ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਨੂੰ 9 ਵਿਕਟਾਂ ਨਾਲ ਹਰਾਇਆ

ਨੇਪੀਅਰ, 24 ਜਨਵਰੀ (ਸ.ਬ.) ਫਾਰਮ ਵਿੱਚ ਚਲ ਰਹੀ ਸਮ੍ਰਿਤੀ ਮੰਧਾਨਾ ਅਤੇ ਯੁਵਾ ਜੇਮਿਮਾ ਰੋਡ੍ਰੀਗੇਜ਼ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ਤੇ ਭਾਰਤ ਨੇ ਨਿਊਜ਼ੀਲੈਂਡ ਨੂੰ ਪਹਿਲੇ ਇਕ ਰੋਜ਼ਾ ਕ੍ਰਿਕਟ ਮੈਚ ਵਿੱਚ 9 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ ਬੜ੍ਹਤ ਬਣਾ ਲਈ ਹੈ| 22 ਸਾਲਾਂ ਦੀ ਮੰਧਾਨਾ ਨੇ 105 ਅਤੇ 18 ਸਾਲਾ ਰੋਡ੍ਰੀਗੇਜ਼ ਨੇ ਅਜੇਤੂ 81 ਦੌੜਾਂ ਬਣਾਈਆਂ| ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਨੂੰ 192 ਦੌੜਾਂ ਤੇ ਆਊਟ ਕਰ ਦਿੱਤਾ ਸੀ| ਆਈ.ਸੀ.ਸੀ. ਸਾਲ ਦੀ ਸਰਵਸ੍ਰੇਸ਼ਠ ਮਹਿਲਾ ਕ੍ਰਿਕਟਰ ਦਾ ਪੁਰਸਕਾਰ ਜਿੱਤਣ ਵਾਲੀ ਮੰਧਾਨਾ ਨੇ ਚੌਥਾ ਵਨ ਡੇ ਸੈਂਕੜਾ ਲਾਇਆ ਹੈ| ਜਦਕਿ ਰੋਡ੍ਰੀਗੇਜ਼ ਦਾ ਇਹ ਪਹਿਲਾ ਕੌਮਾਂਤਰੀ ਅਰਧ ਸੈਂਕੜਾ ਸੀ|
ਪਿਛਲੇ ਸਾਲ ਟੀਮ ਦੇ ਟੀ-20 ਵਿਸ਼ਵ ਕੱਪ ਸੈਮੀਫਾਈਨਲ ਤੋਂ ਬਾਹਰ ਹੋਣ ਤੋਂ ਬਾਅਦ ਭਾਰਤ ਦੀ ਇਹ ਪਹਿਲੀ ਸੀਰੀਜ਼ ਹੈ| ਭਾਰਤੀ ਟੀਮ ਨੇ ਪਿਛਲੇ ਵਿਵਾਦਾਂ ਨੂੰ ਭੁਲਾਉਂਦੇ ਹੋਏ 33 ਓਵਰ ਵਿੱਚ ਹੀ ਮੈਚ ਜਿੱਤ ਲਿਆ| ਭਾਰਤੀ ਕਪਤਾਨ ਮਿਤਾਲੀ ਰਾਜ ਨੇ ਮੈਚ ਤੋਂ ਬਾਅਦ ਕਿਹਾ ਕਿ ਇਹ ਸ਼ਾਨਦਾਰ ਸ਼ੁਰੂਆਤ ਹੈ ਅਤੇ ਸਲਾਮੀ ਜੋੜੀ ਨੂੰ 100 ਦੌੜਾਂ ਤੋਂ ਉੱਪਰ ਦੀ ਸਾਂਝੇਦਾਰੀ ਕਰਦੇ ਦੇਖਣਾ ਚੰਗਾ ਲੱਗਾ| ਮੰਧਾਨਾ ਲੜਕੀਆਂ ਲਈ ਰੋਲ ਮਾਡਲ ਹੈ| ਮੰਧਾਨਾ ਨੇ 104 ਗੇਂਦਾਂ ਦੀ ਆਪਣੀ ਪਾਰੀ ਵਿੱਚ 9 ਚੌਕੇ ਅਤੇ ਤਿੰਨ ਛੱਕੇ ਲਗਾਏ| ਰੋਡ੍ਰੀਗੇਜ ਨੇ ਵੀ ਨੌ ਵਾਰ ਗੇਂਦ ਨੂੰ ਬਾਊਂਡਰੀ ਤਕ ਪਹੁੰਚਾਇਆ| ਇਸ ਤੋਂ ਪਹਿਲਾਂ ਨਿਊਜ਼ੀਲੈਂਡ ਟੀਮ ਨੇ ਪਹਿਲਾਂ ਬੱਲੇਬਾਜ਼ੀ ਲਈ ਭੇਜੇ ਜਾਣ ਤੇ ਚੰਗੀ ਸ਼ੁਰੂਆਤ ਕੀਤੀ ਪਰ ਉਸ ਨੂੰ ਕਾਇਮ ਨਾ ਰੱਖ ਸਕੀ| ਏਕਤਾ ਬਿਸ਼ਟ ਅਤੇ ਪੂਨਮ ਯਾਦਵ ਨੇ ਤਿੰਨ-ਤਿੰਨ ਵਿਕਟਾਂ ਲੈ ਕੇ ਨਿਊਜ਼ੀਲੈਂਡ ਤੇ ਦਬਾਅ ਬਣਾਇਆ| ਸੂਜੀ ਬੇਟਸ ਨੇ 38 ਅਤੇ ਸੋਫੀ ਡੇਵਾਈਨ ਨੇ 28 ਦੌੜਾਂ ਦੀ ਪਾਰੀ ਖੇਡੀ| ਅਗਲਾ ਮੈਚ 29 ਜਨਵਰੀ ਨੂੰ ਮਾਊਂਟ ਮਾਊਂਗਾਨੁਡ ਵਿੱਚ ਖੇਡਿਆ ਜਾਵੇਗਾ|

Leave a Reply

Your email address will not be published. Required fields are marked *