀਨ ਤੋਂ ਕਾਰ ਨਹੀਂ ਦਿੱਤੀ ਜਾ ਸਕਦੀ|
ਉਹਨਾਂ ਦੱਸਿਆ ਕਿ ਆਰਮੀ ਹੈਡਕੁਆਟਰ ਤੋਂ ਮਿਲੇ ਇਸ ਜਵਾਬ ਕਾਰਨ ਰਜਾਕ ਮੁਹੰਮਦ ਬੁਰੀ ਤਰ੍ਹਾਂ ਨਿਰਾਸ਼ ਹੋ ਗਿਆ ਸੀ ਕਿਉਂਕਿ ਨੌਕਰੀ ਉਸਨੇ ਆਪਣੀ ਮਰਜੀ ਨਾਲ ਨਹੀਂ ਛੱਡੀ ਸੀ ਬਲਕਿ ਗੋਲੀ ਲੱਗਣ ਕਾਰਨ ਉਸਨੂੰ ਫੌਜ ਵਲੋਂ ਜਬਰੀ ਰਿਟਾਇਰ ਕੀਤਾ ਗਿਆ ਸੀ| ਉਹਨਾਂ ਦੱਸਿਆ ਕਿ ਇਸ ਸੰਬੰਧੀ ਉਹਨਾਂ ਵਲੋਂ ਬੀਤੀ 22 ਅਪ੍ਰੈਲ ਨੂੰ ਫੌਜ ਮੁਖੀ ਕੋਲ ਇਹ ਮਾਮਲਾ ਚੁੱਕਿਆ ਗਿਆ ਅਤੇ ਜੰਗੀ ਮੈਦਾਨ ਵਿੱਚ ਗੋਲੀਆਂ ਖਾਣ ਵਾਲੇ ਫੌਜੀਆਂ ਤੋਂ 10 ਸਾਲ ਦੀ ਸੇਵਾ ਦੀ ਇਹ ਸ਼ਰਤ ਹਟਾਉਣ ਦੀ ਮੰਗ ਕੀਤੀ ਗਈ| ਉਹਨਾਂ ਫੌਜ ਮੁਖੀ ਨੂੰ ਲਿਖੇ ਪੱਤਰ ਵਿੱਚ ਦਲੀਲ ਦਿੱਤੀ ਕਿ 10 ਸਾਲ ਦੀ ਇਹ ਸ਼ਰਤ ਉਹਨਾਂ ਫੌਜੀਆਂ ਤੇ ਲੱਗਣੀ ਚਾਹੀਦੀ ਹੈ ਜਿਹੜੇਆਮ ਹਾਲਾਤ ਵਿੱਚ ਨੌਕਰੀ ਛੱਡ ਜਾਂਦੇ ਹਨ| ਪਰੰਤੂ ਜੰਗ ਦੇ ਮੈਦਾਨ ਵਿੱਚ ਗੋਲੀ ਦਾ ਸ਼ਿਕਾਰ ਹੋਣ ਕਾਰਨ ਜਬਰੀ ਰਿਟਾਇਰ ਹੋਏ ਫੌਜੀਆਂ ਤੇ ਇਹ ਸ਼ਰਤ ਲਾਗੂ ਨਹੀਂ ਹੋਣੀ ਚਾਹੀਦੀ ਕਿਉਂਕਿ ਗੋਲੀ ਤਾਂ ਕਦੇ ਵੀ ਲੱਗ ਸਕਦੀ ਹੈ ਅਤੇ ਜੇਕਰ ਕੋਈ ਫੌਜੀ ਜੰਗ ਦੇ ਮੈਦਾਨ ਵਿੱਚ ਲੜਦੇ ਹੋਏ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਇਸਨੂੰ ਉਸਦੇ ਸੇਵਾਕਾਲ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ|
ਉਹਨਾਂ ਦੱਸਿਆ ਕਿ ਇਸ ਉਪੰਰਤ ਫੌਜ ਵਲੋਂ ਬੀਤੀ 4 ਮਈ ਨੂੰ ਪੁਰਾਣੀ ਰੂਲਿੰਗ ਵਿੱਚ ਤਬਦੀਲੀ ਕਰਦਿਆਂ ਨਵੀਂ ਰੂਲਿੰਗ ਜਾਰੀ ਕਰ ਦਿੱਤੀ ਗਈ ਹੈ ਜਿਸ ਵਿੱਚ ਸਪਸ਼ਟ ਲਿਖਿਆ ਗਿਆ ਹੈ ਕਿ ਬੈਟਲ ਕੈਜੁਐਲਿਟੀ ਕਾਰਨ ਅੰਗਹੀਣ ਹੋਣ ਵਾਲੇ ਫੌਜੀ ਜਵਾਨਾਂ ਤੇ 10 ਸਾਲ ਦੇ ਸੇਵਾਕਾਲ ਦੀ ਸ਼ਰਤ ਲਾਗੂ ਨਹੀਂ ਹੋਵੇਗੀ| ਉਹਨਾਂ ਕਿਹਾ ਕਿ ਫੌਜ ਵਲੋਂ ਜਾਰੀ ਕੀਤੀ ਗਈ ਇਸ ਨਵੀਂ ਰੂਲਿੰਗ ਦਾ ਫਾਇਦਾ ਅਜਿਹੇ ਹੋਰ ਸੈਂਕੜੇ ਜਵਾਨਾਂ ਨੂੰ ਵੀ ਮਿਲ ਸਕੇਗਾ ਜਿਨਾਂ ਦੀ ਸੇਵਾ ਬੈਟਲ ਕੈਜੁਐਲਿਟੀ ਕਾਰਨ 10 ਸਾਲ ਤੋਂ ਪਹਿਲਾਂ ਹੀ ਖਤਮ ਹੋ ਗਈ ਸੀ|
ਇਸ ਮੌਕੇ ਹਾਜਿਰ ਰਜਾਕ ਮੁਹੰਮਦ ਨੇ ਕਰਨਲ ਸੋਹੀ ਅਤੇ ਉਹਨਾਂ ਦੀ ਟੀਮ ਵਲੋਂ ਕੀਤੇ ਕੰਮ ਲਈ ਉਹਨਾਂ ਦਾ ਧੰਨਵਾਦ ਕੀਤਾ| ਇਸ ਮੌਕੇ ਹੋਰਨਾ ਤੋਂ ਇਲਾਵਾ ਕੈਪਟਨ ਮੱਖਨ ਸਿੰਘ, ਕੈਪਟਨ ਗੁਰਮੀਤ ਸਿੰਘ, ਆਰ ਪੀ ਸਿੰਘ, ਪ੍ਰਕਾਸ਼ ਸਿੰਘ, ਰਛਪਾਲ ਸਿੰਘ, ਸੂਬੇਦਾਰ ਪ੍ਰੀਤਮ ਸਿੰਘ, ਗੁਰਪਾਲ ਸਿੰਘ, ਲੈਫ ਕਮਾਂਡੈਂਟ ਐਸ ਸ਼ਰਮਾ ਮੌਜੂਦ ਸਨ|

Leave a Reply

Your email address will not be published. Required fields are marked *