ਭਾਰਤੀ ਮੂਲ ਦੀ ਮਹਿਲਾ ਕਾਰੋਬਾਰੀ ਬ੍ਰਿਟੇਨ ਪੁਲੀਸ ਇਕਾਈ ਦੀ ਮੁਖੀ ਨਿਯੁਕਤ

ਲੰਡਨ, 16 ਨਵੰਬਰ (ਸ.ਬ.) ਭਾਰਤੀ ਮੂਲ ਦੀ ਇਕ ਮਹਿਲਾ ਕਾਰੋਬਾਰੀ ਨੂੰ ਬ੍ਰਿਟਿਸ਼ ਸਰਕਾਰ ਨੇ ਬ੍ਰਿਟੇਨ ਦੇ ਕਾਲਜ ਆਫ ਪੁਲੀਸਿੰਗ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ| ਕੋਲਕਾਤਾ ਦੀ ਮਿਲੀ ਬੈਨਰਜੀ (71) ਨੂੰ ਪੁਲੀਸ ਵਿਚ ਸੇਵਾ ਦੇ ਰਹੇ ਹਰ ਇਕ ਵਿਅਕਤੀ ਲਈ ਬਣੀ ਇਸ ਪੇਸ਼ੇਵਰ ਇਕਾਈ ਦੇ ਨਿਰੀਖਣ ਦਾ ਅਹੁਦਾ ਸੋਂਪਿਆ ਗਿਆ ਹੈ| ਇਸ ਦੇ ਤਹਿਤ ਉਹ ਯਕੀਨੀ ਕਰੇਗੀ ਕਿ ਅਧਿਕਾਰੀਆਂ ਅਤੇ ਹੋਰ ਕਰਮਚਾਰੀਆਂ ਕੋਲ ਹਰ ਉਹ ਜਾਣਕਾਰੀ ਅਤੇ ਹੁਨਰ ਹੋਵੇ ਜਿਨ੍ਹਾਂ ਦੀ ਉਨ੍ਹਾਂ ਨੂੰ ਜ਼ਰੂਰਤ ਹੋਵੇ| ਬੈਨਰਜੀ ਨੇ ਕਿਹਾ ਕਿ ਅਸੀਂ ਪੁਲੀਸ ਵੱਲੋਂ ਰੋਜਾਨਾ ਦਿਖਾਈ ਜਾਣ ਵਾਲੀ ਬਹਾਦਰੀ, ਕੰਮ ਅਤੇ ਹਮਦਰਦੀ ਲਈ ਜ਼ਰੂਰੀ ਸਿੱਖਿਆ ਅਤੇ ਹੁਨਰ ਨੂੰ ਉਪਲੱਬਧ ਕਰਾਉਣ ਲਈ ਸਮਰਪਿਤ ਹਾਂ| ਸਾਡੇ ਕੋਲ ਅੱਗੇ ਲਈ ਮਹੱਤਵਪੂਰਨ ਯੋਜਨਾਵਾਂ ਹਨ ਅਤੇ ਇਕ ਪੇਸ਼ੇਵਰ ਇਕਾਈ ਦੇ ਨਿਰਮਾਣ ਲਈ ਮੈਂ ਪੁਲੀਸ ਸੇਵਾ ਦੇ ਸਾਰੇ ਲੋਕਾਂ ਨਾਲ ਕੰਮ ਕਰਨਾ ਚਾਹੁੰਦੀ ਹਾਂ, ਜੋ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਹਿਯੋਗ ਦੇਣ|
ਬ੍ਰਿਟੇਨ ਦੀ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਨਿਯੁਕਤੀ ਦੇ ਨਾਲ ਹੀ ਸੰਸਥਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੇ ਤੌਰ ਉਤੇ ਮਾਈਕ ਕਨਿੰਘਮ ਦੀ ਨਿਯੁਕਤੀ ਪੁਲੀਸ ਨੂੰ ਪੇਸ਼ੇਵਰ ਬਣਾਉਣ ਵਿਚ ਮਦਦ ਕਰੇਗੀ| ਬ੍ਰਿਟੇਨ ਦੇ ਗ੍ਰਹਿ ਮੰਤਰੀ ਅੰਬਰ ਰੱਡ ਨੇ ਕਿਹਾ, ਮਿਲੀ ਨਾਲ ਪਿਛਲੇ 1 ਸਾਲ ਤੋਂ ਕੰਮ ਕਰਨ ਦੌਰਾਨ ਮੈਂ ਉਨ੍ਹਾਂ ਦੇ ਉਸ ਨਜ਼ਰੀਏ ਤੋਂ ਬਹੁਤ ਪ੍ਰਭਾਵਿਤ ਹੋਇਆ, ਜੋ ਉਨ੍ਹਾਂ ਨੇ ਵੱਖ-ਵੱਖ ਸਰਕਾਰੀ ਅਤੇ ਵਪਾਰ ਸੰਸਥਾਵਾਂ ਦੀ ਅਗਵਾਈ ਕਰਦੇ ਹੋਏ ਵਿਕਸਿਤ ਕੀਤਾ ਹੈ| ਲੋਕ ਸੇਵਾ ਸੁਧਾਰਾਂ ਲਈ ਕੀਤੇ ਗਏ ਕੰਮਾਂ ਲਈ ਬੈਨਰਜੀ ਨੂੰ ਮਹਾਰਾਣੀ ਐਲੀਜਾਬੇਥ ਦੂਜੀ ਵੱਲੋਂ ਸਾਲ 2002 ਵਿਚ ਸੀ.ਬੀ.ਈ ਤੋਂ ਸਨਮਾਨਿਤ ਕੀਤਾ ਗਿਆ ਸੀ|

Leave a Reply

Your email address will not be published. Required fields are marked *